ਮੋਗਾ ਦੀ ਸਿਆਸੀ ਰੈਲੀ ਲਈ ਪੀਆਰਟੀਸੀ ਦੀਆਂ 2,960 ਬੱਸਾਂ ਭੇਜਣ ‘ਤੇ ਅਮਨ ਅਰੋੜਾ ਦੀ ਹੰਕਾਰੀ ਟਿੱਪਣੀ ‘ਤਾਂ ਕੀ ਹੋਇਆ?’ ਆਮ ਲੋਕਾਂ ਪ੍ਰਤੀ ‘ਆਪ’ ਦੀ ਅਸੰਵੇਦਨਸ਼ੀਲਤਾ ਨੂੰ ਦਰਸਾਉਂਦੀ ਹੈ: ਵਿਜੇ ਸਾਂਪਲਾ*

*ਮੋਗਾ ਦੀ ਸਿਆਸੀ ਰੈਲੀ ਲਈ ਪੀਆਰਟੀਸੀ ਦੀਆਂ 2,960 ਬੱਸਾਂ ਭੇਜਣ ‘ਤੇ ਅਮਨ ਅਰੋੜਾ ਦੀ ਹੰਕਾਰੀ ਟਿੱਪਣੀ ‘ਤਾਂ ਕੀ ਹੋਇਆ?’ ਆਮ ਲੋਕਾਂ ਪ੍ਰਤੀ ‘ਆਪ’ ਦੀ ਅਸੰਵੇਦਨਸ਼ੀਲਤਾ ਨੂੰ ਦਰਸਾਉਂਦੀ ਹੈ: ਵਿਜੇ ਸਾਂਪਲਾ*

*ਲਗਭਗ 3,000 ਸਰਕਾਰੀ ਬੱਸਾਂ ਨੂੰ ਪਾਰਟੀ ਦੇ ਸਮਾਗਮ ਲਈ ਨਿਯਮਤ ਰੂਟਾਂ ਤੋਂ ਹਟਾਉਣ ਨਾਲ ਪੂਰੇ ਪੰਜਾਬ ਵਿੱਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ, ਵਿਦਿਆਰਥੀਆਂ ਅਤੇ ਮਰੀਜ਼ਾਂ ਨੁੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ*

*ਸਕੂਲਾਂ, ਹਸਪਤਾਲਾਂ ਅਤੇ ਮੁਲਾਜ਼ਮਾਂ ਦੇ ਬਕਾਇਆ ਭੁਗਤਾਨਾਂ ਦੀ ਅਣਦੇਖੀ ਕਰਦਿਆਂ ਕੇਜਰੀਵਾਲ-ਮਾਨ ਦੀ ਰੈਲੀ ਵਿੱਚ ਭੀੜ ਇਕੱਠੀ ਕਰਨ ਲਈ ਸੂਬਾ ਸਰਕਾਰ ਟੈਕਸਦਾਤਾਵਾਂ ਦੇ ਪੈਸੇ ਨੂੰ ਪਾਣੀ ਵਾਂਗ ਵਹਾ ਰਹੀ ਹੈ: ਸਾਬਕਾ ਕੇਂਦਰੀ ਮੰਤਰੀ*

ਜਲੰਧਰ, 23 ਨਵੰਬਰ ( ਸੁਨੀਲ ਕੁਮਾਰ)

ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਅੱਜ ਪੰਜਾਬ ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਅਮਨ ਅਰੋੜਾ ‘ਤੇ ਤਿੱਖਾ ਹਮਲਾ ਬੋਲਦਿਆਂ ਉਨ੍ਹਾਂ ਦੀ ‘ਤਾਂ ਕੀ ਹੋਇਆ?’ ਵਾਲੀ ਟਿੱਪਣੀ ਦੀ ਸਖ਼ਤ ਨਿੰਦਾ ਕੀਤੀ ਜਿਸ ਵਿੱਚ ਅਰੋੜਾ ਨੇ 26 ਨਵੰਬਰ ਨੂੰ ਮੋਗਾ ਵਿਖੇ ਆਮ ਆਦਮੀ ਪਾਰਟੀ ਦੀ ਹੋਣ ਵਾਲੀ ਸਿਆਸੀ ਰੈਲੀ ਲਈ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ 2,960 ਬੱਸਾਂ ਲਗਾਉਣ ਦੇ ਫ਼ੈਸਲੇ ਦਾ ਬਚਾਅ ਕੀਤਾ ਸੀ। ਸਾਂਪਲਾ ਨੇ ਕਿਹਾ ਕਿ ਅਰੋੜਾ ਦੀ ਇਹ ਟਿੱਪਣੀ ਸੱਤਾਧਾਰੀ ਪਾਰਟੀ ਦੇ ਹੰਕਾਰ ਅਤੇ ਆਮ ਨਾਗਰਿਕਾਂ ਪ੍ਰਤੀ ਉਸ ਦੀ ਪੂਰੀ ਤਰ੍ਹਾਂ ਅਸੰਵੇਦਨਸ਼ੀਲਤਾ ਨੂੰ ਉਜਾਗਰ ਕਰਦੀ ਹੈ।

 

ਪੰਜਾਬ ਸਰਕਾਰ ਦੇ ਪੰਜ ਸਾਲਾਂ ਦੇ ਰਿਪੋਰਟ ਕਾਰਡ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਦੇ ਨਾਂ ‘ਤੇ ਜਨਤਕ ਆਵਾਜਾਈ ਦੀਆਂ ਇੰਨੀ ਵੱਡੀ ਗਿਣਤੀ ਵਿੱਚ ਬੱਸਾਂ ਨੂੰ ਰੈਲੀ ਲਈ ਵਰਤਣ ਦੇ ਅਰੋੜਾ ਦੇ ਤਰਕ ‘ਤੇ ਪ੍ਰਤੀਕਿਰਿਆ ਦਿੰਦਿਆਂ ਸਾਂਪਲਾ ਨੇ ਕਿਹਾ ਕਿ ਲਗਭਗ 3,000 ਸਰਕਾਰੀ ਬੱਸਾਂ ਨੂੰ ਸਿਆਸੀ ਸਮਾਗਮ ਲਈ ਉਨ੍ਹਾਂ ਦੇ ਨਿਰਧਾਰਤ ਰੂਟਾਂ ਤੋਂ ਹਟਾਉਣ ਨਾਲ ਪੂਰੇ ਪੰਜਾਬ ਦੀ ਜਨਤਕ ਆਵਾਜਾਈ ਪ੍ਰਣਾਲੀ ਠੱਪ ਹੋ ਜਾਵੇਗੀ। ਇਸ ਕਾਰਨ ਰੋਜ਼ਾਨਾ ਸਫ਼ਰ ਕਰਨ ਵਾਲੇ ਲੱਖਾਂ ਯਾਤਰੀਆਂ, ਕਾਲਜ ਵਿਦਿਆਰਥੀਆਂ, ਦਫ਼ਤਰ ਜਾਣ ਵਾਲੇ ਮੁਲਾਜ਼ਮਾਂ ਅਤੇ ਬਜ਼ੁਰਗ ਨਾਗਰਿਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ, ਜੋ ਆਪਣੀਆਂ ਜ਼ਰੂਰੀ ਯਾਤਰਾਵਾਂ ਲਈ ਸਰਕਾਰੀ ਬੱਸਾਂ ‘ਤੇ ਨਿਰਭਰ ਹਨ।

 

ਸਾਂਪਲਾ ਨੇ ਕਿਹਾ, “ਜਿਹੜੀ ਪਾਰਟੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੀਆਈਪੀ ਕਲਚਰ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਖ਼ਤਮ ਕਰਨ ਦੇ ਦਾਅਵੇ ਕਰਦੀ ਸੀ, ਉਸ ਦੇ ਆਗੂ ਜਦੋਂ 2,960 ਸਰਕਾਰੀ ਬੱਸਾਂ ਨੂੰ ਨਿਰਧਾਰਤ ਰੂਟਾਂ ਤੋਂ ਹਟਾ ਕੇ ਪਾਰਟੀ ਦੀ ਰੈਲੀ ਲਈ ਲਗਾਉਣ ਬਾਰੇ ਸਵਾਲ ਪੁੱਛੇ ਜਾਣ ‘ਤੇ ‘ਤਾਂ ਕੀ ਹੋਇਆ?’ ਕਹਿੰਦੇ ਹਨ, ਤਾਂ ਇਹ ਸਿਆਸੀ ਬੇਸ਼ਰਮੀ ਦੀ ਹੱਦ ਹੈ।”

ਉਨ੍ਹਾਂ ਸਵਾਲ ਉਠਾਇਆ ਕਿ ਇੰਨੇ ਵੱਡੇ ਪੱਧਰ ‘ਤੇ ਲੋਕਾਂ ਨੂੰ ਰੈਲੀ ਵਿੱਚ ਲਿਆਉਣ ਦੇ ਖ਼ਰਚੇ ਦੀ ਅਦਾਇਗੀ ਕੌਣ ਕਰ ਰਿਹਾ ਹੈ? ਉਨ੍ਹਾਂ ਕਿਹਾ ਕਿ ਪੀਆਰਟੀਸੀ ਅਤੇ ਪਨਬੱਸ ਪਹਿਲਾਂ ਹੀ ਗੰਭੀਰ ਵਿੱਤੀ ਸੰਕਟ ਨਾਲ ਜੂਝ ਰਹੀਆਂ ਹਨ। ਇਸ ਦੇ ਨਾਲ ਹੀ ਠੇਕਾ ਆਧਾਰਿਤ ਟਰਾਂਸਪੋਰਟ ਮੁਲਾਜ਼ਮਾਂ ਨੂੰ ਬਕਾਇਆ ਰਕਮਾਂ ਅਤੇ ਲੰਬਿਤ ਮੰਗਾਂ ਨੂੰ ਲੈ ਕੇ ਵਾਰ-ਵਾਰ ਸੜਕਾਂ ‘ਤੇ ਉਤਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।

 

ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦਿਆਂ ਸਾਂਪਲਾ ਨੇ ਕਿਹਾ ਕਿ ਜਿਹੜੀ ਸਰਕਾਰ ਮੁਲਾਜ਼ਮਾਂ ਵੱਲੋਂ ਮਹਿੰਗਾਈ ਭੱਤੇ (ਡੀਏ) ਦੀ ਮੰਗ ਕੀਤੇ ਜਾਣ, ਮਹਿਲਾਵਾਂ ਵੱਲੋਂ ਵਾਅਦੇ ਮੁਤਾਬਕ ਵਿੱਤੀ ਸਹਾਇਤਾ ਦੀ ਉਡੀਕ ਕਰਨ ਜਾਂ ਸਕੂਲਾਂ ਅਤੇ ਹਸਪਤਾਲਾਂ ਵਿੱਚ ਬੁਨਿਆਦੀ ਸਹੂਲਤਾਂ ਦੇ ਸੁਧਾਰ ਦੀ ਮੰਗ ਕੀਤੇ ਜਾਣ ‘ਤੇ ਹਰ ਵਾਰ ਖ਼ਜ਼ਾਨਾ ਖਾਲੀ ਹੋਣ ਦਾ ਦਾਅਵਾ ਕਰਦੀ ਹੈ, ਉਸ ਨੂੰ ਸਿਆਸੀ ਰੈਲੀਆਂ ਵਿੱਚ ਭੀੜ ਇਕੱਠੀ ਕਰਨ ਲਈ ਜਨਤਾ ਦੇ ਪੈਸੇ ਅਤੇ ਸਰਕਾਰੀ ਸਾਧਨਾਂ ਦੀ ਬਰਬਾਦੀ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।

ਸਾਂਪਲਾ ਨੇ ਅੱਗੇ ਕਿਹਾ, “ਜੇਕਰ ਮਾਨ ਸਰਕਾਰ ਨੇ ਪਿਛਲੇ ਪੰਜ ਸਾਲਾਂ ਦੌਰਾਨ ਸੱਚਮੁੱਚ ਕੋਈ ਪ੍ਰਾਪਤੀ ਕੀਤੀ ਹੁੰਦੀ, ਤਾਂ ਉਸ ਨੂੰ ਮੋਗਾ ਵਿੱਚ ਭੀੜ ਇਕੱਠੀ ਕਰਨ ਲਈ ਟੈਕਸਦਾਤਾਵਾਂ ਦੇ ਪੈਸੇ ਨਾਲ ਹਜ਼ਾਰਾਂ ਸਰਕਾਰੀ ਬੱਸਾਂ ਨੂੰ ਜਬਰੀ ਆਪਣੇ ਕੰਮ ਲਈ ਵਰਤਣ ਦੀ ਲੋੜ ਨਾ ਪੈਂਦੀ। ਪੰਜਾਬ ਦੇ ਲੋਕ ਸਰਕਾਰੀ ਮਸ਼ੀਨਰੀ ਦੀ ਇਸ ਸ਼ਰੇਆਮ ਦੁਰਵਰਤੋਂ ਨੂੰ ਦੇਖ ਰਹੇ ਹਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਦਾ ਢੁੱਕਵਾਂ ਜਵਾਬ ਦੇਣਗੇ।”

Leave a Reply

Your email address will not be published. Required fields are marked *