ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੁਹਾਲੀ ਵਿਖੇ ਦਾਖ਼ਲਾ ਪ੍ਰਕਿਰਿਆ ਸ਼ੁਰੂ 

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੁਹਾਲੀ ਵਿਖੇ ਦਾਖ਼ਲਾ ਪ੍ਰਕਿਰਿਆ ਸ਼ੁਰੂ 

ਐਨ.ਡੀ.ਏ. ’ਚ ਸ਼ਾਮਿਲ ਹੋਣ ਦੇ ਚਾਹਵਾਨ ਲੜਕੇ ਦਾਖ਼ਲਾ ਪ੍ਰਕਿਰਿਆ ’ਚ ਲੈ ਸਕਦੇ ਨੇ ਭਾਗ

 

ਜਲੰਧਰ, 22 ਸਤੰਬਰ : ਸੁਨੀਲ ਕੁਮਾਰ

ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖ਼ਲਾਈ ਬਿਊਰੋ ਨੀਲਮ ਮਹੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਵਿੱਚ ਜਾਣ ਦੇ ਚਾਹਵਾਨ ਉਮੀਦਵਾਰਾਂ (ਲੜਕੇ) ਲਈ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ.), ਮੁਹਾਲੀ ਵੱਲੋਂ ਮੁਫ਼ਤ ਮੁੱਢਲੀ ਲਿਖਤੀ ਅਤੇ ਫਿਜ਼ੀਕਲ ਸਿਖ਼ਲਾਈ ਲਈ ਦਾਖ਼ਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਚਾਹਵਾਨ ਲੜਕੇ ਏ.ਐਫ.ਪੀ.ਆਈ. ਵਿੱਚ ਦਾਖ਼ਲੇ ਲਈ ਵੈੱਬ ਪੋਰਟਲ https://recruitment-portal.in ’ਤੇ 1 ਅਕਤੂਬਰ 2026 ਤੋਂ 15 ਦਸੰਬਰ 2026 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਦੇ ਲਈ ਦਾਖ਼ਲਾ ਪ੍ਰੀਖਿਆ 3 ਜਨਵਰੀ, 2027 ਨੂੰ ਹੋਵੇਗੀ।

ਉਨ੍ਹਾਂ ਦੱਸਿਆ ਕਿ ਉਕਤ ਮੁੱਢਲੀ ਸਿਖ਼ਲਾਈ ਹਿੱਤ ਏ.ਐਫ.ਪੀ.ਆਈ. ਵਿੱਚ ਦਾਖ਼ਲੇ ਲਈ ਵਿਦਿਆਰਥੀਆਂ ਨੂੰ ਮੈਟ੍ਰਿਕ ਪੱਧਰ ਦੀ ਭਾਸ਼ਾ ਅੰਗਰੇਜ਼ੀ, ਗਣਿਤ ਅਤੇ ਸਮਾਜਿਕ ਅਧਿਐਨ (ਸੀ.ਬੀ.ਐਸ.ਈ.) ਦਾ ਲਿਖ਼ਤੀ ਦਾਖ਼ਲਾ ਟੈਸਟ ਪਾਸ ਕਰਨਾ ਹੋਵੇਗਾ। ਇਸ ਤੋਂ ਇਲਾਵਾ ਵਿਦਿਆਰਥੀ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਹੈ ਅਤੇ ਉਸਦੀ ਜਨਮ ਮਿਤੀ 2 ਜਨਵਰੀ 2010 ਤੋਂ ਪਹਿਲਾਂ ਨਾ ਹੋਵੇ। ਮੌਜੂਦਾ ਸਮੇਂ ਵਿਦਿਆਰਥੀ ਦਸਵੀਂ ਜਮਾਤ ਵਿੱਚ ਪੜ੍ਹਦਾ ਹੋਵੇ। ਗਿਆਰਵੀਂ ਜਮਾਤ ਵਿੱਚ ਪੜ੍ਹ ਰਹੇ ਵਿਦਿਆਰਥੀ ਵੀ ਅਪਲਾਈ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਗਿਆਰਵੀਂ ਜਮਾਤ ਵਿੱਚ ਦਾਖ਼ਲ ਕੀਤਾ ਜਾਵੇਗਾ ਅਤੇ ਉਨ੍ਹਾਂ ਲਈ ਨਿਰਧਾਰਤ ਉਮਰ ਦੇ ਮਾਪਦੰਡਾਂ ਨੂੰ ਪੂਰਾ ਕਰਨਾ ਲਾਜ਼ਮੀ ਹੋਵੇਗਾ।

ਉਨ੍ਹਾਂ ਦੱਸਿਆ ਕਿ ਏ.ਐਫ.ਪੀ.ਆਈ. ਵਿਖੇ ਦਾਖ਼ਲਾ ਪ੍ਰੀਖਿਆ ਪਾਸ ਕਰਨ ਵਾਲੇ ਲੜਕਿਆਂ ਨੂੰ ਮੁਹਾਲੀ ਦੇ ਵਧੀਆ ਸਕੂਲਾਂ ਵਿੱਚੋਂ ਕਿਸੇ ਇੱਕ ਵਿੱਚ ਗਿਆਰਵੀਂ ਅਤੇ ਬਾਰਵੀਂ ਜਮਾਤਾਂ ਲਈ ਉੱਚ ਸਬਸਿਡੀ ’ਤੇ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਹਾਸਲ ਹੋਵੇਗਾ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਲਈ ਏ.ਐਫ.ਪੀ.ਆਈ. ਵਿਖੇ ਖੇਡਾਂ ਸਮੇਤ ਹੋਰ ਗਤੀਵਿਧੀਆਂ, ਮੁਫ਼ਤ ਹੋਸਟਲ ਅਤੇ ਖਾਣੇ ਦੀ ਸੁਵਿਧਾ ਉਪਲਬਧ ਹੋਵੇਗੀ।

ਵਧੇਰੇ ਜਾਣਕਾਰੀ ਲਈ ਸੰਸਥਾ ਦੀ ਵੈੱਬਸਾਈਟ www.mrsafpi.punjab.gov.in ਦੇਖੀ ਜਾ ਸਕਦੀ ਹੈ ਅਤੇ ਸੰਸਥਾ ਦੀ ਈਮੇਲ ਆਈ.ਡੀ. afpi_mohali@yahoo.com, mrsafpidirector@gmail.com ਜਾਂ ਸੰਪਰਕ ਨੰ. 0172-2219707/ 9041006305 ’ਤੇ ਰਾਬਤਾ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *