ਚੰਡੀਗੜ੍ਹ ਵਿਖੇ ਮਰਦਮਸ਼ੁਮਾਰੀ 2027 ਲਈ ਵਿਸ਼ੇਸ਼ ਚਾਰਜਿਜ਼ ਦੇ ਪੰਜਾਬ ਰਾਜ ਨੋਡਲ ਅਧਿਕਾਰੀਆਂ ਦੀ ਬੈਠਕ ਹੋਈ

Posted On: 05 NOV 2026 4:14PM by PIB Chandigarh/ Sunil Kumar
ਪਾਬੰਦੀਸ਼ੁਦਾ ਅਤੇ ਪਹੁੰਚ ਤੋਂ ਬਾਹਰ ਖੇਤਰਾਂ ਵਿੱਚ ਮਰਦਮਸ਼ੁਮਾਰੀ 2027 ਦੇ ਜਨਸੰਖਿਆ ਗਣਨਾ (ਫੇਜ਼-II) ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਅਤੇ ਰਾਜ ਦੇ ਨੋਡਲ ਅਧਿਕਾਰੀਆਂ ਨੂੰ ਜਾਣੂ ਕਰਵਾਉਣ ਲਈ ਅੱਜ ਡਾਇਰੈਕਟਰ ਮਰਦਮਸ਼ੁਮਾਰੀ ਸੰਚਾਲਨ, ਪੰਜਾਬ, ਡਾ. ਨਵਜੋਤ ਖੋਸਲਾ, ਆਈ.ਏ.ਐੱਸ. ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਚਾਰਜਿਜ਼ ਦੇ ਰਾਜ ਨੋਡਲ ਅਧਿਕਾਰੀਆਂ ਦੀ ਇੱਕ ਬੈਠਕ ਆਯੋਜਿਤ ਕੀਤੀ ਗਈ।
ਬੈਠਕ ਦਾ ਮੁੱਖ ਉਦੇਸ਼ ਵਿਸ਼ੇਸ਼ ਚਾਰਜਿਜ਼ ਵਿੱਚ ਸੁਰੱਖਿਅਤ, ਸਹੀ ਅਤੇ ਸਮੇਂ ਸਿਰ ਗਣਨਾ ਨੂੰ ਯਕੀਨੀ ਬਣਾਉਣਾ ਸੀ। ਇਹਨਾਂ ਖੇਤਰਾਂ ਵਿੱਚ ਰੱਖਿਆ ਖੇਤਰ, ਸੀ.ਏ.ਪੀ.ਐੱਫ. (CAPF) ਖੇਤਰ, ਕੈਂਪ ਅਤੇ ਸਥਾਪਨਾਵਾਂ, ਸਿਖਲਾਈ ਕੇਂਦਰ, ਵਿਗਿਆਨਕ ਅਤੇ ਖੋਜ ਕੇਂਦਰ, ਅਤੇ ਕਾਰਜਸ਼ੀਲ/ਫੋਰਵਰਡ ਤੇ ਅਪਹੁੰਚ ਖੇਤਰ ਸ਼ਾਮਲ ਹਨ, ਜਿੱਥੇ ਆਮ ਨਾਗਰਿਕ ਗਣਨਾਕਾਰਾਂ (Enumerators) ਦੇ ਜਾਣ ‘ਤੇ ਪਾਬੰਦੀ ਹੁੰਦੀ ਹੈ।
ਮੀਟਿੰਗ ਵਿੱਚ ਦੱਸਿਆ ਗਿਆ ਕਿ ਜਨਸੰਖਿਆ ਗਣਨਾ (ਫੇਜ਼-II) 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਕਰਵਾਈ ਜਾਵੇਗੀ, ਜਿਸ ਤੋਂ ਬਾਅਦ 5 ਤੋਂ 9 ਜਨਵਰੀ 2027 ਤੱਕ ਦੋਹਰਾਓ ਗੇੜ (Revisional Round) ਹੋਵੇਗਾ। ਮਰਦਮਸ਼ੁਮਾਰੀ 2027 ਲਈ ਸੰਦਰਭ ਮਿਤੀ (Reference Date) 5 ਜਨਵਰੀ 2027 ਦੇ ਰਾਤ 00:00 ਵਜੇ ਨਿਰਧਾਰਿਤ ਕੀਤੀ ਗਈ ਹੈ।
ਮੀਟਿੰਗ ਵਿੱਚ ਲਏ ਗਏ ਮੁੱਖ ਫੈਸਲੇ:
• ਰਾਜ ਦੇ ਨੋਡਲ ਅਧਿਕਾਰੀ ਰਾਜ ਵਿੱਚ ਸਾਰੇ ਵਿਸ਼ੇਸ਼ ਚਾਰਜਿਜ਼ ਦੀ ਪਛਾਣ ਕਰਨਗੇ, ਕਵਰ ਕੀਤੀ ਜਾਣ ਵਾਲੀ ਸੰਭਾਵਿਤ ਜਨਸੰਖਿਆ ਦਾ ਮੁਲਾਂਕਣ ਕਰਨਗੇ ਅਤੇ ਸੂਚੀ ਸਬੰਧਤ ਡੀ.ਸੀ.ਓ. (DCO) ਨਾਲ ਸਾਂਝੀ ਕਰਨਗੇ।
• ਹਰੇਕ ਵਿਸ਼ੇਸ਼ ਚਾਰਜ ਲਈ ਇੱਕ ਗਜ਼ਟਿਡ ਅਧਿਕਾਰੀ ਨੂੰ ਚਾਰਜ ਅਧਿਕਾਰੀ ਵਜੋਂ ਨਿਯੁਕਤ ਕੀਤਾ ਜਾਵੇਗਾ।
• ਡੀ.ਸੀ.ਓ. ਪੰਜਾਬ ਵੱਲੋਂ ਹਦਾਇਤ ਪੁਸਤਕਾਂ (Instruction Manuals), ਖਾਲੀ ਮਰਦਮਸ਼ੁਮਾਰੀ ਸ਼ੈਡਿਊਲ, ਲੋਕੇਸ਼ਨ ਕੋਡ ਅਤੇ ਹੋਰ ਮਰਦਮਸ਼ੁਮਾਰੀ ਸਮੱਗਰੀ ਮੁਹੱਈਆ ਕਰਵਾਈ ਜਾਵੇਗੀ। ਡਾਟਾ ਐਂਟਰੀ ਦਾ ਕੰਮ ਭਾਰਤ ਦੇ ਰਜਿਸਟਰਾਰ ਜਨਰਲ ਦੇ ਦਫ਼ਤਰ ਦੁਆਰਾ ਦਿੱਤੇ ਜਾਣ ਵਾਲੇ ਵੱਖਰੇ ਮੋਡੀਊਲ ਰਾਹੀਂ ਵਿਸ਼ੇਸ਼ ਚਾਰਜ ‘ਤੇ ਹੀ ਕੀਤਾ ਜਾਵੇਗਾ।
• ਵਿਸ਼ੇਸ਼ ਚਾਰਜ ਅਧਿਕਾਰੀਆਂ ਦੀ ਸਿਖਲਾਈ 12 ਨਵੰਬਰ 2026 ਨੂੰ ਐੱਨ.ਆਈ.ਟੀ.ਟੀ.ਟੀ.ਆਰ. (NITTTR), ਸੈਕਟਰ 26, ਚੰਡੀਗੜ੍ਹ ਵਿਖੇ ਹੋਵੇਗੀ। ਇਸ ਤੋਂ ਬਾਅਦ ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਦੀ ਸਿਖਲਾਈ ਸਬੰਧਤ ਵਿਸ਼ੇਸ਼ ਚਾਰਜ ਅਧਿਕਾਰੀਆਂ ਵੱਲੋਂ ਰਾਜ ਦੇ ਨੋਡਲ ਅਧਿਕਾਰੀਆਂ, ਪੀ.ਸੀ.ਓ. ਅਤੇ ਡੀ.ਸੀ.ਓ. ਪੰਜਾਬ ਦੇ ਤਾਲਮੇਲ ਨਾਲ ਕਰਵਾਈ ਜਾਵੇਗੀ।
• ਵਿਸ਼ੇਸ਼ ਚਾਰਜ ਦੇ ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਦੀ ਸਿਖਲਾਈ 30 ਨਵੰਬਰ 2026 ਤੱਕ ਮੁਕੰਮਲ ਕੀਤੀ ਜਾਣੀ ਜ਼ਰੂਰੀ ਹੈ।
ਬੈਠਕ ਵਿੱਚ ਰਾਜ ਦੇ ਨੋਡਲ ਅਧਿਕਾਰੀਆਂ, ਵਿਸ਼ੇਸ਼ ਚਾਰਜ ਅਧਿਕਾਰੀਆਂ ਅਤੇ ਡੀ.ਸੀ.ਓ. ਪੰਜਾਬ ਵਿਚਕਾਰ ਮਜ਼ਬੂਤ ਤਾਲਮੇਲ ‘ਤੇ ਜ਼ੋਰ ਦਿੱਤਾ ਗਿਆ ਤਾਂ ਜੋ ਸਮੇਂ ਸਿਰ ਸਿਖਲਾਈ ਅਤੇ ਫੀਲਡ ਦਾ ਕੰਮ ਪੂਰਾ ਕੀਤਾ ਜਾ ਸਕੇ ਅਤੇ ਵਿਸ਼ੇਸ਼ ਚਾਰਜਿਜ਼ ਵਿੱਚ ਗਣਨਾ ਦਾ ਕੰਮ ਸਹੀ ਅਤੇ ਨਿਰਧਾਰਿਤ ਸਮਾਂ-ਸੀਮਾ ਦੇ ਅੰਦਰ ਮੁਕੰਮਲ ਹੋ ਸਕੇ।
ਡਾਇਰੈਕਟਰ ਮਰਦਮਸ਼ੁਮਾਰੀ ਨੇ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਨੋਡਲ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮਰਦਮਸ਼ੁਮਾਰੀ 2027 ਦੇ ਡਾਟਾ ਇਕੱਤਰ ਕਰਨ ਦੀ ਵਿਧੀ ‘ਤੇ ਹੋਈ ਇਸ ਸਫਲ ਚਰਚਾ ਦਾ ਹਿੱਸਾ ਬਣਨਾ ਮਾਣ ਵਾਲੀ ਗੱਲ ਹੈ
।
