ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਸ਼ਹਿਰ ’ਚ 30 ਲੱਖ ਰੁਪਏ ਦੀ ਲਾਗਤ ਵਾਲੇ ਲਾਈਟਿੰਗ ਪ੍ਰਾਜੈਕਟ ਦਾ ਉਦਘਾਟਨ
ਕਿਹਾ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਸਾਰੀਆਂ ਮੁੱਖ ਸੜਕਾਂ ਨੂੰ ਤਿਰੰਗੇ ਰੰਗੀਆਂ ਲਾਈਟਾਂ ਨਾਲ ਸਜਾਇਆ ਜਾਵੇਗਾ

ਜਲੰਧਰ, 5 ਨਵੰਬਰ : ਸੁਨੀਲ ਕੁਮਾਰ
ਸ਼ਹਿਰੀ ਬੁਨਿਆਦੀ ਢਾਂਚੇ ਅਤੇ ਸੁੰਦਰੀਕਰਨ ਨੂੰ ਵੱਡਾ ਹੁਲਾਰਾ ਦਿੰਦਿਆਂ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਵੱਲੋਂ ਜਲੰਧਰ ਪੱਛਮੀ ਹਲਕੇ ਵਿੱਚ ਤਿਰੰਗੇ ਰੰਗੀਆਂ ਸਟ੍ਰੀਟ ਲਾਈਟਾਂ ਦੇ ਵਿਸ਼ਾਲ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ।
ਇਸ ਪਹਿਲਕਦਮੀ ਦਾ ਉਦੇਸ਼ ਹਲਕੇ ਦੇ ਮੁੱਖ ਮਾਰਗਾਂ ਨੂੰ ਰੌਸ਼ਨ ਕਰਨਾ ਹੈ, ਤਾਂ ਜੋ ਦੀਵਾਲੀ ਤੋਂ ਪਹਿਲਾਂ ਖੁਸ਼ੀ ਅਤੇ ਉਤਸਵ ਵਾਲਾ ਮਾਹੌਲ ਬਣ ਸਕੇ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਨੇ ਇਲਾਕਾ ਵਾਸੀਆਂ ਨੂੰ ਦੀਵਾਲੀ ਦੀਆਂ ਨਿੱਘੀਆਂ ਵਧਾਈਆਂ ਦਿੱਤੀਆਂ ਅਤੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਦੀ ਸ਼ਲਾਘਾ ਕੀਤੀ, ਜਿਨ੍ਹਾਂ ਦੀ ਰਹਿਨੁਮਾਈ ਹੇਠ ਸੂਬੇ ਭਰ ਵਿੱਚ ਸੜਕਾਂ, ਸੀਵਰੇਜ ਪ੍ਰਣਾਲੀ, ਆਧੁਨਿਕ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਸਮੇਤ ਹਰ ਖੇਤਰ ’ਚ ਵਿਕਾਸ ਦੀ ਲਹਿਰ ਚੱਲ ਰਹੀ ਹੈ।
ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਬਬਰੀਕ ਚੌਕ ਤੋਂ ਗੁਜਰਾਲ ਚੌਕ, ਅਵਤਾਰ ਨਗਰ ਰੋਡ, ਬਸਤੀ ਸ਼ੇਖ ਰੋਡ, ਕਪੂਰਥਲਾ ਰੋਡ ਅਤੇ 120-ਫੁੱਟ ਰੋਡ ਸਮੇਤ ਕਈ ਪ੍ਰਮੁੱਖ ਹਿੱਸਿਆਂ ‘ਚ ਤਿਰੰਗੇ ਰੰਗੀਆਂ ਆਕਰਸ਼ਕ ਲਾਈਟਾਂ ਲਗਾਉਣ ਲਈ ਲਗਭਗ 30 ਲੱਖ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਸਿਰਫ਼ 2022 ਦੀਆਂ ਚੋਣਾਂ ਦੌਰਾਨ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰ ਰਹੀ ਹੈ, ਸਗੋਂ ਨਾਗਰਿਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਅਜਿਹੇ ਵਿਕਾਸ ਕਾਰਜ ਵੀ ਕਰਵਾ ਰਹੀ ਹੈ, ਜਿਨ੍ਹਾਂ ਦਾ ਕੋਈ ਵਾਅਦਾ ਨਹੀਂ ਕੀਤਾ ਗਿਆ ਸੀ।
ਸਥਾਨਕ ਆਗੂਆਂ ਅਤੇ ਵਸਨੀਕਾਂ ਦਾ ਧੰਨਵਾਦ ਕਰਦਿਆਂ ਸ਼੍ਰੀ ਭਗਤ ਨੇ ਲੋਕਾਂ ਨੂੰ ਉਸਾਰੂ ਕੰਮਾਂ ਵਿੱਚ ਸਹਿਯੋਗ ਜਾਰੀ ਰੱਖਣ ਦੀ ਅਪੀਲ ਕੀਤੀ। ਨਵੀਂ ਰੌਸ਼ਨੀ ਨਾਲ ਜਗਮਗਾਉਂਦੇ ਇਨ੍ਹਾਂ ਰਸਤਿਆਂ ਨੇ ਜਲੰਧਰ ਪੱਛਮੀ ਦੀਆਂ ਸੜਕਾਂ ਦਾ ਨਜ਼ਾਰਾ ਹੀ ਬਦਲ ਦਿੱਤਾ ਹੈ।
