ਗਤਕਾ ਖੇਡ ਵਿੱਚ ਜਗਜੋਤ ਸਿੰਘ ਨੇ ਕੌਮੀ ਪੱਧਰ ’ਤੇ ਚਮਕਾਇਆ ਮੁਕੇਰੀਆਂ ਦਾ ਨਾਂ, ਸੋਨ ਤਮਗਾ ਜਿੱਤ ਕੇ ਬਣਿਆ ਇਲਾਕੇ ਦਾ ਮਾਣ

ਗਤਕਾ ਖੇਡ ਵਿੱਚ ਜਗਜੋਤ ਸਿੰਘ ਨੇ ਕੌਮੀ ਪੱਧਰ ’ਤੇ ਚਮਕਾਇਆ ਮੁਕੇਰੀਆਂ ਦਾ ਨਾਂ, ਸੋਨ ਤਮਗਾ ਜਿੱਤ ਕੇ ਬਣਿਆ ਇਲਾਕੇ ਦਾ ਮਾਣ

ਐਸਐਸ ਮੈਡੀਸਿਟੀ ਹਸਪਤਾਲ ਵਿਖੇ 15 ਸਾਲਾ ਗਤਕਾ ਖਿਡਾਰੀ ਦਾ ਕੀਤਾ ਵਿਸ਼ੇਸ਼ ਸਨਮਾਨ 

 

ਹੁਸ਼ਿਆਰਪੁਰ/ਮੁਕੇਰੀਆਂ, 2 ਨਵੰਬਰ (ਤਰਸੇਮ ਦੀਵਾਨਾ) — ਖੇਡਾਂ ਦੇ ਖੇਤਰ ਵਿੱਚ ਛੋਟੀ ਉਮਰ ਦੌਰਾਨ ਵੱਡੀਆਂ ਪ੍ਰਾਪਤੀਆਂ ਕਰਕੇ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਮੁਕੇਰੀਆਂ ਦੇ 15 ਸਾਲਾ ਗਤਕਾ ਖਿਡਾਰੀ ਜਗਜੋਤ ਸਿੰਘ ਨੇ ਆਪਣੀ ਕਾਬਲੀਅਤ ਅਤੇ ਮਿਹਨਤ ਦੇ ਦਮ ’ਤੇ ਕੌਮੀ ਪੱਧਰ ’ਤੇ ਸੋਨ ਤਮਗਾ ਜਿੱਤ ਕੇ ਇਲਾਕੇ ਦਾ ਮਾਣ ਵਧਾਇਆ ਹੈ। ਉਸ ਦੀਆਂ ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਨੂੰ ਦੇਖਦਿਆਂ ਐਸਐਸ ਮੈਡੀਸਿਟੀ ਹਸਪਤਾਲ ਮੁਕੇਰੀਆਂ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨਿਤ ਕਰਕੇ ਉਸ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ।

 

ਇਸ ਮੌਕੇ ਜ਼ਿਲ੍ਹਾ ਗਤਕਾ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਸਰਪ੍ਰਸਤ ਅਤੇ ਗੁਰਮਤਿ ਪ੍ਰਚਾਰ ਸੇਵਾ ਸੋਸਾਇਟੀ ਮੁਕੇਰੀਆਂ ਦੇ ਮੁੱਖ ਸੇਵਾਦਾਰ ਸਰਦਾਰ ਭੁਪਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਜਗਜੋਤ ਸਿੰਘ ਪੁੱਤਰ ਜਗਦੀਸ਼ ਸਿੰਘ ਨੇ ਗਤਕਾ ਖੇਡ ਵਿੱਚ ਆਪਣੀ ਲਗਾਤਾਰ ਮਿਹਨਤ ਅਤੇ ਬਿਹਤਰੀਨ ਖੇਡ ਪ੍ਰਦਰਸ਼ਨ ਨਾਲ ਕਈ ਅਹਿਮ ਮੁਕਾਮ ਹਾਸਲ ਕੀਤੇ ਹਨ। ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਰਤੀਆ ਸ਼ਹਿਰ ਵਿਖੇ ਹੋਏ ਕੌਮੀ ਗਤਕਾ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਉਸ ਨੇ ਸੋਨ ਤਮਗਾ ਆਪਣੇ ਨਾਂ ਕੀਤਾ। ਇਸ ਤੋਂ ਇਲਾਵਾ ਪੰਜਾਬ ਪੱਧਰੀ ਗਤਕਾ ਮੁਕਾਬਲਿਆਂ ਅਤੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਵੀ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ। ਸਕੂਲੀ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਉਸ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

 

ਇਨ੍ਹਾਂ ਪ੍ਰਾਪਤੀਆਂ ਸਦਕਾ ਜਗਜੋਤ ਸਿੰਘ ਨੇ ਨਾ ਸਿਰਫ਼ ਆਪਣੇ ਮਾਪਿਆਂ ਅਤੇ ਸਕੂਲ ਦਾ ਸਿਰ ਉੱਚਾ ਕੀਤਾ ਹੈ, ਸਗੋਂ ਮੁਕੇਰੀਆਂ ਇਲਾਕੇ ਨੂੰ ਵੀ ਮਾਣਮੱਤੀ ਪਛਾਣ ਦਿਵਾਈ ਹੈ। ਇਸ ਮੌਕੇ ਹਸਪਤਾਲ ਦੇ ਐਮਡੀ ਡਾ. ਹਰਜੀਤ ਸਿੰਘ ਅਤੇ ਸਰਦਾਰ ਭੁਪਿੰਦਰ ਸਿੰਘ ਪਿੰਕੀ ਵੱਲੋਂ ਖਿਡਾਰੀ ਨੂੰ ਸਿਰੋਪਾਓ ਭੇਟ ਕਰਕੇ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।

 

ਸਨਮਾਨ ਸਮਾਗਮ ਦੌਰਾਨ ਡਾ. ਹਰਜੀਤ ਸਿੰਘ ਅਤੇ ਭੁਪਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਗਤਕਾ ਸਿਰਫ਼ ਇੱਕ ਖੇਡ ਨਹੀਂ, ਸਗੋਂ ਸਿੱਖ ਕੌਮ ਦੀ ਅਮੀਰ ਵਿਰਾਸਤ, ਸਵੈ-ਮਾਣ ਅਤੇ ਬਹਾਦਰੀ ਦਾ ਪ੍ਰਤੀਕ ਹੈ। ਇਹ ਖੇਡ ਨੌਜਵਾਨਾਂ ਅੰਦਰ ਅਨੁਸ਼ਾਸਨ, ਸੰਜਮ, ਹਿੰਮਤ, ਆਤਮ-ਵਿਸ਼ਵਾਸ ਅਤੇ ਸਵੈ-ਰੱਖਿਆ ਦੀ ਭਾਵਨਾ ਮਜ਼ਬੂਤ ਕਰਦੀ ਹੈ। ਉਨ੍ਹਾਂ ਕਿਹਾ ਕਿ ਜਗਜੋਤ ਸਿੰਘ ਵਰਗੇ ਹੋਣਹਾਰ ਖਿਡਾਰੀ ਸਮਾਜ ਦੇ ਹੋਰਨਾਂ ਬੱਚਿਆਂ ਲਈ ਵੀ ਪ੍ਰੇਰਨਾ ਦਾ ਸਰੋਤ ਹਨ ਅਤੇ ਅਜਿਹੀਆਂ ਪ੍ਰਤਿਭਾਵਾਂ ਨੂੰ ਅੱਗੇ ਵਧਾਉਣ ਲਈ ਸਮਾਜ ਦੇ ਹਰ ਵਰਗ ਨੂੰ ਸਹਿਯੋਗ ਦੇਣਾ ਚਾਹੀਦਾ ਹੈ।

 

ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਾਹਨਤ ਤੋਂ ਦੂਰ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਨਸ਼ੇ ਨੌਜਵਾਨਾਂ ਦੀ ਪ੍ਰਤਿਭਾ, ਸਿਹਤ ਅਤੇ ਭਵਿੱਖ ਨੂੰ ਤਬਾਹ ਕਰ ਰਹੇ ਹਨ। ਬੱਚਿਆਂ ਨੂੰ ਗਲਤ ਰਾਹਾਂ ਤੋਂ ਬਚਾਉਣ ਲਈ ਮਾਪਿਆਂ, ਅਧਿਆਪਕਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਸਾਂਝੇ ਤੌਰ ’ਤੇ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨ ਗੁਰਬਾਣੀ ਦੀ ਸਿੱਖਿਆ ਤੋਂ ਪ੍ਰੇਰਨਾ ਲੈ ਕੇ ਇਮਾਨਦਾਰੀ ਨਾਲ ਕਿਰਤ ਕਰਨ, ਉੱਚੇ ਵਿਚਾਰ ਅਪਣਾਉਣ ਅਤੇ ਸਮਾਜ ਦੀ ਭਲਾਈ ਵਿੱਚ ਆਪਣਾ ਯੋਗਦਾਨ ਪਾਉਣ।

 

ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦੇ ਮੋਬਾਈਲ ਫੋਨਾਂ ’ਤੇ ਬੇਲੋੜੇ ਸਮੇਂ ਅਤੇ ਗਲਤ ਸੰਗਤ ਵੱਲ ਜਾਣ ਵਾਲੇ ਰੁਝਾਨ ਨੂੰ ਰੋਕਣ ਦੇ ਨਾਲ-ਨਾਲ ਉਨ੍ਹਾਂ ਨੂੰ ਖੇਡਾਂ, ਸਿੱਖਿਆ ਅਤੇ ਹੋਰ ਉਸਾਰੂ ਗਤੀਵਿਧੀਆਂ ਨਾਲ ਜੋੜਨ, ਤਾਂ ਜੋ ਨੌਜਵਾਨ ਆਪਣੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਲਗਾ ਕੇ ਦੇਸ਼ ਅਤੇ ਸਮਾਜ ਦਾ ਨਾਂ ਰੌਸ਼ਨ ਕਰ ਸਕਣ।

 

ਇਸ ਮੌਕੇ ਜ਼ਿਲ੍ਹਾ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਪ੍ਰਤਾਪ ਸਿੰਘ ਨੇ ਜਗਜੋਤ ਸਿੰਘ ਦੀ ਹੌਸਲਾ ਅਫ਼ਜ਼ਾਈ ਅਤੇ ਸਨਮਾਨ ਲਈ ਡਾ. ਹਰਜੀਤ ਸਿੰਘ ਅਤੇ ਸਰਦਾਰ ਭੁਪਿੰਦਰ ਸਿੰਘ ਪਿੰਕੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਖਿਡਾਰੀਆਂ ਨੂੰ ਮਿਲਣ ਵਾਲਾ ਅਜਿਹਾ ਉਤਸ਼ਾਹ ਉਨ੍ਹਾਂ ਨੂੰ ਹੋਰ ਵੱਡੀਆਂ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕਰਦਾ ਹੈ।

 

ਇਸ ਮੌਕੇ ਗਤਕਾ ਪ੍ਰਮੋਟਰ ਸਚਨਾਮ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ ਚੀਮਾ, ਸਤਨਾਮ ਸਿੰਘ ਧਾਮੀਆ, ਗੁਰਵਿੰਦਰ ਸਿੰਘ ਭੁੱਲਰ, ਅਮਰਜੀਤ ਸਿੰਘ ਲਵਲੀ, ਮਨਜਿੰਦਰ ਸਿੰਘ ਨਿੱਕੂ ਚੱਕ, ਹਰਦੀਪ ਸਿੰਘ ਭੰਮਰਾ, ਡਾ. ਸੁਖਵਿੰਦਰ ਸਿੰਘ ਅਤੇ ਗੁਰਟੇਕ ਸਿੰਘ ਭੰਮਰਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

 

 

ਫੋਟੋ ਅਜਮੇਰ ਦੀਵਾਨਾ

Leave a Reply

Your email address will not be published. Required fields are marked *