ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਨਵੀਂ ਰੌਸ਼ਨੀ: ਸਿੱਖਿਆ ਦੀ ਗੁਣਵੱਤਾ ਵਧਾਉਣ ਵੱਲ ਸਰਕਾਰ ਦੇ ਦ੍ਰਿੜ ਕਦਮ

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਨਵੀਂ ਰੌਸ਼ਨੀ: ਸਿੱਖਿਆ ਦੀ ਗੁਣਵੱਤਾ ਵਧਾਉਣ ਵੱਲ ਸਰਕਾਰ ਦੇ ਦ੍ਰਿੜ ਕਦਮ

ਡਿਜ਼ੀਟਲ ਕਲਾਸਰੂਮ, ਮਾਡਲ ਸਕੂਲ, NSQF ਪ੍ਰੋਗਰਾਮ ਅਤੇ ਅਧਿਆਪਕਾਂ ਦੀ ਭੂਮਿਕਾ ਨਾਲ ਸਰਕਾਰੀ ਸਕੂਲਾਂ ਦਾ ਚਿਹਰਾ ਬਦਲ ਰਿਹਾ ਹੈ

ਗੁਰਦਾਸਪੁਰ (ਬਿਊਰੋ)ਪੰਜਾਬ ਦੀ ਸਿੱਖਿਆ ਪ੍ਰਣਾਲੀ ਕਈ ਸਾਲਾਂ ਤੋਂ ਗੁਣਵੱਤਾ ਦੀ ਕਮੀ, ਢਾਂਚਾਗਤ ਚੁਣੌਤੀਆਂ ਅਤੇ ਘੱਟ ਰਹੀ ਵਿਦਿਆਰਥੀਆਂ ਦੀ ਗਿਣਤੀਆਂ ਨਾਲ ਜੂਝਦੀ ਰਹੀ ਹੈ। ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਨੂੰ ਤਰਜੀਹ ਦੇ ਰਹੇ ਸਨ। ਪਰ ਹੁਣ ਹਾਲਾਤ ਹੌਲੀ-ਹੌਲੀ ਬਦਲ ਰਹੇ ਹਨ। ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿੱਚ ਨਵੀਂ ਸੋਚ, ਆਧੁਨਿਕ ਤਕਨੀਕ ਅਤੇ ਵਿਸ਼ੇਸ਼ ਯੋਜਨਾਵਾਂ ਲਾਗੂ ਕਰਕੇ ਸਰਕਾਰੀ ਸਕੂਲਾਂ ਨੂੰ ਮਜ਼ਬੂਤ ਬਣਾਉਣ ਵੱਲ ਪੱਕੇ ਕਦਮ ਚੁੱਕੇ ਗਏ ਹਨ।

ਮਾਡਲ ਸਕੂਲ – ਗੁਣਵੱਤਾ ਦੀ ਨਵੀਂ ਮਿਸਾਲ

ਪੰਜਾਬ ਦੇ ਕੁਝ ਚੋਣਵੇਂ ਸਕੂਲਾਂ ਨੂੰ ਮਾਡਲ ਸਕੂਲਾਂ ਦੇ ਰੂਪ ਵਿੱਚ ਵਿਕਸਤ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚ ਸਮਾਰਟ ਕਲਾਸਰੂਮ, ਸੁਚੱਜੇ ਅਤੇ ਸਾਫ-ਸੁਥਰੇ ਬੱਚਿਆਂ ਦੇ ਲਈ ਕਮਰੇ, ਸੁਰੱਖਿਅਤ ਢਾਂਚਾ ਅਤੇ ਆਧੁਨਿਕ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਇਹ ਕਦਮ ਸਰਕਾਰੀ ਸਕੂਲਾਂ ਨੂੰ ਗੁਣਵੱਤਾ ਦੇ ਮਾਮਲੇ ਵਿੱਚ ਨਿੱਜੀ ਸਕੂਲਾਂ ਨਾਲ ਮੁਕਾਬਲਾ ਕਰਨ ਯੋਗ ਬਣਾਉਂਦਾ ਹੈ।

ਡਿਜ਼ੀਟਲ ਕਲਾਸਰੂਮ – ਪੜ੍ਹਾਈ ਵਿੱਚ ਇੱਕ ਨਵੀਂ ਦਿਸ਼ਾ

ਬਹੁਤ ਸਾਰੇ ਸਕੂਲਾਂ ਵਿੱਚ ਪ੍ਰੋਜੈਕਟਰ, ਇੰਟਰਐਕਟਿਵ ਪੈਨਲ ਅਤੇ ਸਮਾਰਟ ਬੋਰਡ ਲਗਾਏ ਗਏ ਹਨ। ਵਿਦਿਆਰਥੀ ਹੁਣ ਵਿਸ਼ਿਆਂ ਨੂੰ ਵੀਡੀਓ, ਐਨੀਮੇਸ਼ਨ ਅਤੇ ਡਿਜ਼ੀਟਲ ਪ੍ਰਜ਼ੇਨਟੇਸ਼ਨ ਰਾਹੀਂ ਸਿੱਖ ਸਕਦੇ ਹਨ। ਇਸ ਤਰੀਕੇ ਨਾਲ ਪਾਠ ਨੂੰ ਸਮਝਣਾ ਹੋਰ ਵੀ ਆਸਾਨ ਹੋ ਜਾਂਦਾ ਹੈ ਅਤੇ ਵਿਦਿਆਰਥੀਆਂ ਦੀ ਸਮਝ ਅਤੇ ਪੜ੍ਹਾਈ ਵਿੱਚ ਨਿਰੰਤਰ ਸੁਧਾਰ ਆਇਆ ਹੈ।

NSQF ਨਾਲ ਹੁਨਰ ਅਤੇ ਸਿੱਖਿਆ ਦਾ ਸੁਮੇਲ

ਰਾਸ਼ਟਰੀ ਹੁਨਰ ਯੋਗਤਾ ਢਾਂਚਾ (NSQF) ਦੇ ਤਹਿਤ ਵਿਦਿਆਰਥੀਆਂ ਨੂੰ 9ਵੀਂ ਤੋਂ 12ਵੀਂ ਕਲਾਸ ਤੱਕ ਵੱਖ-ਵੱਖ ਹੁਨਰ ਸਿੱਖਣ ਦੇ ਮੌਕੇ ਮਿਲ ਰਹੇ ਹਨ। ਇਲੈਕਟ੍ਰਾਨਿਕਸ, ਆਈਟੀ, ਰਿਟੇਲ, ਹੈਲਥਕੇਅਰ ਆਦਿ ਖੇਤਰਾਂ ਵਿੱਚ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸ ਨਾਲ ਵਿਦਿਆਰਥੀ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਸਿੱਖਦੇ, ਸਗੋਂ ਹੱਥੀ ਕੰਮ ਸਿੱਖ ਕੇ ਹੁਨਰਮੰਦ ਤੇ ਆਪਣਾ ਰੁਜਗਾਰ ਜਾਂ ਨੌਕਰੀ ਕਰਨ ਵਿੱਚ ਵੀ ਮਾਹਿਰ ਹੋ ਰਹੇ ਹਨ। ਸਕੂਲ ਉਨ੍ਹਾਂ ਲਈ ਮਜ਼ਬੂਤ ਅਤੇ ਭਰੋਸੇਯੋਗ ਅਧਾਰ ਤਿਆਰ ਕਰ ਰਹੇ ਹਨ।

ਅਧਿਆਪਕਾਂ ਦੀ ਨਵੀਂ ਭੂਮਿਕਾ

ਸਰਕਾਰ ਨੇ ਅਧਿਆਪਕਾਂ ਲਈ ਵਿਸ਼ੇਸ਼ ਪੇਸ਼ਾਵਰ ਤੰਦਰੁਸਤੀ ਅਤੇ ਵਿਕਾਸ ਪ੍ਰੋਗਰਾਮ ਸ਼ੁਰੂ ਕੀਤੇ ਹਨ, ਜਿਸ ਨਾਲ ਉਹ ਨਵੀਂ ਪਾਠਕ੍ਰਮ ਪ੍ਰਣਾਲੀ ਅਤੇ ਇੰਟਰਐਕਟਿਵ ਸਿੱਖਣ-ਸਿਖਾਉਣ ਤਕਨੀਕਾਂ ਵਿੱਚ ਨਿਪੁੰਨ ਹੋ ਸਕਣ। ਅਧਿਆਪਕ ਹੁਣ ਕੇਵਲ ਪਾਠਕ੍ਰਮ ਪੜ੍ਹਾਉਣ ਤੱਕ ਸੀਮਿਤ ਨਹੀਂ ਰਹੇ, ਸਗੋਂ ਉਹ ਵਿਦਿਆਰਥੀਆਂ ਦੀ ਸੋਚ, ਸਮਝ, ਹੱਥੀ ਕਿਰਤ ਕਰਨ ਦੇ ਹੁਨਰਾਂ ਅਤੇ ਰੋਜ਼ਗਾਰ ਯੋਗਤਾ ਨੂੰ ਨਿਖਾਰਣ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ।

ਵਿਦਿਆਰਥੀਆਂ ਤੇ ਮਾਪਿਆਂ ਵਿੱਚ ਭਰੋਸੇ ਦੀ ਵਾਪਸੀ

ਇਨ੍ਹਾਂ ਕਦਮਾਂ ਨਾਲ ਕਈ ਸਰਕਾਰੀ ਸਕੂਲਾਂ ਵਿੱਚ ਦਾਖ਼ਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਮਾਪੇ ਹੁਣ ਦੁਬਾਰਾ ਸਰਕਾਰੀ ਸਕੂਲਾਂ ਵੱਲ ਆਕਰਸ਼ਿਤ ਹੋ ਰਹੇ ਹਨ। ਇਹ ਰੁਝਾਨ ਸਿੱਖਿਆ ਪ੍ਰਣਾਲੀ ‘ਤੇ ਲੋਕਾਂ ਦੇ ਵੱਧਦੇ ਭਰੋਸੇ ਦਾ ਸਪਸ਼ਟ ਪ੍ਰਮਾਣ ਹੈ।

ਪੰਜਾਬ ਦੇ ਸਰਕਾਰੀ ਸਕੂਲ ਅੱਜ ਬਦਲਾਅ ਦੇ ਇੱਕ ਮਹੱਤਵਪੂਰਨ ਮੋੜ ‘ਤੇ ਖੜੇ ਹਨ। ਜੇ ਇਹ ਯੋਜਨਾਵਾਂ ਲਗਾਤਾਰ ਅਤੇ ਇਮਾਨਦਾਰੀ ਨਾਲ ਜ਼ਮੀਨ ‘ਤੇ ਲਾਗੂ ਰਹੀਆਂ, ਤਾਂ ਆਉਂਦੇ ਸਾਲਾਂ ਵਿੱਚ ਸਰਕਾਰੀ ਸਕੂਲਾਂ ਨੂੰ ਗੁਣਵੱਤਾ ਦੇ ਮਾਮਲੇ ਵਿੱਚ ਕਿਸੇ ਵੀ ਨਿੱਜੀ ਸਕੂਲ ਨਾਲ ਮੁਕਾਬਲਾ ਕਰਨ ਵਿੱਚ ਪਿੱਛੇ ਨਹੀਂ ਰਹਿਣਾ ਪਵੇਗਾ। ਸਿੱਖਿਆ ਹੁਣ ਸਿਰਫ਼ ਕਿਤਾਬੀ ਗਿਆਨ ਤੱਕ ਸੀਮਿਤ ਨਹੀਂ, ਸਗੋਂ ਵਿਦਿਆਰਥੀਆਂ ਨੂੰ ਆਤਮਵਿਸ਼ਵਾਸੀ, ਹੁਨਰਮੰਦ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣ ਦਾ ਸਰਕਾਰੀ ਮਾਧਿਅਮ ਬਣੀ ਹੈ।

ਲੇਖਕ: Er. ਗੌਰਵ ਮਹਾਜਨ

ਵੋਕੇਸ਼ਨਲ ਟੀਚਰ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਟੀਆਂ

Leave a Reply

Your email address will not be published. Required fields are marked *