Sports:ਜਲੰਧਰ 43ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਤਹਿਤ ਪੰਜਾਬ ਨੈਸ਼ਨਲ ਬੈਂਕ ਦਿੱਲੀ ਨੇ ਆਰਮੀ ਇਲੈਵਨ ਦਿੱਲੀ ਨੂੰ 4-2 ਨਾਲ ਹਰਾਇਆ

ਜਲੰਧਰ : ਸੁਨੀਲ ਕੁਮਾਰ
43ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਤਹਿਤ ਅੱਜ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ, ਜਲੰਧਰ ਵਿਖੇ ਖੇਡੇ ਗਏ ਤਿੰਨ ਮੁਕਾਬਲਿਆਂ ਵਿੱਚ ਪੰਜਾਬ ਨੈਸ਼ਨਲ ਬੈਂਕ ਦਿੱਲੀ ਨੇ ਆਰਮੀ ਇਲੈਵਨ ਦਿੱਲੀ ਨੂੰ 4-2 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ, ਜਦਕਿ ਕੈਗ ਦਿੱਲੀ ਨੇ ਇੰਡੀਅਨ ਨੇਵੀ ਮੁੰਬਈ ਨੂੰ 2-1 ਨਾਲ ਹਰਾਇਆ। ਇੱਕ ਹੋਰ ਮੁਕਾਬਲਾ ਇੰਡੀਅਨ ਏਅਰ ਫੋਰਸ ਅਤੇ ਸੀਆਰਪੀਐੱਫ ਦਿੱਲੀ ਵਿਚਕਾਰ 2-2 ਗੋਲਾਂ ਦੀ ਬਰਾਬਰੀ ‘ਤੇ ਸਮਾਪਤ ਹੋਇਆ।
ਪੂਲ-ਬੀ ਦੇ ਮੁਕਾਬਲੇ ਵਿੱਚ ਪੰਜਾਬ ਨੈਸ਼ਨਲ ਬੈਂਕ ਦਿੱਲੀ ਨੇ ਆਰਮੀ ਇਲੈਵਨ ਦਿੱਲੀ ਨੂੰ 4-2 ਨਾਲ ਮਾਤ ਦਿੱਤੀ। ਮੈਚ ਦੇ ਚੌਥੇ ਮਿੰਟ ਵਿੱਚ ਆਰਮੀ ਵੱਲੋਂ ਨੰਬਰ 10 ਖਿਡਾਰੀ ਆਗਿਆਪਾਲ ਸਿੰਘ ਨੇ ਫੀਲਡ ਗੋਲ ਕਰਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਨੇ ਸ਼ਾਨਦਾਰ ਵਾਪਸੀ ਕਰਦਿਆਂ ਛੇਵੇਂ ਮਿੰਟ ਵਿੱਚ ਨੰਬਰ 14 ਖਿਡਾਰੀ ਗੁਰਸਿਮਰਨ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-1 ਕਰ ਦਿੱਤਾ। ਦਸਵੇਂ ਮਿੰਟ ਵਿੱਚ ਨੰਬਰ 20 ਖਿਡਾਰੀ ਸਮਿਤ ਟੋਪੋ ਨੇ ਫੀਲਡ ਗੋਲ ਕਰਕੇ ਪੀਐੱਨਬੀ ਨੂੰ 2-1 ਨਾਲ ਅੱਗੇ ਕਰ ਦਿੱਤਾ। 27ਵੇਂ ਮਿੰਟ ਵਿੱਚ ਨੰਬਰ 14 ਖਿਡਾਰੀ ਗੁਰਸਿਮਰਨ ਸਿੰਘ ਨੇ ਇੱਕ ਹੋਰ ਗੋਲ ਕਰਕੇ ਸਕੋਰ 3-1 ਕਰ ਦਿੱਤਾ। 30ਵੇਂ ਮਿੰਟ ਵਿੱਚ ਆਰਮੀ ਦੇ ਨੰਬਰ 6 ਖਿਡਾਰੀ ਨਿਰਾਜ ਵੈਰੀਬਮ ਨੇ ਗੋਲ ਕਰਕੇ ਅੰਤਰ 3-2 ਕੀਤਾ, ਪਰ 49ਵੇਂ ਮਿੰਟ ਵਿੱਚ ਪੀਐੱਨਬੀ ਦੇ ਨੰਬਰ 14 ਖਿਡਾਰੀ ਗੁਰਸਿਮਰਨ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਟੀਮ ਦੀ ਜਿੱਤ 4-2 ਨਾਲ ਪੱਕੀ ਕਰ ਦਿੱਤੀ।
ਪੂਲ-ਸੀ ਦੇ ਮੁਕਾਬਲੇ ਵਿੱਚ ਕੈਗ ਦਿੱਲੀ ਨੇ ਇੰਡੀਅਨ ਨੇਵੀ ਮੁੰਬਈ ਨੂੰ 2-1 ਨਾਲ ਹਰਾਇਆ। ਮੈਚ ਦੇ 17ਵੇਂ ਮਿੰਟ ਵਿੱਚ ਇੰਡੀਅਨ ਨੇਵੀ ਦੇ ਨੰਬਰ 31 ਖਿਡਾਰੀ ਜੁਗਰਾਜ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਤੋਂ ਬਾਅਦ ਕੈਗ ਦਿੱਲੀ ਦੇ ਨੰਬਰ 3 ਖਿਡਾਰੀ ਸੁਰਿਆ ਐਨ ਐਮ ਨੇ 26ਵੇਂ ਅਤੇ 33ਵੇਂ ਮਿੰਟ ਵਿੱਚ ਲਗਾਤਾਰ ਦੋ ਫੀਲਡ ਗੋਲ ਕਰਕੇ ਆਪਣੀ ਟੀਮ ਨੂੰ 2-1 ਨਾਲ ਜਿੱਤ ਦਿਵਾਈ।
ਪੂਲ-ਡੀ ਦੇ ਮੁਕਾਬਲੇ ਵਿੱਚ ਇੰਡੀਅਨ ਏਅਰ ਫੋਰਸ ਅਤੇ ਸੀਆਰਪੀਐੱਫ ਦਿੱਲੀ ਵਿਚਕਾਰ ਬੇਹੱਦ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ, ਜੋ 2-2 ਗੋਲਾਂ ਦੀ ਬਰਾਬਰੀ ‘ਤੇ ਸਮਾਪਤ ਹੋਇਆ। ਸੀਆਰਪੀਐੱਫ ਵੱਲੋਂ 14ਵੇਂ ਮਿੰਟ ਵਿੱਚ ਨੰਬਰ 10 ਖਿਡਾਰੀ ਮੁਹੰਮਦ ਖਾਨ ਨੇ ਫੀਲਡ ਗੋਲ ਅਤੇ 26ਵੇਂ ਮਿੰਟ ਵਿੱਚ ਨੰਬਰ 12 ਖਿਡਾਰੀ ਸ਼ਮਸ਼ੇਰ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕੀਤਾ। ਇਸ ਤਰ੍ਹਾਂ ਸੀਆਰਪੀਐੱਫ ਨੇ 2-0 ਦੀ ਬੜ੍ਹਤ ਬਣਾ ਲਈ। ਇੰਡੀਅਨ ਏਅਰ ਫੋਰਸ ਨੇ ਜ਼ੋਰਦਾਰ ਵਾਪਸੀ ਕਰਦਿਆਂ 30ਵੇਂ ਮਿੰਟ ਵਿੱਚ ਨੰਬਰ 88 ਖਿਡਾਰੀ ਜਗਤ ਨਚੱਪਾ ਨੇ ਫੀਲਡ ਗੋਲ ਕਰਕੇ ਸਕੋਰ 2-1 ਕੀਤਾ ਅਤੇ 49ਵੇਂ ਮਿੰਟ ਵਿੱਚ ਨੰਬਰ 7 ਖਿਡਾਰੀ ਅਜੀਤ ਪੰਡਿਤ ਨੇ ਇੱਕ ਹੋਰ ਫੀਲਡ ਗੋਲ ਕਰਕੇ ਮੁਕਾਬਲਾ 2-2 ਨਾਲ ਬਰਾਬਰ ਕਰ ਦਿੱਤਾ।
