ਪੰਜਾਬ ਰਾਜ ਅਨੁਸੂਚਿਤ ਜਾਤੀਆ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਸਚਖੰਡ ਡੇਰਾ ਸੰਤ ਬਾਬਾ ਮੇਲਾ ਰਾਮ ਵਿਖੇ ਹੋਏ ਨਤਮਸਤਕ
ਪਿੰਡ ਨਗਰ ਦੇ ਲੋਕਾਂ ਦੀ ਭਲਾਈ ਸਬੰਧੀ ਮੁੱਦਿਆਂ ਦਾ ਜਲਦ ਯੋਗ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ
ਗੋਪਾਲ ਗਊਧਾਮ ਦਾ ਵੀ ਕੀਤਾ ਦੌਰਾ, ਬੇਸਹਾਰਾ ਬੱਚੀਆਂ ਦੀ ਭਲਾਈ ਤੇ ਪੜ੍ਹਾਈ-ਲਿਖਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਸਲਾਹਿਆ
ਗੁਰਾਇਆ ਵਿਖੇ ਸਫਾਈ ਸੇਵਕ ਯੂਨੀਅਨ ਦੀਆਂ ਮੰਗਾਂ ਤੇ ਮੁਸ਼ਕਲਾਂ ਸੁਣੀਆਂ

ਫਿਲੌਰ /ਜਲੰਧਰ/27 ਮਈ/ ਸੁਨੀਲ ਕੁਮਾਰ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਜਸਵੀਰ ਸਿੰਘ ਗੜ੍ਹੀ ਨੇ ਅੱਜ ਆਪਣੇ ਫਿਲੌਰ ਇਲਾਕੇ ਦੇ ਦੌਰੇ ਦੌਰਾਨ ਸਚਖੰਡ ਡੇਰਾ ਸੰਤ ਬਾਬਾ ਮੇਲਾ ਰਾਮ, ਪਿੰਡ ਨਗਰ ਵਿਖੇ ਨਤਮਸਤਕ ਹੋ ਕੇ ਮੌਜੂਦਾ ਗੱਦੀ ਨਸ਼ੀਨ ਸੰਤ ਪਰਮਜੀਤ ਦਾਸ ਜੀ ਦਾ ਆਸ਼ੀਰਵਾਦ ਲਿਆ।
ਇਸ ਮੌਕੇ ਚੇਅਰਮੈਨ ਸ਼੍ਰੀ ਗੜ੍ਹੀ ਨੇ ਸੰਤਾਂ ਵੱਲੋਂ ਨਗਰ ਦੇ ਲੋਕਾਂ ਦੀ ਭਲਾਈ ਸਬੰਧੀ ਰੱਖੇ ਗਏ ਮੁੱਦਿਆਂ ਨੂੰ ਗਹੁ ਨਾਲ ਸੁਣਦਿਆਂ ਉਨ੍ਹਾਂ ਦਾ ਜਲਦ ਤੋਂ ਜਲਦ ਯੋਗ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ। ਪਿੰਡ ਦੇ ਛੱਪੜ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਫਰਵਰੀ ਮਹੀਨੇ ਇਸ ਮਸਲੇ ਦਾ ਸੂਓ ਮੋਟੋ ਲਿਆ ਸੀ ਅਤੇ ਇਸ ਸਬੰਧੀ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨਾਲ ਵੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਸਬੰਧੀ ਜਲਦ ਹੀ ਮੌਕੇ ਦਾ ਦੌਰਾ ਕੀਤਾ ਜਾਵੇਗਾ। ਸ਼੍ਰੀ ਗੜ੍ਹੀ ਨੇ ਇਹ ਵੀ ਭਰੋਸਾ ਦਿਵਾਇਆ ਕਿ ਸਰਕਾਰੀ ਕੰਨਿਆ ਹਾਈ ਸਕੂਲ, ਨਗਰ ਦਾ ਨਾਮ ਸ਼੍ਰੀਮਾਨ 108 ਸੰਤ ਦਰਸ਼ਨ ਦਾਸ ਜੀ ਦੇ ਨਾਮ ’ਤੇ ਕਰਨ ਅਤੇ ਸਕੂਲ ਨੂੰ ਅਪਗ੍ਰੇਡ ਕਰਕੇ ਸੀਨੀਅਰ ਸੈਕੰਡਰੀ ਸਕੂਲ ਬਣਾਉਣ ਸਬੰਧੀ ਸਬੰਧਤ ਅਥਾਰਟੀਜ਼ ਨਾਲ ਰਾਬਤਾ ਵੀ ਕੀਤਾ ਜਾ ਰਿਹਾ ਹੈ।
ਉਨ੍ਹਾਂ ਸਚਖੰਡ ਡੇਰਾ ਸੰਤ ਬਾਬਾ ਮੇਲਾ ਰਾਮ ਵੱਲੋਂ ਸਮਾਜ ਸੇਵਾ ਖਾਸ ਕਰ ਆਮ ਲੋਕਾਂ ਦੀ ਭਲਾਈ ਅਤੇ ਵਿੱਦਿਅਕ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡੇਰੇ ਵੱਲੋਂ ਮਨੁੱਖਤਾ ਦੇ ਭਲੇ ਲਈ ਕੀਤੇ ਜਾ ਰਹੇ ਕਾਰਜ ਪ੍ਰਸ਼ੰਸਾਯੋਗ ਹਨ।
ਸ਼੍ਰੀ ਗੜ੍ਹੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਅੱਜ ਦਾ ਫਿਲੌਰ ਇਲਾਕੇ ਦਾ ਦੌਰਾ ਖੇਤਰ ਦੇ ਐਸ.ਸੀ. ਭਾਈਚਾਰੇ ਸਮੇਤ ਹਰ ਵਰਗ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਮਕਸਦ ਨਾਲ ਕੀਤਾ ਗਿਆ ਹੈ।
ਉਪਰੰਤ ਸ਼੍ਰੀ ਜਸਵੀਰ ਸਿੰਘ ਗੜ੍ਹੀ ਵੱਲੋਂ ਗੋਪਾਲ ਗਊਧਾਮ ਦਾ ਵੀ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਸ਼੍ਰੀ ਕ੍ਰਿਸ਼ਨਾ ਪਿੰਗਲਵਾੜਾ ਚੈਰੀਟੇਬਲ ਟਰੱਸਟ ਅਤੇ ਗਊਧਾਮ ਵੱਲੋਂ ਗਊ ਸੇਵਾ ਦੇ ਨਾਲ-ਨਾਲ ਬੇਸਹਾਰਾ ਬੱਚੀਆਂ ਦੀ ਭਲਾਈ ਅਤੇ ਪੜ੍ਹਾਈ-ਲਿਖਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਨੇਕ ਕਾਰਜ ਇਨ੍ਹਾਂ ਬੱਚੀਆਂ ਦਾ ਭਵਿੱਖ ਸੰਵਾਰਨ ਤੇ ਇਨ੍ਹਾਂ ਨੂੰ ਸਸ਼ਕਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਇਸ ਗੱਲ ’ਤੇ ਵੀ ਸੰਤੋਸ਼ ਜ਼ਾਹਰ ਕੀਤਾ ਕਿ ਅੱਜ ਉਨ੍ਹਾਂ ਨੂੰ ਸ਼ਹਿਰ ਵਿਖੇ ਭਗਵਾਨ ਸ਼ਿਵ ਦੀ 122 ਫੁੱਟ ਉੱਚੀ ਮੂਰਤੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਇਸ ਤੋਂ ਬਾਅਦ ਸ਼੍ਰੀ ਗੜ੍ਹੀ ਵੱਲੋਂ ਸੰਕਟਮੋਚਨ ਸ਼੍ਰੀ ਹਨੂੰਮਾਨ ਮੰਦਿਰ ਵਿਖੇ ਨਤਮਸਤਕ ਹੋ ਕੇ ਪੰਜਾਬ ਵਾਸੀਆਂ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ ਗਈ। ਇਸ ਮੌਕੇ ਸਮਾਜ ਸੇਵੀ ਅੰਮ੍ਰਿਤ ਭਾਖੜੀ ਤੇ ਹੋਰ ਵੀ ਮੌਜੂਦ ਸਨ।
ਸ਼੍ਰੀ ਗੜ੍ਹੀ ਵੱਲੋਂ ਪਿੰਡ ਸ਼੍ਰੀ ਮਾਓ ਸਾਹਿਬ ਵਿਖੇ ਵੱਡੀ ਮੀਟਿੰਗ ਕੀਤੀ ਗਈ, ਜਿਸ ਵਿੱਚ ਮਾਓ ਸਾਹਿਬ ਤੋਂ ਇਲਾਵਾ ਪਿੰਡ ਖੇਹਲਾ, ਮੀਓਵਾਲ ਅਤੇ ਪ੍ਰਤਾਪਪੁਰ ਦੇ ਵੱਡੀ ਗਿਣਤੀ ਲੋਕ ਸ਼ਾਮਲ ਹੋਏ। ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਦੀ ਸੁਣਵਾਈ ਕਰਦਿਆਂ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਇਨ੍ਹਾਂ ਨੂੰ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇਗਾ।
ਇਸ ਤੋਂ ਬਾਅਦ ਚੇਅਰਮੈਨ ਸ਼੍ਰੀ ਜਸਵੀਰ ਸਿੰਘ ਗੜ੍ਹੀ ਨੇ ਗੁਰਾਇਆ ਦੇ ਸ਼੍ਰੀ ਗੀਤਾ ਭਵਨ ਵਿਖੇ ਸ਼ਹਿਰ ਦੀ ਸਫਾਈ ਸੇਵਕ ਯੂਨੀਅਨ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੀਆਂ ਮੰਗਾਂ ਅਤੇ ਮੁੱਦਿਆਂ ਨੂੰ ਵਿਸਥਾਰ ਨਾਲ ਸੁਣਿਆ। ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀ ਸ਼ਹਿਰਾਂ ਦੀ ਸਫਾਈ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਫਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਤੇ ਮੁਸ਼ਕਲਾਂ ਦੇ ਹੱਲ ਲਈ ਗੰਭੀਰ ਹੈ। ਉਨ੍ਹਾਂ ਕਿਹਾ ਕਿ ਸਫਾਈ ਸੇਵਕ ਯੂਨੀਅਨ ਦੀਆਂ ਜਾਇਜ਼ ਮੰਗਾਂ ਮੁੱਖ ਮੰਤਰੀ ਪੰਜਾਬ ਪਾਸ ਪਹੁੰਚਾਈਆਂ ਜਾਣਗੀਆਂ ਤਾਂ ਜੋ ਉਨ੍ਹਾਂ ਦਾ ਜਲਦ ਤੋਂ ਜਲਦ ਹੱਲ ਕਰਵਾਇਆ ਜਾ ਸਕੇ।
ਉਪਰੰਤ ਸ਼੍ਰੀ ਗੜ੍ਹੀ ਨੇ ਪੰਜਾਬ ਦੇ ਪ੍ਰਸਿੱਧ ਗੀਤਕਾਰ ਅਤੇ ਲੇਖਕ ਸ਼੍ਰੀ ਚੰਨ ਗੁਰਾਇਆ ਜੀ ਦੇ ਘਰ ਪਹੁੰਚ ਕੇ ਉਨ੍ਹਾਂ ਦੇ ਅਕਾਲ ਚਲਾਣੇ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸ਼੍ਰੀ ਚੰਨ ਗੁਰਾਇਆ ਦੀਆਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਮਹਿਮਾ ਅਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਲਿਖਤਾਂ ਨੂੰ ਯਾਦ ਕਰਦਿਆਂ ਉਨ੍ਹਾਂ ਪਰਿਵਾਰ ਨਾਲ ਹਰ ਦੁੱਖ-ਸੁਖ ਵਿੱਚ ਖੜ੍ਹੇ ਹੋਣ ਦਾ ਭਰੋਸਾ ਦਿਵਾਇਆ।
