ਆਮਦਨ ਕਰ ਵਿਭਾਗ ਵੱਲੋਂ ਹੁਸ਼ਿਆਰਪੁਰ ਦੇ ਰਾਜਨੀਤਿਕ ਇਤਿਹਾਸ ਦੀ 68 ਘੰਟੇ ਲੰਮੀ ਰੇਡ ਖ਼ਤਮ !

ਆਮਦਨ ਕਰ ਵਿਭਾਗ ਵੱਲੋਂ ਹੁਸ਼ਿਆਰਪੁਰ ਦੇ ਰਾਜਨੀਤਿਕ ਇਤਿਹਾਸ ਦੀ 68 ਘੰਟੇ ਲੰਮੀ ਰੇਡ ਖ਼ਤਮ !

• ਸਾਬਕਾ ਕਾਂਗਰਸੀ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਰਿਹਾਇਸ਼ ‘ਤੇ 28 ਜਨਵਰੀ ਤੋਂ ਲਾਇਆ ਸੀ ਡੇਰਾ 

ਹੁਸ਼ਿਆਰਪੁਰ, 31 ਜਨਵਰੀ (ਤਰਸੇਮ ਦੀਵਾਨਾ ) –  ਹੁਸ਼ਿਆਰਪੁਰ ਦੇ ਰਾਜਨੀਤਿਕ ਇਤਿਹਾਸ ਵਿੱਚ ਸਾਬਕਾ ਕਾਂਗਰਸੀ ਕੈਬਿਨਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਰਿਹਾਇਸ਼ ਅਤੇ ਕਾਰੋਬਾਰੀ ਅਦਾਰਿਆਂ ‘ਤੇ ਆਮਦਨ ਕਰ ਵਿਭਾਗ ਦੀ ਹੁਣ ਤੱਕ ਦੀ ਸਭ ਤੋਂ ਲੰਮੀ ਕਰੀਬ 68 ਘੰਟੇ ਦੀ ਲੰਮੀ ਰੇਡ ਸ਼ੁਕਰਵਾਰ ਦੇਰ ਰਾਤ ਨੂੰ ਮੁਕੰਮਲ ਹੋ ਗਈ |

ਜ਼ਿਕਰਯੋਗ ਹੈ ਕਿ ਆਮਦਨ ਕਰ ਵਿਭਾਗ ਦੀ ਟੀਮ ਨੇ ਬੁੱਧਵਾਰ 28 ਜਨਵਰੀ ਦੀ ਸਵੇਰ ਨੂੰ ਹੁਸ਼ਿਆਰਪੁਰ ਦੇ ਪ੍ਰਸਿੱਧ ਕਾਰੋਬਾਰੀ ਅਤੇ ਉੱਘੇ ਸਿਆਸਤਦਾਨ ਸੁੰਦਰ ਸ਼ਾਮ ਅਰੋੜਾ ਦੀ ਸਥਾਨਕ ਸਿਵਿਲ ਲਾਈਨ ਊਨਾ ਰੋਡ ਸਥਿਤ ਰਿਹਾਇਸ਼ ‘ਤੇ ਛਾਪਾ ਮਾਰਿਆ ਸੀ ਜੋ ਸ਼ੁਕਰਵਾਰ ਦੇਰ ਰਾਤ ਖਤਮ ਹੋ ਗਿਆ। ਮੀਡੀਆ ਵੱਲੋਂ ਇਨਕਮ ਟੈਕਸ ਅਧਿਕਾਰੀਆਂ ਵੱਲੋਂ ਇਸ ਛਾਪੇਮਾਰੀ ਸਬੰਧੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਦੂਜੇ ਪਾਸੇ ਅੱਜ ਸ਼ਨੀਵਾਰ ਨੂੰ ਕਾਂਗਰਸੀ ਆਗੂ ਸੁੰਦਰ ਸ਼ਾਮ ਅਰੋੜਾ ਨੇ ਆਪਣੇ ਗ੍ਰਹਿ ਵਿਖੇ ਪ੍ਰੈਸ ਕਾਨਫਰੰਸ ਕਰਕੇ ਆਪਣੇ ਸਥਿਤੀ ਸਪਸ਼ਟ ਕਰਦਿਆਂ ਦੱਸਿਆ ਕਿ ਆਮਦਨ ਕਰ ਵਿਭਾਗ ਦੀ ਇਸ ਛਾਪੇਮਾਰੀ ਦੌਰਾਨ ਮੇਰੇ ਅਤੇ ਸਮੁੱਚੇ ਪਰਿਵਾਰ ਵੱਲੋਂ ਛਾਪੇਮਾਰੀ ਟੀਮ ਨਾਲ ਪੂਰਾ ਸਹਿਯੋਗ ਕੀਤਾ ਗਿਆ ਹੈ ਉਹਨਾਂ ਵੱਲੋਂ ਮੰਗੇ ਗਏ ਸਾਰੇ ਦਸਤਾਵੇਜ ਮੁਹਈਆ ਕਰਵਾਏ ਗਏ ਹਨ। ਪਰ ਇਸ ਦੇ ਬਾਵਜੂਦ ਵੀ ਟੀਮ ਵੱਲੋਂ ਇਸ ਵਿੱਚ ਕਿਸੀ ਵੱਡੀ ਗਲਤੀ ਜਾਂ ਕੋਤਾਹੀ ਬਾਰੇ ਨਹੀਂ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਜੇਕਰ ਲੋੜ ਪਈ ਤਾਂ ਅਸੀਂ ਵਿਭਾਗ ਨਾਲ ਸਹਿਯੋਗ ਕਰਾਂਗੇ ਕਿਉਂਕਿ ਅਸੀਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕ ਹਾਂ। ਪਹਿਲਾਂ ਵੀ ਮੈਂ ਜਾਂਚ ਏਜੰਸੀਆਂ ਨਾਲ ਸਹਿਯੋਗ ਕੀਤਾ ਹੈ। ਸਾਡਾ ਪਰਿਵਾਰ, ਜਿਸ ਵਿੱਚ ਮੇਰਾ ਪੁੱਤਰ ਵੀ ਸ਼ਾਮਲ ਹੈ ਚੰਡੀਗੜ੍ਹ ਵਿੱਚ ਕਿਸੇ ਵੀ ਬਿਲਡਰ ਨਾਲ ਭਾਈਵਾਲ ਨਹੀਂ ਹੈ। ਮੇਰੇ ਪੁੱਤਰ ਦੀ ਐਸ.ਏ.ਐਸ. ਨਗਰ ਵਿੱਚ ਇੱਕ ਕਲੋਨੀ ਵਿੱਚ ਭਾਈਵਾਲੀ ਹੈ। ਜਿਸ ਭਾਈਵਾਲੀ ਸੰਬੰਧੀ ਸਾਰੇ ਸੰਬੰਧਿਤ ਦਸਤਾਵੇਜ਼ ਜਾਂਚ ਏਜੰਸੀ ਨੂੰ ਸੌਂਪ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਸਾਰਾ ਬਿਜਨਸ ਮੇਰਾ ਪੁੱਤਰ ਹੀ ਦੇਖਦਾ ਹੈ ਅਤੇ ਮੈਂ ਕੇਵਲ ਰਾਜਨੀਤੀ ਵਿੱਚ ਹੀ ਸਰਗਰਮ ਹਾਂ | ਪਿਛਲੇ ਦਿਨੀ ਹੁਸ਼ਿਆਰਪੁਰ ਦੇ ਇੱਕ ਸੀਨੀਅਰ ਭਾਜਪਾ ਆਗੂ, ਜੋ ਕੇਵਲ ਅਖਬਾਰੀ ਬਿਆਨਬਾਜੀ ਰਾਹੀਂ ਰਾਜਨੀਤੀ ਚਮਕਾਉਣ ਤੱਕ ਹੀ ਸੀਮਤ ਰਹਿੰਦਾ ਹੈ, ਵੱਲੋਂ ਉਹਨਾਂ ਉੱਪਰ ਸੁੱਟੇ ਗਏ ਰਾਜਨੀਤਿਕ ਚਿੱਕੜ ਬਾਰੇ ਪੁੱਛੇ ਗਏ ਸਵਾਲ ਸਬੰਧੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸਿਆਸਤਦਾਨ, ਖਾਸ ਕਰਕੇ ਉਹ ਲੋਕ ਜਿਨ੍ਹਾਂ ਨੂੰ ਚੋਣਾਂ ਵਿੱਚ ਜਨਤਾ ਜਨਾਰਦਨ ਦੁਆਰਾ ਲਗਾਤਾਰ ਰੱਦ ਕੀਤਾ ਜਾ ਰਿਹਾ ਹੈ, ਹਮੇਸ਼ਾ ਬੇਸਿਰ ਪੈਰ ਦੇ ਮੁੱਦੇ ਉਠਾ ਕੇ ਲਗਾਤਾਰ ਮੇਰਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ। ਮੈਨੂੰ ਬੇਲੋੜੇ ਢੰਗ ਨਾਲ ਨਿਸ਼ਾਨਾ ਬਣਾਏ ਜਾਣ ਦਾ ਦਰਦ ਸੱਚਮੁੱਚ ਬਹੁਤ ਜ਼ਿਆਦਾ ਹੈ। ਮੇਰੇ ਅਜਿਹੇ ਦੋਸਤ ਚੰਗੀ ਤਰ੍ਹਾਂ ਜਾਣਦੇ ਹਨ ਕਿ ਮਾਨਯੋਗ ਲੋਕ ਪਾਲ ਪੰਜਾਬ ਨੇ ਪਲਾਟਾਂ ਦੀ ਵੰਡ ਆਦਿ ਸੰਬੰਧੀ ਮੇਰੇ ਵਿਰੁੱਧ ਭਰੀ ਗਈ ਪਟੀਸ਼ਨ ਨੂੰ ਪਹਿਲਾਂ ਹੀ ਰੱਦ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਧਿਕਾਰੀਆਂ, ਕਰਮਚਾਰੀਆਂ ਅਤੇ ਮੇਰੇ ਵਿਰੁੱਧ ਦਰਜ ਐਫ ਆਈ ਆਰ ਪਹਿਲਾਂ ਹੀ ਰੱਦ ਕਰ ਦਿੱਤੀ ਹੈ। ਹਾਲਾਂਕਿ, ਇੱਕ ਜਾਂਚ ਏਜੰਸੀ ਦੇ ਅਧਿਕਾਰੀ ਨੂੰ ਪੈਸੇ ਦੀ ਪੇਸ਼ਕਸ਼ ਕਰਨ ਦੇ ਦੋਸ਼ਾਂ ‘ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹਾਂਗਾ ਕਿਉਂਕਿ ਇਹ ਵਿਸ਼ਾ ਮਾਨਯੋਗ ਕੋਰਟ ਦੇ ਵਿਚਾਰ ਅਧੀਨ ਹੈ। ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਇਸ ਮਾਮਲੇ ਤੋਂ ਜਾਣੂੰ ਹੈ ਅਤੇ ਕਾਰਵਾਈ ‘ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਭਾਜਪਾ ਛੱਡਣ ਕਾਰਣ ਮੈਨੂੰ ਰਾਜਨੀਤਿਕ ਬਦਲਾਖੋਰੀ ਕਾਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਾਲਾਂਕਿ, ਮੈਂ ਮੰਨਦਾ ਹਾਂ ਕਿ ਮੈਂ ਹੋਰ ਨੇਤਾਵਾਂ ਨਾਲ ਭਾਜਪਾ ਵਿੱਚ ਸ਼ਾਮਲ ਹੋ ਕੇ ਗਲਤੀ ਕੀਤੀ ਸੀ ਪਰ ਮੈਂ ਕਾਂਗਰਸ ਵਿੱਚ ਦੁਬਾਰਾ ਸ਼ਾਮਲ ਹੋ ਕੇ ਗਲਤੀ ਨੂੰ ਸੁਧਾਰਿਆ, ਮੈਂ ਹੁਸ਼ਿਆਰਪੁਰ ਅਤੇ ਪੰਜਾਬ ਦੀ ਜਨਤਾ ਤੋਂ ਮਾਫੀ ਮੰਗੀ ਤੇ ਜਨਤਾ ਨੇ ਮੈਨੂੰ ਮਾਫ ਵੀ ਕੀਤਾ ਜਦ ਕਿ ਉਸ ਸਮੇਂ ਕਾਂਗਰਸ ਸੱਤਾ ਨਾ ਤਾਂ ਕੇਂਦਰ ਵਿੱਚ ਵਿੱਚ ਸੀ ਅਤੇ ਨਾ ਹੀ ਰਾਜ ਵਿੱਚ। ਉਨ੍ਹਾਂ ਕਿਹਾ ਕਿ ਮੇਰੇ ਲਈ ਰਾਜਨੀਤੀ ਸਮਾਜ ਦੀ ਸੇਵਾ ਕਰਨ ਦਾ ਇੱਕ ਪਲੇਟਫਾਰਮ ਹੈ | ਇਸ ਮੌਕੇ ਉਨ੍ਹਾਂ ਨਾਲ ਬੈਕਵਰਡ ਕਲਾਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਸਰਵਣ ਸਿੰਘ ਰਾਮਗੜੀਆ, ਵਿਸ਼ਵਨਾਥ ਬੰਟੀ, ਐਡਵੋਕੇਟ ਰਣਜੀਤ ਕੁਮਾਰ ਐਡਵੋਕੇਟ ਪਵਿੱਤਰਦੀਪ ਸਿੰਘ,ਰਜਿੰਦਰ ਸਿੰਘ ਪਰਮਾਰ ਆਦਿ ਆਗੂ ਵੀ ਮੌਜੂਦ ਸਨ |

ਫੋਟੋ ਅਜਮੇਰ ਦੀਵਾਨਾ ਦੀਵਾਨਾ

Leave a Reply

Your email address will not be published. Required fields are marked *