ਸੂਬਾ ਸਰਕਾਰ ਵੱਲੋਂ ਪਦਮ ਸ਼੍ਰੀ ਲਈ ਕੀਤੀ ਸਿਫ਼ਾਰਿਸ਼ ਦੀ ਲਿਸਟ ਨੂੰ ਕੇਂਦਰ ਸਰਕਾਰ ਵੱਲੋਂ ਨਹੀਂ ਮਿਲੀ ਮਨਜ਼ੂਰੀ, ਪੜੋ ਪੂਰੀ ਖਬਰ
ਰੋਜ਼ਾਨਾਂ ਰਿਪੋਰਟਰ

ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਵੱਲੋਂ ਪਦਮ ਸ਼੍ਰੀ ਪੁਰਸਕਾਰਾਂ ਲਈ ਪੇਸ਼ ਕੀਤੀਆਂ ਗਈਆਂ ਸਿਫ਼ਾਰਸ਼ਾਂ ਨੂੰ ਰੱਦ ਕਰ ਦਿੱਤਾ ਹੈ। ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ, ਕੇਂਦਰੀ ਗ੍ਰਹਿ ਮੰਤਰਾਲੇ ਨੇ 131 ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਸੀ। ਜਿਨ੍ਹਾਂ ਰਾਜਾਂ ਵਿੱਚ 2026 ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਉੱਥੇ ਰਾਜ ਸਰਕਾਰਾਂ ਦੀ ਸਿਫ਼ਾਰਸ਼ ‘ਤੇ ਪਦਮ ਸ਼੍ਰੀ ਪੁਰਸਕਾਰ ਨਹੀਂ ਦਿੱਤੇ ਗਏ ਹਨ।
ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਇੱਕ ਪੱਤਰ ਭੇਜ ਕੇ ਪਦਮ ਪੁਰਸਕਾਰਾਂ ਲਈ ਨਾਮ ਜਮ੍ਹਾਂ ਕਰਾਉਣ ਲਈ ਕਿਹਾ ਸੀ। ਮੁੱਖ ਸਕੱਤਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਗਠਿਤ ਇੱਕ ਸਕ੍ਰੀਨਿੰਗ ਕਮੇਟੀ ਨੇ ਪਦਮ ਪੁਰਸਕਾਰਾਂ ਲਈ ਕੇਂਦਰ ਸਰਕਾਰ ਨੂੰ 13 ਨਾਵਾਂ ਦੀ ਸਿਫ਼ਾਰਸ਼ ਕੀਤੀ ਸੀ। ਰਿਪੋਰਟਾਂ ਅਨੁਸਾਰ, ਪੰਜਾਬ ਸਰਕਾਰ ਨੇ ਪਦਮ ਸ਼੍ਰੀ ਪੁਰਸਕਾਰ ਲਈ ਓਸਵਾਲ/ਨਾਹਰ ਗਰੁੱਪ ਦੇ ਚੇਅਰਮੈਨ ਜਵਾਹਰ ਲਾਲ ਓਸਵਾਲ ਦਾ ਨਾਮ ਪ੍ਰਸਤਾਵਿਤ ਕੀਤਾ ਸੀ। ਗਾਇਕ ਸੁਖਵਿੰਦਰ ਸਿੰਘ ਸੁੱਖੀ (ਮੁੰਬਈ) ਨੂੰ ਵੀ ਪਦਮ ਪੁਰਸਕਾਰਾਂ ਲਈ ਨਾਮਜ਼ਦ ਕੀਤਾ ਗਿਆ ਸੀ।ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਗਾਇਕ ਬਾਬੂ ਮਾਨ ਅਤੇ ਪੱਤਰਕਾਰ ਜਤਿੰਦਰ ਪੰਨੂ ਨੂੰ ਵੀ ਪਦਮ ਸ਼੍ਰੀ ਪੁਰਸਕਾਰ ਲਈ ਨਾਮਜ਼ਦ ਕੀਤਾ ਸੀ। ਇੱਕ ਕੇਂਦਰੀ ਪੱਤਰ ਦੇ ਜਵਾਬ ਵਿੱਚ, ਪੰਜਾਬ ਸਰਕਾਰ ਨੇ ਡਿਪਟੀ ਕਮਿਸ਼ਨਰਾਂ ਤੋਂ ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ ਦੀ ਮੰਗ ਕੀਤੀ ਸੀ। ਸੂਬੇ ਤੋਂ ਪ੍ਰਾਪਤ ਕੁੱਲ ਸਿਫ਼ਾਰਸ਼ਾਂ ਵਿੱਚੋਂ, ਸਕ੍ਰੀਨਿੰਗ ਕਮੇਟੀ ਨੇ 13 ਨਾਮ ਕੇਂਦਰ ਸਰਕਾਰ ਨੂੰ ਭੇਜੇ ਸਨ।
ਪੰਜਾਬ ਸਰਕਾਰ ਵੱਲੋਂ ਸਿਫਾਰਿਸ਼ ਕੀਤੇ ਗਏ ਹੋਰ ਨਾਵਾਂ ਵਿੱਚ ਬਾਬਾ ਕਸ਼ਮੀਰ ਸਿੰਘ ਕਾਰ ਸੇਵਾ ਭੂਰੀ ਵਾਲੇ, ਭਾਈ ਗੁਰਇਕਬਾਲ ਸਿੰਘ (ਮੁੱਖ ਮਾਤਾ ਕੌਲਾਂ ਭਲਾਈ ਕੇਂਦਰ), ਸੰਤ ਬਾਬਾ ਸੁੱਖਾ ਸਿੰਘ ਸਰਹਾਲੀ, ਪ੍ਰਸਿੱਧ ਦੌੜਾਕ ਫੌਜਾ ਸਿੰਘ, ਨਰਿੰਦਰ ਸਿੰਘ ਮੋਹਾਲੀ, ਅਰੁਣ ਕੁਮਾਰ ਰਾਗੋਮਾਜਰਾ (ਪਟਿਆਲਾ), ਡਾ: ਹਰਮਿੰਦਰ ਸਿੰਘ ਸਿੱਧੂ (ਜਲਾਲਦੀਪੁਰ) ਅਤੇ ਬ੍ਰਿੰਦਰ ਸਿੰਘ ਮਸੀਤੀ (ਹੁਸ਼ਿਆਰਪੁਰ) ਅਤੇ ਭਜਨ ਸਿੰਘ ਸ਼ੇਰਗਿਲ ਸ਼ਾਮਲ ਹਨ।
