SPORTS:ਇੰਡੀਅਨ ਸੁਪਰ ਫੁੱਟਬਾਲ ਲੀਗ ਵਿੱਚ ਚੇਨਈ ਵੱਲੋਂ ਖੇਡਣ ਦਾ ਮਾਣ ਹਾਸਿਲ ਕਰ ਰਿਹਾ ਖਾਲਸਾ ਕਾਲਜ ਮਾਹਿਲਪੁਰ ਦਾ ਖਿਡਾਰੀ ਹਰਮਨਦੀਪ ਸਿੰਘ 

ਇੰਡੀਅਨ ਸੁਪਰ ਫੁੱਟਬਾਲ ਲੀਗ ਵਿੱਚ ਚੇਨਈ ਵੱਲੋਂ ਖੇਡਣ ਦਾ ਮਾਣ ਹਾਸਿਲ ਕਰ ਰਿਹਾ ਖਾਲਸਾ ਕਾਲਜ ਮਾਹਿਲਪੁਰ ਦਾ ਖਿਡਾਰੀ ਹਰਮਨਦੀਪ ਸਿੰਘ 

ਹੁਸ਼ਿਆਰਪੁਰ/ਮਾਹਿਲਪੁਰ, 25 ਨਵੰਬਰ ( ਤਰਸੇਮ ਦੀਵਾਨਾ ) –

ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿੱਚ ਹੋ ਰਹੀ ਫੁੱਟਬਾਲ ਕਲੱਬਾਂ ਦੀ ਵੱਕਾਰੀ ਲੀਗ ਇੰਡੀਅਨ ਸੁਪਰ ਫੁੱਟਬਾਲ ਲੀਗ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਵਿਦਿਆਰਥੀ ਅਤੇ ਮਾਹਿਲਪੁਰ ਇਲਾਕੇ ਦੇ ਪਿੰਡ ਮੁੱਗੋਵਾਲ ਦੇ ਵਸਨੀਕ ਹਰਮਨਦੀਪ ਸਿੰਘ ਦਾ ਚੇਨਈ ਕਲੱਬ ਵੱਲੋਂ ਖੇਡਣ ਨਾਲ ਖਾਲਸਾ ਕਾਲਜ ਮਾਹਿਲਪੁਰ ਅਤੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਕਾਲਜ ਦੇ ਪ੍ਰਿੰਸੀਪਲ ਅਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਡਾ ਪਰਵਿੰਦਰ ਸਿੰਘ, ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ ਰਾਜ ਕੁਮਾਰ, ਕੋਚ ਹਰਿੰਦਰ ਸਨੀ, ਡਾ ਜਤਿੰਦਰ ਕੁਮਾਰ , ਸੇਵਾਮੁਕਤ ਡੀਐੱਸਪੀ ਪਰਮਜੀਤ ਸਿੰਘ ਅਤੇ ਸਮੂਹ ਸਟਾਫ਼ ਵੱਲੋਂ ਕਾਲਜ ਦੇ ਖਿਡਾਰੀ ਹਰਮਨਦੀਪ ਸਿੰਘ ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ ਪਰਵਿੰਦਰ ਸਿੰਘ ਨੇ ਦੱਸਿਆ ਕਿ ਹਰਮਨਦੀਪ ਸਿੰਘ ਨੇ ਕਾਲਜ ਟੀਮ ਵੱਲੋਂ ਪਿ੍ੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਵੱਲੋਂ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਇਸ ਵੇਲੇ ਦੇਸ਼ ਦੇ ਚੋਟੀ ਦੇ ਫੁੱਟਬਾਲ ਕਲੱਬ ਵੱਲੋਂ ਉਸਦਾ ਖੇਡਣਾ ਸੰਸਥਾ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪਿੰਡ ਮੁੱਗੋਵਾਲ ਤੋਂ ਫੁੱਟਬਾਲ ਖਿਡਾਰਨ ਮਨੀਸ਼ਾ ਵੱਲੋਂ ਪਹਿਲਾਂ ਹੀ ਮਹਿਲਾ ਫੁੱਟਬਾਲਰ ਵੱਜੋਂ ਦੇਸ਼ਾਂ ਵਿਦੇਸ਼ਾਂ ਵਿੱਚ ਪਿੰਡ ਮੁੱਗੋਵਾਲ ਤੇ ਮਾਹਿਲਪੁਰ ਇਲਾਕੇ ਦਾ ਨਾਮ ਰੌਸ਼ਨ ਕੀਤਾ ਗਿਆ ਹੈ ਅਤੇ ਹੁਣ ਹਰਮਨਦੀਪ ਸਿੰਘ ਦੀ ਖੇਡ ਨੇ ਭਾਰਤ ਦੇ ਨਕਸ਼ੇ ‘ਤੇ ਮਾਹਿਲਪੁਰ ਨੂੰ ਮੁੜ ਚਮਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਪਤੀ ਦਾ ਸਿਹਰਾ ਹਰਮਨਦੀਪ ਸਿੰਘ ਦੀ ਮਿਹਨਤ ਤੇ ਉਸਦੇ ਕੋਚਾਂ ਨੂੰ ਜਾਂਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਖਾਲਸਾ ਕਾਲਜ ਮਾਹਿਲਪੁਰ ਵਿੱਚ ਕਾਲਜ ਦੀ ਪ੍ਰਬੰਧਕੀ ਕਮੇਟੀ ਵੱਲੋਂ ਅਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਵੱਲੋਂ ਉਕਤ ਖਿਡਾਰੀ ਦਾ ਪੰਜਾਬ ਪਰਤਣ ‘ਤੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਵਿਭਾਗ ਦੇ ਮੁਖੀ ਡਾ ਰਾਜ ਕੁਮਾਰ ਨੇ ਕਿਹਾ ਕਿ ਹਰਮਨਦੀਪ ਸਿੰਘ ਕਾਲਜ ਦੀ ਅਕੈਡਮੀ ਦਾ ਵੀ ਪ੍ਰਸਿੱਧ ਖਿਡਾਰੀ ਰਿਹਾ ਹੈ ਜਿਹੜਾ ਮਿੱਡ ਫੀਲਡ ਖਿਡਾਰੀ ਵਜੋਂ ਆਪਣੀ ਸ਼ਾਨਦਾਰ ਖੇਡ ਨਾਲ ਤਰੱਕੀ ਕਰ ਰਿਹਾ ਹੈ। ਇਸ ਮੌਕੇ ਹਾਜ਼ਰ ਅਧਿਆਪਕਾਂ ਪ੍ਰੋ ਪ੍ਰਿਯਾ, ਪ੍ਰੋ ਅਨੂਦੀਪ, ਪ੍ਰੋ ਸਿਮਰਨਜੀਤ ਸਿੰਘ, ਪ੍ਰੋ ਰੋਹਿਤ ਪੁਰੀ ਨੇ ਵੀ ਹਰਮਨਦੀਪ ਸਿੰਘ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।

ਫੋਟੋ ਅਜਮੇਰ ਦੀਵਾਨਾ

Leave a Reply

Your email address will not be published. Required fields are marked *