Drugs Seized:ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਪਾਕਿਸਤਾਨ ਡਰੋਨ ਰਾਹੀਂ ਭੇਜਿਆ ਨਸ਼ਾ ਬਰਾਮਦ

ਭਿੱਖੀਵਿੰਡ/ ਰੋਜਾਨਾ ਰਿਪੋਰਟਰ

ਸਰਹੱਦੀ ਇਲਾਕਿਆਂ ਤੋਂ ਨਸ਼ਾ ਤਸਕਰੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਲਗਾਤਾਰ ਨਸ਼ਾ ਭੇਜਿਆ ਜਾ ਰਿਹਾ ਹੈ ਅਜਿਹਾ ਹੀ ਇੱਕ ਮਾਮਲਾ ਭਿੱਖੀਵਿੰਡ ਦੇ ਵਲਟੋਹਾ ਤੋਂ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਜਦੋਂ ਵਲਟੋਹਾ ਪੁਲੀਸ ਨੇ ਬੀ ਐੱਸ ਐੱਫ ਦੇ ਜਵਾਨਾਂ ਨਾਲ ਸਾਂਝੇ ਅਪਰੇਸ਼ਨ ਦੌਰਾਨ ਡਰੋਨ ਰਾਹੀਂ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਸੁੱਟੀ ਗਈ ਕਰੀਬ 11 ਕਿਲੋ ਹੈਰੋਇਨ ਬਰਾਮਦ ਕਰ ਲਈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਲਗਭਗ 55 ਕਰੋੜ ਰੁਪਏ ਦੱਸੀ ਜਾ ਰਹੀ ਹੈ।ਸੂਤਰਾਂ ਅਨੁਸਾਰ ਬੀਤੀ ਦੇਰ ਰਾਤ ਥਾਣਾ ਵਲਟੋਹਾ ਦੀ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਲਾਖਣਾ ਦੇ ਵਸਨੀਕ ਜਸਵਿੰਦਰ ਸਿੰਘ ਦੀਆਂ ਬਹਿਕਾਂ ਨੇੜੇ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਸ਼ੱਕੀ ਪੈਕੇਟ ਸੁੱਟੇ ਗਏ ਹਨ। ਥਾਣਾ ਮੁਖੀ ਸਬ-ਇੰਸਪੈਕਟਰ ਵਿਪਨ ਕੁਮਾਰ ਨੇ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਬੀ ਐੱਸ ਐੱਫ ਜਵਾਨਾਂ ਨਾਲ ਸਾਂਝੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਖੇਤਾਂ ਵਿੱਚੋਂ ਪਲਾਸਟਿਕ ਦਾ ਬੋਰਾ ਅਤੇ ਕੁਝ ਖੁੱਲ੍ਹੇ ਪੈਕੇਟ ਬਰਾਮਦ ਹੋਏ। ਜਦੋਂ ਇਨ੍ਹਾਂ ਪੈਕੇਟਾਂ ਦੀ ਜਾਂਚ ਕੀਤੀ ਗਈ ਤਾਂ ਇਨ੍ਹਾਂ ਵਿੱਚੋਂ ਕੁੱਲ 10 ਕਿਲੋ 900 ਗ੍ਰਾਮ ਹੈਰੋਇਨ ਮਿਲੀ।ਪੁਲੀਸ ਨੇ ਤੁਰੰਤ ਨਸ਼ੀਲੇ ਪਦਾਰਥ ਕਬਜ਼ੇ ਵਿੱਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ। ਇਸ ਮਾਮਲੇ ਸਬੰਧੀ ਥਾਣਾ ਵਲਟੋਹਾ ਵਿੱਚ ਅਣਪਛਾਤੇ ਨਸ਼ਾ ਤਸਕਰਾਂ ਖ਼ਿਲਾਫ਼ ਐੱਨ ਡੀ ਪੀ ਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜਾਂਚ ਏਜੰਸੀਆਂ ਇਹ ਪਤਾ ਲਾਉਣ ’ਚ ਜੁਟੀਆਂ ਹਨ ਕਿ ਇਹ ਖੇਪ ਕਿਸ ਲਈ ਭੇਜੀ ਗਈ ਸੀ ਅਤੇ ਇਸ ਪਿੱਛੇ ਕਿਹੜਾ ਨੈੱਟਵਰਕ ਸਰਗਰਮ ਹੈ। ਡਰੋਨ ਦੇ ਰੂਟ ਅਤੇ ਇਸ ਨਾਲ ਜੁੜੇ ਸਬੂਤਾਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਾਕਿਸਤਾਨ ਵੱਲੋਂ ਅਜਿਹੀ ਹਰਕਤ ਦੁਬਾਰਾ ਨਾ ਕੀਤੀ ਜਾਵੇ।

Leave a Reply

Your email address will not be published. Required fields are marked *