Sports:ਐਚ.ਡੀ.ਸੀ.ਏ. ਦੀ ਸੁਰਭੀ ਨੇ ਪੰਜਾਬ ਦੀ ਅੰਡਰ-23 ਮਹਿਲਾ ਕ੍ਰਿਕਟ ਟੀਮ ਵਿੱਚ ਬਣਾਈ ਜਗ੍ਹਾ
ਡਾ. ਰਮਨ ਘਈ ਨੇ ਕਿਹਾ ਸੁਰਭੀ ਦੀ ਪ੍ਰਾਪਤੀ ਨਾਲ ਹੁਸ਼ਿਆਰਪੁਰ ਦੀਆਂ ਹੋਰ ਮਹਿਲਾ ਕ੍ਰਿਕਟਰਾਂ ਨੂੰ ਵੀ ਮਿਲੇਗੀ ਪ੍ਰੇਰਣਾ

ਹੁਸ਼ਿਆਰਪੁਰ, 11 ਨਵੰਬਰ (ਤਰਸੇਮ ਦੀਵਾਨਾ)
ਹੁਸ਼ਿਆਰਪੁਰ ਦੀ ਮਹਿਲਾ ਕ੍ਰਿਕਟ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਐਚ.ਡੀ.ਸੀ.ਏ. ਦੀ ਹੋਣਹਾਰ ਖਿਡਾਰਨ ਸੁਰਭੀ ਨੇ ਪੰਜਾਬ ਦੀ ਅੰਡਰ-23 ਮਹਿਲਾ ਕ੍ਰਿਕਟ ਟੀਮ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਬੀ.ਸੀ.ਸੀ.ਆਈ. ਵੱਲੋਂ ਕਰਵਾਏ ਜਾ ਰਹੇ ਰਾਸ਼ਟਰੀ ਅੰਡਰ-23 ਮਹਿਲਾ ਕ੍ਰਿਕਟ ਟੂਰਨਾਮੈਂਟ ਲਈ ਪੰਜਾਬ ਦੀ ਟੀਮ ਵਿੱਚ ਹੋਈ ਇਸ ਚੋਣ ਨਾਲ ਜ਼ਿਲ੍ਹੇ ਦੇ ਕ੍ਰਿਕਟ ਪ੍ਰੇਮੀਆਂ ਅਤੇ ਖੇਡ ਜਗਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਐਚ.ਡੀ.ਸੀ.ਏ. ਦੇ ਸਕੱਤਰ ਡਾ. ਰਮਨ ਘਈ ਨੇ ਸੁਰਭੀ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ਦੀ ਅੰਡਰ-23 ਟੀਮ ਵਿੱਚ ਉਸ ਦੀ ਚੋਣ ਹੁਸ਼ਿਆਰਪੁਰ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸੁਰਭੀ ਦੀ ਕਾਮਯਾਬੀ ਜ਼ਿਲ੍ਹੇ ਦੀਆਂ ਹੋਰ ਉਭਰਦੀਆਂ ਮਹਿਲਾ ਕ੍ਰਿਕਟਰਾਂ ਲਈ ਪ੍ਰੇਰਣਾਸਰੋਤ ਬਣੇਗੀ ਅਤੇ ਉਨ੍ਹਾਂ ਨੂੰ ਉੱਚ ਪੱਧਰ ’ਤੇ ਖੇਡਣ ਲਈ ਹੋਰ ਮਿਹਨਤ ਕਰਨ ਦਾ ਹੌਸਲਾ ਮਿਲੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸੁਰਭੀ ਇਸੇ ਸੀਜ਼ਨ ਵਿੱਚ ਪੰਜਾਬ ਦੀ ਅੰਡਰ-19 ਮਹਿਲਾ ਟੀਮ ਦੀ ਕਪਤਾਨ ਵਜੋਂ ਵੀ ਆਪਣੀ ਜ਼ਿੰਮੇਵਾਰੀ ਨਿਭਾ ਚੁੱਕੀ ਹੈ।
ਡਾ. ਘਈ ਨੇ ਕਿਹਾ ਕਿ ਐਚ.ਡੀ.ਸੀ.ਏ. ਵੱਲੋਂ ਮਹਿਲਾ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਮੁੱਖ ਕੋਚ ਦਵਿੰਦਰ ਕੌਰ ਕਲਿਆਣ ਅਤੇ ਸਹਾਇਕ ਕੋਚ ਨਿਕਿਤਾ ਕੁਮਾਰੀ ਦੀ ਰਹਿਨੁਮਾਈ ਹੇਠ ਜ਼ਿਲ੍ਹੇ ਦੀਆਂ ਖਿਡਾਰਨਾਂ ਲਗਾਤਾਰ ਸਿਖਲਾਈ ਹਾਸਲ ਕਰਦਿਆਂ ਆਪਣੀ ਖੇਡ ਵਿੱਚ ਸੁਧਾਰ ਕਰ ਰਹੀਆਂ ਹਨ ਅਤੇ ਨਵੀਆਂ ਪ੍ਰਾਪਤੀਆਂ ਦਰਜ ਕਰ ਰਹੀਆਂ ਹਨ। ਉਨ੍ਹਾਂ ਉਮੀਦ ਜਤਾਈ ਕਿ ਮਿਹਨਤ ਅਤੇ ਸਹੀ ਮਾਰਗਦਰਸ਼ਨ ਦੇ ਸਦਕਾ ਆਉਣ ਵਾਲੇ ਸਮੇਂ ਵਿੱਚ ਹੁਸ਼ਿਆਰਪੁਰ ਦੀ ਕੋਈ ਮਹਿਲਾ ਕ੍ਰਿਕਟਰ ਭਾਰਤੀ ਟੀਮ ਵਿੱਚ ਵੀ ਆਪਣੀ ਜਗ੍ਹਾ ਬਣਾਉਣ ਦੇ ਸਮਰੱਥ ਹੋਵੇਗੀ।
ਸੁਰਭੀ ਦੀ ਚੋਣ ’ਤੇ ਐਚ.ਡੀ.ਸੀ.ਏ. ਦੇ ਪ੍ਰਧਾਨ ਡਾ. ਦਲਜੀਤ ਖੇਲਾਂ, ਸੰਯੁਕਤ ਸਕੱਤਰ ਡਾ. ਵਿਵੇਕ ਸਾਹਨੀ, ਠਾਕੁਰ ਯੋਗਰਾਜ, ਡਾ. ਪੰਕਜ ਸ਼ਿਵ, ਸੁਭਾਸ਼ ਸ਼ਰਮਾ, ਜਤਿੰਦਰ ਸੂਦ ਅਤੇ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਉਸ ਨੂੰ ਭਵਿੱਖ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸੇ ਤਰ੍ਹਾਂ ਕੋਚ ਦਵਿੰਦਰ ਕੌਰ ਕਲਿਆਣ, ਸਹਾਇਕ ਕੋਚ ਨਿਕਿਤਾ ਕੁਮਾਰੀ, ਜ਼ਿਲ੍ਹਾ ਮੁੱਖ ਕੋਚ ਦਲਜੀਤ ਸਿੰਘ, ਟ੍ਰੇਨਰ ਅਤੇ ਸਾਬਕਾ ਰਾਸ਼ਟਰੀ ਕੋਚ ਕੁਲਦੀਪ ਧਾਮੀ, ਜ਼ਿਲ੍ਹਾ ਸਹਾਇਕ ਕੋਚ ਅਸ਼ੋਕ ਸ਼ਰਮਾ, ਕਰਨ ਸੈਣੀ, ਪ੍ਰਵੀਣ ਕਪੂਰ ਅਤੇ ਪੰਕਜ ਪਿੰਕਾ ਨੇ ਵੀ ਸੁਰਭੀ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਕੀਤੀ।
ਡਾ. ਰਮਨ ਘਈ ਨੇ ਦੱਸਿਆ ਕਿ ਬੀ.ਸੀ.ਸੀ.ਆਈ. ਵੱਲੋਂ ਕਰਵਾਇਆ ਜਾਣ ਵਾਲਾ ਰਾਸ਼ਟਰੀ ਮਹਿਲਾ ਅੰਡਰ-23 ਟੂਰਨਾਮੈਂਟ 13 ਤੋਂ 23 ਨਵੰਬਰ ਤੱਕ ਰੋਹਤਕ (ਹਰਿਆਣਾ) ਵਿਖੇ ਖੇਡਿਆ ਜਾਵੇਗਾ।
ਫੋਟੋ ਅਜਮੇਰ ਦੀਵਾਨਾ
