ਪ੍ਰਧਾਨ ਮੰਤਰੀ ਮੋਦੀ ਦੀਆਂ ਯੋਜਨਾਵਾਂ ਨਾਲ ਪੰਜਾਬ ਬਣੇਗਾ ਦੇਸ਼ ਦਾ ਪ੍ਰਗਤੀਸ਼ੀਲ ਸੂਬਾ : ਡਾ. ਰਮਨ ਘਈ
ਕਿਹਾ, ਕੇਂਦਰ ਦੀ ਭਾਜਪਾ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ ਪਾਰਟੀ ਵਰਕਰ

ਹੁਸ਼ਿਆਰਪੁਰ, 24 ਨਵੰਬਰ (ਤਰਸੇਮ ਦੀਵਾਨਾ) –
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਵਿੱਚ ਚੱਲ ਰਹੀ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਅਤੇ ਯੋਜਨਾਵਾਂ ਨੂੰ ਭਾਜਪਾ ਦਾ ਹਰ ਵਰਕਰ ਘਰ-ਘਰ ਤੱਕ ਪਹੁੰਚਾਏ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਸਪੋਰਟਸ ਸੈੱਲ ਪੰਜਾਬ ਦੇ ਸਾਬਕਾ ਪ੍ਰਧਾਨ ਡਾ. ਰਮਨ ਘਈ ਨੇ ਅੱਜ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਡਾ. ਘਈ ਨੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗਠਜੋੜ ਦਾ ਸਵਾਗਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ-ਹਿਤੈਸ਼ੀ ਨੀਤੀਆਂ ਸਦਕਾ ਪੰਜਾਬ ਮੁੜ ਦੇਸ਼ ਦਾ ਸਭ ਤੋਂ ਪ੍ਰਗਤੀਸ਼ੀਲ ਸੂਬਾ ਬਣੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਉਦਯੋਗਪਤੀਆਂ, ਕਿਸਾਨਾਂ, ਔਰਤਾਂ, ਨੌਜਵਾਨਾਂ, ਵਪਾਰੀਆਂ ਸਮੇਤ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕਈ ਲਾਭਕਾਰੀ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਨ੍ਹਾਂ ਯੋਜਨਾਵਾਂ ਦਾ ਲਾਭ ਉਠਾ ਕੇ ਦੇਸ਼ ਦੀ ਵੱਡੀ ਆਬਾਦੀ ਗਰੀਬੀ ਰੇਖਾ ਤੋਂ ਬਾਹਰ ਆਉਣ ਵਿੱਚ ਸਫਲ ਹੋਈ ਹੈ ਅਤੇ ਲੋਕ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।
ਉਨ੍ਹਾਂ ਪਾਰਟੀ ਵਰਕਰਾਂ ਨੂੰ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕੇਂਦਰ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਦੇਸ਼ ਦੇ ਹਰ ਯੋਗ ਨਾਗਰਿਕ ਤੱਕ ਪਹੁੰਚੇ। ਇਸ ਲਈ ਭਾਜਪਾ ਦੇ ਹਰੇਕ ਵਰਕਰ ਨੂੰ ਆਪਣੇ-ਆਪਣੇ ਇਲਾਕੇ ਵਿੱਚ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਡਾ. ਘਈ ਨੇ ਕਿਹਾ ਕਿ ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਬਣਾ ਕੇ ਪੰਜਾਬ ਦੇ ਵਿਕਾਸ ਲਈ ਨਵੇਂ ਰਾਹ ਖੋਲ੍ਹਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਪਾਰਟੀ ਨੂੰ ਭਾਰੀ ਬਹੁਮਤ ਦਿਵਾਉਣ ਲਈ ਸਾਰੇ ਵਰਕਰਾਂ ਨੂੰ ਇਕਜੁੱਟ ਹੋ ਕੇ ਬੂਥ ਪੱਧਰ ‘ਤੇ ਕੰਮ ਕਰਨਾ ਹੋਵੇਗਾ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀਆਂ ਸਰਗਰਮੀਆਂ ਤੇਜ਼ ਕਰਨੀਆਂ ਹੋਣਗੀਆਂ।
ਇਸ ਮੌਕੇ ਭਾਜਪਾ ਆਗੂ ਡਾ. ਪੰਕਜ ਸ਼ਰਮਾ, ਕੁਲਭੂਸ਼ਣ ਸੇਠੀ, ਡਾ. ਰਾਜ ਕੁਮਾਰ ਸੈਣੀ, ਮਨੋਜ ਸ਼ਰਮਾ, ਡਾ. ਵਸ਼ਿਸ਼ਟ ਕੁਮਾਰ, ਅਸ਼ੋਕ ਕੁਮਾਰ ਗੋਲਡੀ, ਰਾਜ ਕੁਮਾਰ ਸ਼ਰਮਾ, ਮੋਹਿਤ ਸੰਧੂ, ਵਿਜੇ ਕੁਮਾਰ, ਮਨਜਿੰਦਰ ਅਟਵਾਲ, ਗੌਰਵ ਵਾਲੀਆ, ਵਰੁਣ ਕਤਿਆਲ, ਗੌਰਵ ਸ਼ਰਮਾ, ਜਸਵੀਰ ਸਿੰਘ, ਗਗਨਦੀਪ ਸਿੰਘ, ਮਯੰਕ ਸ਼ਰਮਾ, ਗੁਰਦੀਪ ਸਿੰਘ, ਰਾਜੀਵ ਕੁਮਾਰ ਸਮੇਤ ਹੋਰ ਵਰਕਰਾਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੀਆਂ ਯੋਜਨਾਵਾਂ ਬਾਰੇ ਜਾਗਰੂਕ ਕਰਨ ਦਾ ਪ੍ਰਣ ਲਿਆ।
