ਕਾਰਗਿਲ ਵਿਜੇ ਦਿਵਸ ਮੌਕੇ ਖਾਲਸਾ ਕਾਲਜ ਮਾਹਿਲਪੁਰ ਦੇ ਐਨ.ਸੀ.ਸੀ. ਕੈਡਿਟਾਂ ਨੇ ਸ਼ਹੀਦ ਸਿਪਾਹੀ ਦੀਪਕ ਕੁਮਾਰ ਨੂੰ ਭਾਵਪੂਰਨ ਸ਼ਰਧਾਂਜਲੀ ਭੇਂਟ ਕੀਤੀ

ਹੁਸ਼ਿਆਰਪੁਰ 3 ਅਗਸਤ ( ਤਰਸੇਮ ਦੀਵਾਨਾ )
ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਮਾਹਿਲਪੁਰ ਦੀ ਐਨ.ਸੀ.ਸੀ. ਇਕਾਈ ਵੱਲੋਂ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਦੀ ਕੁਸ਼ਲ ਅਗਵਾਈ ਅਤੇ ਲੈਫਟੀਨੈਂਟ (ਡਾ.) ਦੀਪਕ ਦੇ ਮਾਰਗਦਰਸ਼ਨ ਹੇਠ ਕਾਰਗਿਲ ਵਿਜੇ ਦਿਵਸ ਦੇ ਇਤਿਹਾਸਕ ਮੌਕੇ ‘ਤੇ ਜੈਜੋਂ ਦੁਆਬਾ ਵਿਖੇ ਇਕ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਕਾਰਗਿਲ ਸ਼ਹੀਦ ਸਿਪਾਹੀ ਦੀਪਕ ਕੁਮਾਰ ਜੀ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਭਾਵਪੂਰਨ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮਾਣਮੱਤੇ ਪ੍ਰੋਗਰਾਮ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਮਾਹਿਲਪੁਰ ਦੇ ਐਨ.ਸੀ.ਸੀ. ਕੈਡਿਟਾਂ ਅਤੇ 8 ਪੰਜਾਬ ਬਟਾਲੀਅਨ, ਫਗਵਾੜਾ ਵੱਲੋਂ ਕਮਾਂਡਿੰਗ ਅਫਸਰ ਕਰਨਲ ਅਜੇ ਦੇ ਨਿਰਦੇਸ਼ਾਂ ਅਧੀਨ ਸੂਬੇਦਾਰ ਵਿਨੋਦ ਸਿੰਘ ਰਾਣਾ ਨੇ ਸ਼ਹੀਦ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਦੇਸ਼ ਸੇਵਾ ਦੇ ਸੰਕਲਪ ਨੂੰ ਦੁਹਰਾਇਆ। ਲੈਫਟੀਨੈਂਟ ਡਾ. ਦੀਪਕ ਨੇ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਕਾਰਗਿਲ ਯੁੱਧ ਦੇ ਨਾਇਕਾਂ ਦੇ ਅਡਿੱਗ ਸਾਹਸ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਅਤੇ ਸ਼ਹੀਦ ਸਿਪਾਹੀ ਦੀਪਕ ਕੁਮਾਰ ਜੀ ਦੀ ਸਰਵਉੱਚ ਕੁਰਬਾਨੀ ਨੂੰ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਦੱਸਿਆ। ਸਮਾਗਮ ਦੌਰਾਨ ਜੈਜੋਂ ਦੁਆਬਾ ਦੇ ਸਰਪੰਚ ਪਰਵੀਨ ਕੁਮਾਰ ਸੰਧੂ, ਪੰਚ ਰੇਨੂੰ ਬਾਲਾ, ਅਸ਼ਵਨੀ ਖੰਨਾ, ਏ.ਐਸ.ਆਈ. ਪਰਵੀਨ ਕੌਰ ਅਤੇ ਏ.ਐਸ.ਆਈ. ਸੁਰਜੀਤ ਕੁਮਾਰ ਆਦਿ ਹਾਜ਼ਰ ਸਾਰੇ ਲੋਕਾਂ ਦੀਆਂ ਅੱਖਾਂ ਨਮ ਸਨ ਅਤੇ ਮਾਹੌਲ ਦੇਸ਼ ਭਗਤੀ ਦੇ ਨਾਅਰਿਆਂ ਨਾਲ ਗੂੰਜ ਉੱਠਿਆ।
ਫੋਟੋ ਅਜਮੇਰ ਦੀਵਾ
ਨਾ
