➖*18 ਨਵੰਬਰ ਨੂੰ ਜਲੰਧਰ ਤੋਂ ਸ਼ੁਰੂ ਹੋਵੇਗੀ ਭਾਜਪਾ ਦੀ ਸਮਾਜਿਕ ਸਮਰਸਤਾ ਯਾਤਰਾ : ਸ਼ੀਤਲ ਅੰਗੁਰਾਲ*
➖*ਜਲੰਧਰ ਤੋਂ ਸ਼ੁਰੂ ਹੋਵੇਗੀ ਯਾਤਰਾ, 3 ਦਸੰਬਰ ਨੂੰ ਵਾਰਾਣਸੀ ਵਿਖੇ ਹੋਵੇਗੀ ਸਮਾਪਤੀ*

*ਜਲੰਧਰ, 1 ਨਵੰਬਰ:* ਸੁਨੀਲ ਕੁਮਾਰ
ਭਾਰਤੀ ਜਨਤਾ ਪਾਰਟੀ ਦੇ ਪੰਜਾਬ ਐੱਸ.ਸੀ. ਮੋਰਚੇ ਦੇ ਪ੍ਰਧਾਨ ਸ਼ੀਤਲ ਅੰਗੁਰਾਲ ਨੇ ਪਾਰਟੀ ਵੱਲੋਂ ਕੱਢੀ ਜਾ ਰਹੀ ਸਮਾਜਿਕ ਸਮਰਸਤਾ ਯਾਤਰਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਯਾਤਰਾ ਦਾ ਮੁੱਖ ਉਦੇਸ਼ ਸਮਾਜ ਵਿੱਚ ਆਪਸੀ ਭਾਈਚਾਰੇ, ਸਮਾਨਤਾ, ਸਦਭਾਵਨਾ ਅਤੇ ਮਹਾਂਪੁਰਖਾਂ ਦੇ ਵਿਚਾਰਾਂ ਦਾ ਸੰਦੇਸ਼ ਜਨ-ਜਨ ਤੱਕ ਪਹੁੰਚਾਉਣਾ ਹੈ।ਇਹ ਯਾਤਰਾ 18 ਨਵੰਬਰ ਨੂੰ ਜਲੰਧਰ ਤੋਂ ਸ਼ੁਰੂ ਹੋਵੇਗੀ ਅਤੇ 3 ਦਸੰਬਰ ਨੂੰ ਵਾਰਾਣਸੀ ਵਿਖੇ ਸਮਾਪਤ ਹੋਵੇਗੀ।
ਸ਼ੀਤਲ ਅੰਗੁਰਾਲ ਨੇ ਦੱਸਿਆ ਕਿ ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ ਅੱਠ ਰਾਜਾਂ ਵਿੱਚੋਂ ਲੰਘਣ ਵਾਲੀ ਇਹ ਯਾਤਰਾ ਲਗਭਗ 2558 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। ਯਾਤਰਾ ਦੌਰਾਨ ਰੋਜ਼ਾਨਾ ਅੱਠ ਪ੍ਰਕਾਰ ਦੇ ਪ੍ਰੋਗਰਾਮ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਸਮਾਜਿਕ ਸਮਰਸਤਾ, ਸਦਭਾਵਨਾ ਅਤੇ ਮਹਾਂਪੁਰਖਾਂ ਦੇ ਵਿਚਾਰਾਂ ਨੂੰ ਉਜਾਗਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਯਾਤਰਾ ਦੇ ਰਸਤੇ ਵਿੱਚ ਸਫ਼ਾਈ ਮੁਹਿੰਮਾਂ ਵੀ ਚਲਾਈਆਂ ਜਾਣਗੀਆਂ ਅਤੇ ਗੁਰੂ ਰਵਿਦਾਸ ਜੀ ਦੇ ਮੰਦਰਾਂ ਵਿੱਚ ਉਨ੍ਹਾਂ ਦੇ ਜੀਵਨ ਅਤੇ ਵਿਚਾਰਧਾਰਾ ਨੂੰ ਦਰਸਾਉਂਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਯਾਤਰਾ ਸਮਾਜਿਕ ਬਰਾਬਰੀ ਅਤੇ ਭਾਈਚਾਰਕ ਸਾਂਝ ਨਾਲ ਜੁੜੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਮਹੱਤਵਪੂਰਨ ਉਪਰਾਲਾ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਭਕਾ ਸਾਥ, ਸਭਕਾ ਵਿਕਾਸ ਅਤੇ ਸਭਕਾ ਵਿਸ਼ਵਾਸ਼ ਦੇ ਆਸ਼ੇ ਮੁਤਾਬਕ ਕੰਮ ਕਰਦੀ ਹੈ ਅਤੇ ਇਸ ਮਕਸਦ ਨਾਲ ਸਮਾਜ ਦੇ ਹਰ ਵਰਗ ਨੂੰ ਨਾਲ ਜੋੜਨਾ ਅਤੇ ਉਨ੍ਹਾਂ ਦਾ ਭਰੋਸਾ ਹਾਸਲ ਕਰਨਾ ਸਾਡਾ ਉਦੇਸ਼ ਹੈ।
