ਆਦਿ ਧਰਮ ਨੇ ਧਾਰਮਿਕ, ਸਮਾਜਿਕ ਇਨਸਾਫ਼ ਦੀ ਨੀਂਹ ਮਜਬੂਤ ਕੀਤੀ – ਸੰਤ ਸਤਵਿੰਦਰ ਹੀਰਾ

ਹੁਸ਼ਿਆਰਪੁਰ 23 ਜੁਲਾਈ (ਤਰਸੇਮ ਦੀਵਾਨਾ ) ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਨੇ ਆਪਣੀ ਵਿਦੇਸ਼ ਫੇਰੀ ਦੌਰਾਨ ਆਦਿ ਧਰਮ ਮਿਸ਼ਨ ਦੇ ਸੰਯੋਜਕਾਂ , ਪੈਰੋਕਾਰਾਂ ਤੇ ਮਿਸ਼ਨਰੀਆਂ ਨਾਲ ਵਿਸ਼ੇਸ਼ ਮੁਲਾਕਾਤਾਂ ਕੀਤੀਆਂ ਅਤੇ ਆਦਿ ਧਰਮ ਲਹਿਰ ਦੀ ਵਿਸ਼ਵਭਰ ਵਿਚ ਹੋ ਰਹੀ ਚਰਚਾ ਤੇ ਵਿਚਾਰ ਸਾਂਝੇ ਕੀਤੇ। ਉਨਾਂ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਉੱਘੇ ਪੈਰੋਕਾਰ ਅਮਰਜੀਤ ਗੁਰੂ ਦੇ ਗ੍ਰਹਿ ਲੰਡਨ ਵਿਖੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਜਿਥੇ ਉਨਾਂ ਨੂੰ ਆਦਿ ਧਰਮ ਸੰਬੰਧੀ ਕਿਤਾਬਾਂ ਵੀ ਭੇਟ ਕੀਤੀਆਂ।
“ਮਨ ਚੰਗਾ ਤਾਂ ਕਠੌਤੀ ਵਿਚ ਗੰਗਾ” ਸੰਤ ਸਤਵਿੰਦਰ ਹੀਰਾ ਨੇ ਇਥੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ
ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ ਇਹ ਅੰਮ੍ਰਿਤ ਬਚਨ ਸਦੀਆਂ ਤੋਂ ਭਾਰਤੀ ਸਮਾਜ ਨੂੰ ਰੋਸ਼ਨ ਕਰ ਰਿਹਾ ਹੈ, ਪਰ ਇਹ ਰੋਸ਼ਨੀ ਉਨ੍ਹਾਂ ਨੂੰ ਹੀ ਮਿਲਦੀ ਹੈ ਜਿਨ੍ਹਾਂ ਦੀਆਂ ਅੱਖਾਂ ਖੁੱਲ੍ਹੀਆਂ ਹੋਣ, ਜਿਨ੍ਹਾਂ ਨੂੰ ਸਮਾਜਿਕ ਸਰੋਕਾਰਾਂ ਦੀ ਸਮਝ ਹੋਵੇ।ਸਤਿਗੁਰੂ ਰਵਿਦਾਸ ਜੀ ਦੇ ਬੇਗਮਪੁਰਾ ਸ਼ਹਿਰ (ਭੇਦਭਾਵ ਰਹਿਤ ਨਗਰ) ਦੇ ਸੁਪਨੇ ਨੂੰ ਸਾਕਾਰ ਕਰਨ ਦੀ ਇੱਕ ਪਵਿੱਤਰ ਕੋਸ਼ਿਸ਼ ਹੈ, ਸਦੀਆਂ ਦੇ ਹਨ੍ਹੇਰੇ ਨੂੰ ਮਿਟਾਉਣ ਵਾਲਾ ਸੰਵਿਧਾਨਕ ਦੀਵਾ ਹੈ।
ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਜੀ ਨੇ ਉੱਚ-ਨੀਵ, ਜਾਤ-ਪਾਤ ਦੇ ਬੰਧਨਾਂ ਨੂੰ ਤੋੜਕੇ ਇਨਸਾਨੀਅਤ ਦਾ ਮੰਤਰ ਦਿੱਤਾ ਜਿਸ ਰਾਹੀਂ ਉਨਾਂ
“ਐਸਾ ਚਾਹੂੰ ਰਾਜ ਮੈ, ਜਹਾਂ ਮਿਲੈ ਸਭਨ ਕੋ ਅੰਨ।
ਛੋਟ ਬੜੋ ਸਭ ਸਮ ਬਸੈ, ਰਵਿਦਾਸ ਰਹੈ ਪ੍ਰਸੰਨ॥” ਐਸੇ ਰਾਜਭਾਗ ਦੀ ਕਾਮਨਾ ਕੀਤੀ ਜਿਥੇ ਹਰ ਕਿਸੇ ਨੂੰ ਖਾਣ ਲਈ ਰੋਟੀ, ਪਹਿਨਣ ਲਈ ਕੱਪੜਾ, ਰਹਿਣ ਲਈ ਘਰ ਹੋਵੇ। ਉਹਨਾਂ ਦਾ ਸੁਪਨਾ ਸੀ ਇੱਕ ਐਸਾ ਸਮਾਜ ਜਿੱਥੇ ਸਭਨੂੰ ਸਮਾਨ ਮੌਕੇ ਮਿਲਣ, ਜਿੱਥੇ ਕਿਸੇ ਨੂੰ ਹੇਠਾਂ ਧੱਕ ਕੇ ਕੋਈ ਉੱਪਰ ਨਾ ਚੜ੍ਹੇ। ਭਿੰਨ ਭੇਦ, ਜਾਤ ਪਾਤ, ਨਸਲ ਦਾ ਵਿਤਕਰਾ ਨਾ ਹੋਵੇ , ਸਭਨੂੰ ਜੀਵਨ ਬਸਰ ਕਰਨ ਦੇ ਸਮਾਨੰਤਰ , ਬਰਾਬਰ ਮੌਕੇ ਮਿਲਣ। ਸਤਿਗੁਰੂ ਰਵਿਦਾਸ ਜੀ ਦੇ ਇਸ ਮਨੁੱਖਤਾ ਦੇ ਲਈ ਚਲਾਏ ਅੰਦੋਲਨ ਨੂੰ ਆਦਿ ਧਰਮ ਦੇ ਰਹਿਬਰਾਂ ਬਾਬੂ ਮੰਗੂ ਰਾਮ ਮੁਗੋਵਾਲੀਆ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ, ਬਾਬੂ ਕਾਂਸ਼ੀ ਰਾਮ ਨੇ ਜੀਵਨ ਭਰ ਦੇ ਤਿਆਗ ਅਤੇ ਸੰਘਰਸ਼ ਰਾਹੀਂ ਅੱਗੇ ਤੋਰਿਆ। ਉਨਾਂ ਕਿਹਾ ਆਦਿ ਧਰਮ ਲਹਿਰ ਨੇ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਪਰਿਵਰਤਨ ਦੇ ਅੰਦੋਲਨ ਨੂੰ ਸਿਖਰਾਂ ਤੱਕ ਪਹੁੰਚਾਇਆ ਅਤੇ ਇੰਨਸਾਫ ਦੀ ਨੀਂਹ ਮਜਬੂਤ ਕੀਤੀ।
ਉਨਾਂ ਕਿਹਾ ਡਾ. ਅੰਬੇਡਕਰ ਜੋ ਸਤਿਗੁਰੂ ਰਵਿਦਾਸ ਜੀ ਦੇ ਸਮਤਾ,ਸਮਾਨਤਾ ਦੇ ਮਾਰਗ ਦਰਸ਼ਨ ਤੋਂ ਪ੍ਰੇਰਿਤ ਸਨ,
ਉਹਨਾਂ ਨੇ ਸੰਵਿਧਾਨ ਵਿੱਚ ਰਾਖਵੇਂ ਨੂੰ ਅਸਥਾਨ ਦਿੱਤਾ।
ਇਹ ਕੋਈ ਅਸਥਾਈ ਸੁਵਿਧਾ ਨਹੀਂ, ਸਮਾਜਿਕ ਇਨਸਾਫ਼ ਦੀ ਧੁਰੀ ਹੈ।ਸਰਕਾਰ ਵੱਲੋਂ ਜਾਰੀ ਵਿਵਰਣਿਕਾ (7ਵਾਂ ਸੰਸਕਰਨ) ਇਸੀ ਵਚਨਬੱਧਤਾ ਦਾ ਵਿਸ਼ਤ੍ਰਿਤ ਦਸਤਾਵੇਜ਼ ਹੈ ਜੋ ਭਰਤੀ, ਤਰੱਕੀ, ਸਿੱਖਿਆ ਵਿਚ ਰਾਖਵੇ ਦੇ ਪ੍ਰਾਵਧਾਨਾਂ ਅਤੇ ਦੁਰਵਰਤੋਂ ਰੋਕਣ ਦੀ ਰਣਨੀਤੀ ਦਰਸਾਉਂਦੀ ਹੈ।
ਹਰ ਆਦਿਵਾਂਸ਼ੀ, ਹਰ ਮੂਲਨਿਵਾਸੀ ਨੂੰ ਇਹ ਜਾਣਨਾ ਹੋਵੇਗਾ ਕਿ ਰਾਖਵਾਂ ਉਹਨਾਂ ਦਾ ਅਧਿਕਾਰ ਹੈ, ਭੀਖ ਨਹੀਂ।
ਉਨਾਂ ਕਿਹਾ ਸਤਿਗੁਰੂ ਰਵਿਦਾਸ ਜੀ ਦਾ ਬੇਗਮਪੁਰਾ ਦਾ ਸੁਪਨਾ ਤਦ ਹੀ ਸਾਕਾਰ ਹੋਵੇਗਾ ਜਦ ਅਸੀਂ
ਸਿੱਖਿਅਤ, ਗਿਆਨਵਾਨ ਅਤੇ ਜਾਗਰੂਕਤਾ ਹੋਵਾਂਗੇ। ਸੰਤ ਹੀਰਾ ਨੇ ਸਮੂਹ ਦੇਸ਼ ਵਿਦੇਸ਼ ਅੰਦਰ ਵਸਦੇ ਆਦਿ ਧਰਮੀਆਂ, ਬਹੁਜਨਾਂ ਨੂੰ ਅਪੀਲ ਕੀਤੀ ਕਿ ਆਓ, ਅਸੀਂ ਸਾਰੇ ਮਿਲ ਕੇ ਇਸ ਪਵਿੱਤਰ ਸਮਾਜਿਕ ਯਗ ਵਿੱਚ ਆਪਣੀ ਆਹੁਤੀ ਪਾਈਏ। ਇਹੀ ਸੱਚਾ ਸਤਿਸੰਗ ਹੈ, ਇਹੀ ਅੱਜ ਦਾ ਧਰਮ ਯੁੱਧ ਹੈ।
ਇਸ ਮੌਕੇ ਅਮਰਜੀਤ ਗੁਰੂ, ਤਰਸੇਮ ਕੌਰ ਗੁਰੂ,ਦੇਵ ਲੰਗਾਹ ,ਸੰਤ ਬੀਬੀ ਪੂਨਮ ਹੀਰਾ ਵੀ ਹਾਜਰ ਸਨ।
ਫੋਟੋ ਅਜਮੇਰ ਦੀਵਾਨਾ
