ਸੁਲਤਾਨਪੁਰ ਲੋਧੀ ਵਿਖੇ 3.67 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ‘ਸ੍ਰੀ ਗੁਰੂ ਨਾਨਕ ਦੇਵ ਜੀ ਗਿਆਨ ਸਰੋਵਰ ਲਾਇਬ੍ਰੇਰੀ’

ਸੁਲਤਾਨਪੁਰ ਲੋਧੀ ਵਿਖੇ 3.67 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ‘ਸ੍ਰੀ ਗੁਰੂ ਨਾਨਕ ਦੇਵ ਜੀ ਗਿਆਨ ਸਰੋਵਰ ਲਾਇਬ੍ਰੇਰੀ’

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਤਿਆਰ ਹੋਣ ਵਾਲੇ ਇਸ ਪ੍ਰੋਜੈਕਟ ਦਾ ਉਦੇਸ਼ ਪੜ੍ਹਨ ਦੀ ਰੁਚੀ ਨੂੰ ਉਤਸ਼ਾਹਿਤ ਕਰਨਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਸਾਰ ਕਰਨਾ ਹੈ

23 ਨਵੰਬਰ ਨੂੰ ਟੈਂਡਰ ਜਾਰੀ ਕੀਤੇ ਗਏ; ਅੱਠ ਮਹੀਨਿਆਂ ਵਿੱਚ ਪ੍ਰੋਜੈਕਟ ਮੁਕੰਮਲ ਕਰਨ ਦਾ ਟੀਚਾ

 

 

 

ਸੁਲਤਾਨਪੁਰ ਲੋਧੀ, 24 ਨਵੰਬਰ: ਸੁਨੀਲ ਕੁਮਾਰ

ਵਿਦਿਆਰਥੀਆਂ ਅਤੇ ਨੌਜਵਾਨਾਂ ਵਿੱਚ ਕਿਤਾਬਾਂ ਪੜ੍ਹਨ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਅਹਿਮ ਕਦਮ ਚੁੱਕਦਿਆਂ, ਸੁਲਤਾਨਪੁਰ ਲੋਧੀ ਸਮਾਰਟ ਸਿਟੀ ਦੀ ਕਾਰਜਕਾਰੀ ਕਮੇਟੀ ਨੇ ਪਵਿੱਤਰ ਨਗਰੀ ਵਿਖੇ ਲਗਭਗ 3.67 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਅਤਿ-ਆਧੁਨਿਕ ਸ੍ਰੀ ਗੁਰੂ ਨਾਨਕ ਦੇਵ ਜੀ ਗਿਆਨ ਸਰੋਵਰ ਲਾਇਬ੍ਰੇਰੀ ਦੀ ਉਸਾਰੀ ਲਈ ਪ੍ਰਸ਼ਾਸਕੀ ਪ੍ਰਵਾਨਗੀ ਦੇ ਦਿੱਤੀ ਹੈ।

ਸੁਲਤਾਨਪੁਰ ਲੋਧੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਸਿੱਖਣ, ਗਿਆਨ ਅਤੇ ਬੌਧਿਕ ਵਿਕਾਸ ਦੇ ਇੱਕ ਸਮਰਪਿਤ ਕੇਂਦਰ ਵਜੋਂ ਉਲੀਕੀ ਗਈ ਇਸ ਲਾਇਬ੍ਰੇਰੀ ਦਾ ਉਦੇਸ਼ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਫਲਸਫੇ ਦਾ ਪ੍ਰਸਾਰ ਕਰਨਾ ਵੀ ਹੈ।

ਪ੍ਰੋਜੈਕਟ ਦੇ ਵੇਰਵੇ ਸਾਂਝੇ ਕਰਦਿਆਂ ਡਿਪਟੀ ਕਮਿਸ਼ਨਰ-ਕਮ-ਸੀ.ਈ.ਓ. ਸੁਲਤਾਨਪੁਰ ਲੋਧੀ ਸਮਾਰਟ ਸਿਟੀ ਆਕਾਸ਼ ਬਾਂਸਲ ਨੇ ਦੱਸਿਆ ਕਿ ਇਹ ਦੋ-ਮੰਜ਼ਿਲਾ ਲਾਇਬ੍ਰੇਰੀ ਇਮਾਰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਸੁਲਤਾਨਪੁਰ ਲੋਧੀ ਵਿਖੇ ਉਸਾਰੀ ਜਾਵੇਗੀ। ਇਹ ਵਿਦਿਆਰਥੀਆਂ ਨੂੰ ਪੜ੍ਹਾਈ, ਖੋਜ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਪੂਰੀ ਤਰ੍ਹਾਂ ਤਕਨੀਕੀ ਲੈਸ ,ਇੱਕ ਅਨੁਕੂਲ ਮਾਹੌਲ ਪ੍ਰਦਾਨ ਕਰਨ ਵਾਲੀ ਅਤੇ ਸਮਰਪਿਤ ਅਕਾਦਮਿਕ ਸਹੂਲਤ ਵਜੋਂ ਕੰਮ ਕਰੇਗੀ।ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਇਮਾਰਤ ਨੂੰ ਆਧੁਨਿਕ, ਕਾਰਜਸ਼ੀਲ ਅਤੇ ਆਕਰਸ਼ਕ ਦਿੱਖ ਦੇਣ ਲਈ ਇਸ ਦੇ ਆਰਕੀਟੈਕਚਰਲ ਨਕਸ਼ੇ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ. (ਬੀ ਐਂਡ ਆਰ)) ਦੇ ਸਲਾਹ-ਮਸ਼ਵਰੇ ਨਾਲ ਸੀਨੀਅਰ ਆਰਕੀਟੈਕਟ, ਆਰਕੀਟੈਕਚਰ ਵਿਭਾਗ, ਪੰਜਾਬ ਵੱਲੋਂ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਗਏ ਹਨ।ਇਸ ਪਹਿਲਕਦਮੀ ਦੇ ਵਿਆਪਕ ਪ੍ਰਭਾਵ ਤੇ ਚਾਨਣਾ ਪਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਨੌਜਵਾਨਾਂ ਲਈ ਮਿਆਰੀ ਸਿੱਖਿਆ ਸਹੂਲਤਾਂ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਸਰੋਤਾਂ ਤੱਕ ਪਹੁੰਚ ਬੇਹੱਦ ਜ਼ਰੂਰੀ ਹੈ। ਵਿਦਿਅਕ ਟੀਚਿਆਂ ਵਿੱਚ ਸਹਿਯੋਗ ਦੇਣ ਦੇ ਨਾਲ-ਨਾਲ, ਇਹ ਲਾਇਬ੍ਰੇਰੀ ਬੌਧਿਕ ਵਿਕਾਸ ਅਤੇ ਸੁਲਤਾਨਪੁਰ ਲੋਧੀ ਨਾਲ ਜੁੜੀ ਅਮੀਰ ਅਧਿਆਤਮਿਕ ਤੇ ਸੱਭਿਆਚਾਰਕ ਵਿਰਾਸਤ ਨੂੰ ਪ੍ਰਫੁੱਲਤ ਕਰਨ ਲਈ ਇੱਕ ਮੰਚ ਵੀ ਪ੍ਰਦਾਨ ਕਰੇਗੀ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ. ਬੀ ਐਂਡ ਆਰ) ਇਸ ਪ੍ਰੋਜੈਕਟ ਦੀ ਕਾਰਜਕਾਰੀ ਏਜੰਸੀ ਹੋਵੇਗੀ। ਉਸਾਰੀ ਕਾਰਜਾਂ ਲਈ 23 ਨਵੰਬਰ ਨੂੰ ਟੈਂਡਰ ਜਾਰੀ ਕਰ ਦਿੱਤੇ ਗਏ ਹਨ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਪ੍ਰਵਾਨਿਤ ਡਿਜ਼ਾਈਨ, ਮਾਪਦੰਡਾਂ ਅਤੇ ਉੱਚ-ਪੱਧਰੀ ਉਸਾਰੀ ਗੁਣਵੱਤਾ ਨੂੰ ਯਕੀਨੀ ਬਣਾਉਂਦੇ ਹੋਏ ਇਸ ਪ੍ਰੋਜੈਕਟ ਨੂੰ ਅੱਠ ਮਹੀਨਿਆਂ ਦੇ ਅੰਦਰ ਸਮੇਂ ਸਿਰ ਮੁਕੰਮਲ ਕਰਨ।

Leave a Reply

Your email address will not be published. Required fields are marked *