*ਪਾਇਲ ਹਲਕੇ ਵਿੱਚ ਵਿਕਾਸ ਕਾਰਜਾਂ ਲਈ ਵੱਡਾ ਗੱਫਾ, ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪਿੰਡਾਂ ਲਈ ਖੋਲ੍ਹੇ ਗਰਾਂਟਾਂ ਦੇ ਦਰਵਾਜ਼ੇ*

*ਵਿਧਾਇਕ ਗਿਆਸਪੁਰਾ ਨੇ 109 ਪਿੰਡਾਂ ਦੇ ਸਰਬਪੱਖੀ ਵਿਕਾਸ ਲਈ 3.30 ਕਰੋੜ ਦੀਆਂ ਗਰਾਂਟਾਂ ਵੰਡੀਆਂ*
ਪਾਇਲ, ਦੋਰਾਹਾ, ਖੰਨਾ, ਲੁਧਿਆਣਾ, 28 ਨਵੰਬਰ:(ਰੋਜ਼ਾਨਾਂ ਰਿਪੋਰਟਰ)ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪਿੰਡਾਂ ਦੇ ਸਮੁੱਚੇ ਵਿਕਾਸ ਨੂੰ ਤੇਜ਼ ਰਫ਼ਤਾਰ ਦੇਣ ਲਈ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ। ਪਿੰਡਾਂ ਦੀਆਂ ਬੁਨਿਆਦੀ ਸੁਵਿਧਾਵਾਂ ਨੂੰ ਮਜ਼ਬੂਤ ਬਣਾਉਣ ਦੇ ਮੰਤਵ ਨਾਲ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਪਾਇਲ ਹਲਕੇ ਨੂੰ ਵੱਡਾ ਲਾਭ ਮਿਲਿਆ ਹੈ, ਜਿੱਥੇ ਕੁੱਲ 109 ਪਿੰਡਾਂ ਦੇ ਵਿਕਾਸ ਲਈ 3 ਕਰੋੜ, 30 ਲੱਖ ਰੁਪਏ ਦੀ ਭਾਰੀ-ਭਰਕਮ ਗਰਾਂਟ ਜਾਰੀ ਕੀਤੀ ਗਈ ਹੈ। ਇਹ ਗਰਾਂਟਾਂ ਪਿੰਡਾਂ ਦੇ ਸਰਪੰਚਾਂ ਨੂੰ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਖੁਦ ਆਪਣੇ ਹੱਥੀਂ ਵੰਡੀਆਂ।
ਸਰਕਾਰ ਵੱਲੋਂ ਜਾਰੀ ਕੀਤੀ ਗਰਾਂਟਾਂ ਨਾਲ ਪਾਇਲ ਹਲਕੇ ਦੀ ਨੁਹਾਰ ਹੋਰ ਬਦਲੇਗੀ। ਪਿੰਡਾਂ ਦੀਆਂ ਪੁਰਾਣੀਆਂ ਅਤੇ ਟੁੱਟੀਆਂ ਗਲੀਆਂ ਨੂੰ ਪੱਕਾ ਕੀਤਾ ਜਾਵੇਗਾ। ਜਿੱਥੇ-ਜਿੱਥੇ ਲੋੜ ਹੋਵੇਗੀ, ਉੱਥੇ ਇੰਟਰਲਾਕ ਟਾਇਲਾਂ ਨਾਲ ਸੁੰਦਰ ਅਤੇ ਮਜ਼ਬੂਤ ਗਲੀਆਂ ਤਿਆਰ ਕੀਤੀਆਂ ਜਾਣਗੀਆਂ। ਨਿਕਾਸੀ ਲਈ ਨਵੀਆਂ ਨਾਲੀਆਂ ਬਣਨਗੀਆਂ ਅਤੇ ਪੁਰਾਣੀਆਂ ਦੀ ਮਰੰਮਤ ਹੋਵੇਗੀ। ਇਸਦੇ ਨਾਲ ਹੀ ਸਰਕਾਰ ਨੇ ਪਿੰਡਾਂ ਦੇ ਨੌਜਵਾਨਾਂ ਲਈ ਖੇਡ ਮੈਦਾਨਾਂ ਦੀ ਰਿਪੇਅਰ ਅਤੇ ਹੋਰ ਲੋੜੀਂਦੇ ਕੰਮਾਂ ਲਈ ਵੀ ਰਕਮ ਵੰਡ ਦਿੱਤੀ ਹੈ, ਜਿਸ ਨਾਲ ਖੇਡਾਂ ਨੂੰ ਵਧਾਵਾ ਮਿਲੇਗਾ।ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਦੇ ਕੇਂਦਰ ਧਰਮਸ਼ਾਲਾਵਾ ਦੀ ਮਰੰਮਤ ਵੀ ਇਸ ਗਰਾਂਟ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਕਈ ਪਿੰਡਾਂ ਦੇ ਧਾਰਮਿਕ ਸਥਾਨਾਂ ਦੀ ਮਰੰਮਤ ਹੋਣ ਨਾਲ ਪਿੰਡਾਂ ਵਿੱਚ ਸਮਾਜਕ ਏਕਤਾ ਹੋਰ ਮਜ਼ਬੂਤ ਹੋਵੇਗੀ। ਗਰਾਂਟ ਵੰਡ ਸਮਾਰੋਹ ਦੌਰਾਨ ਪਾਇਲ ਹਲਕੇ ਦੇ ਲੋਕਾਂ ਵਿੱਚ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਨਗਰ ਕੌਂਸਲ ਦੋਰਾਹਾ ਦੇ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ, ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਅਵਿਨਾਸ਼ਪ੍ਰੀਤ ਸਿੰਘ ਜੱਲ੍ਹਾ, ਸਾਬਕਾ ਚੇਅਰਮੈਨ ਬੂਟਾ ਸਿੰਘ ਰਾਣੋਂ ਅਤੇ ਨੌਜਵਾਨ ਆਗੂ ਅਭੈ ਸਿੰਘ ਬੈਂਸ ਸਮੇਤ ਕਈ ਪ੍ਰਮੁੱਖ ਹਸਤੀਆਂ ਹਾਜ਼ਰ ਸਨ। ਸਭ ਨੇ ਸਰਕਾਰ ਦੇ ਇਸ ਵਿਕਾਸਸ਼ੀਲ ਕਦਮ ਦੀ ਖੁੱਲ੍ਹ ਕੇ ਤਾਰੀਫ਼ ਕੀਤੀ।ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਪਿੰਡਾਂ ਦੇ ਵਿਕਾਸ ਨੂੰ ਸਭ ਤੋਂ ਵੱਡੀ ਤਰਜੀਹ ਦੇ ਰਹੀ ਹੈ। ਹਰ ਪਿੰਡ ਨੂੰ ਸੁਵਿਧਾਵਾਂ ਨਾਲ ਲੈਸ ਕਰਕੇ ਲੋਕਾਂ ਦਾ ਜੀਵਨ-ਪੱਧਰ ਉੱਪਰ ਚੁੱਕਣਾ ਸਰਕਾਰ ਦੀ ਮੁੱਖ ਤਰਜੀਹ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਰਕਮ ਜਾਰੀ ਕਰਕੇ ਹਰ ਪਿੰਡ ਨੂੰ ਮਾਡਲ ਪਿੰਡ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ।ਪਿੰਡਾਂ ਦੇ ਸਰਪੰਚਾਂ ਨੇ ਵੀ ਖੁੱਲ੍ਹੇ ਦਿਲ ਨਾਲ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਗਰਾਂਟਾਂ ਪਿੰਡਾਂ ਨੂੰ ਨਵੇਂ ਵਿਕਾਸ ਦੀ ਰਾਹ ‘ਤੇ ਲੈ ਜਾਣ ਵਿੱਚ ਮੀਲ ਪੱਥਰ ਸਾਬਤ ਹੋਣਗੀਆਂ।ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਵੰਡੀਆਂ ਗਈਆਂ ਇਹ ਗਰਾਂਟਾਂ ਨਾ ਸਿਰਫ਼ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਗੀਆਂ, ਸਗੋਂ ਲੋਕਾਂ ਨੂੰ ਸਿਹਤਮੰਦ, ਸਾਫ਼-ਸੁਥਰਾ ਅਤੇ ਬਿਹਤਰ ਜੀਵਨ ਦੇਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ।
