ਵਿਦਿਆਰਥੀਆਂ ਨੂੰ ਨਸ਼ਿਆਂ ਦੇ ਦੁਰਪ੍ਰਭਾਵਾਂ, ਇਸ ਤੋਂ ਬਚਣ ਅਤੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ

‘ਯੁੱਧ ਨਸ਼ਿਆਂ ਵਿਰੁੱਧ’ 

ਵਿਦਿਆਰਥੀਆਂ ਨੂੰ ਨਸ਼ਿਆਂ ਦੇ ਦੁਰਪ੍ਰਭਾਵਾਂ, ਇਸ ਤੋਂ ਬਚਣ ਅਤੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ

ਵੱਖ ਵੱਖ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ, ਉਨ੍ਹਾਂ ਨੂੰ ਸਹੀ ਕੈਰੀਅਰ ਦੀ ਚੋਣ ਕਰਨ ਵਿੱਚ ਕੀਤਾ ਮਾਰਗਦਰਸ਼ਨ 

ਬਟਾਲਾ , 3 ਨਵੰਬਰ (ਬਿਉਰੋ)

ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ, ਉਨ੍ਹਾਂ ਨੂੰ ਸਹੀ ਕੈਰੀਅਰ ਦੀ ਚੋਣ ਕਰਨ ਵਿੱਚ ਮਾਰਗਦਰਸ਼ਨ ਦੇਣ ਅਤੇ ਸਿੱਖਿਆ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਗਾਈਡੈਂਸ ਕੌਂਸਲਰ ਮੁਕੇਸ਼ ਵਰਮਾ ਵੱਲੋਂ ਅੱਜ ਧਿਆਨਪੁਰ ਬਲਾਕ ਦੇ ਵੱਖ-ਵੱਖ ਸਕੂਲਾਂ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿਰਜਾ ਜਾਨ ਅਤੇ ਪੀਐਮ ਸ਼੍ਰੀ ਸੀਨੀਅਰ ਸੈਕੰਡਰੀ ਸਕੂਲ ਧਿਆਨਪੁਰ ਵਿਖੇ ਵਿਦਿਆਰਥੀਆਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿੱਤਾ ਮੁਖੀ ਕੋਰਸਾਂ, ਉੱਚ ਸਿੱਖਿਆ ਦੇ ਮੌਕਿਆਂ ਅਤੇ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਬਲਾਕ ਗਾਈਡੈਂਸ ਕੌਂਸਲਰ ਧਿਆਨਪੁਰ ਸਰਬਜੀਤ ਸਿੰਘ ਚੱਠਾ ਵੀ ਮੌਜੂਦ ਸਨ।

 

ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ “ਵਿਦਿਆਰਥੀ ਜੀਵਨ ਸਿਰਫ਼ ਡਿਗਰੀਆਂ ਹਾਸਲ ਕਰਨ ਦਾ ਸਮਾਂ ਨਹੀਂ, ਸਗੋਂ ਆਪਣੇ ਸੁਪਨਿਆਂ ਨੂੰ ਪਛਾਣਨ, ਉਨ੍ਹਾਂ ਲਈ ਸਹੀ ਦਿਸ਼ਾ ਨਿਰਧਾਰਤ ਕਰਨ ਅਤੇ ਭਵਿੱਖ ਦੀ ਮਜ਼ਬੂਤ ਨੀਂਹ ਰੱਖਣ ਦਾ ਸੁਨਹਿਰੀ ਸਮਾਂ ਹੈ। ਹਰ ਵਿਦਿਆਰਥੀ ਨੂੰ ਆਪਣੀ ਰੁਚੀ ਅਤੇ ਯੋਗਤਾ ਅਨੁਸਾਰ ਕੈਰੀਅਰ ਦੀ ਚੋਣ ਕਰਨੀ ਚਾਹੀਦੀ ਹੈ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਸ਼ੁਰੂ ਤੋਂ ਹੀ ਯੋਜਨਾਬੱਧ ਤਰੀਕੇ ਨਾਲ ਮਿਹਨਤ ਕਰਨੀ ਚਾਹੀਦੀ ਹੈ।

 

ਉਨ੍ਹਾਂ ਕਿਹਾ ਕਿਨਸ਼ਿਆਂ ਤੋਂ ਦੂਰ ਰਹਿ ਕੇ ਸਿੱਖਿਆ, ਖੇਡਾਂ ਅਤੇ ਉਸਾਰੂ ਗਤੀਵਿਧੀਆਂ ਨੂੰ ਜੀਵਨ ਦਾ ਹਿੱਸਾ ਬਣਾਉਣਾ ਹੀ ਸਫ਼ਲ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਦਾ ਆਧਾਰ ਹੈ।

 

ਉਨ੍ਹਾਂ ਨੇ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਨੌਜਵਾਨ ਵਰਗ ਨਸ਼ਿਆਂ ਦੇ ਖਾਤਮੇ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਆਪਣੇ ਸਾਥੀਆਂ ਨੂੰ ਵੀ ਇਸ ਬੁਰਾਈ ਤੋਂ ਬਚਾਉਣ ਅਤੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ।

 

ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲਾਂ ਵਿੱਚ ਲੀਗਲ ਲਿਟਰੇਸੀ ਕਲੱਬ ਸਥਾਪਿਤ ਕਰਨ ਸਬੰਧੀ ਸਕੂਲ ਮੁਖੀਆਂ ਨੂੰ ਜਾਣਕਾਰੀ ਦਿੱਤੀ ਗਈ।

 

ਇਸ ਮੌਕੇ ਵਿਦਿਆਰਥੀਆਂ ਦੇ ਵੱਖ-ਵੱਖ ਵਿਸ਼ਿਆਂ ਸਬੰਧੀ ਗਿਆਨ ਅਤੇ ਰਚਨਾਤਮਕ ਯੋਗਤਾ ਨੂੰ ਪਰਖਣ ਲਈ ਮੁਕਾਬਲੇ ਵੀ ਕਰਵਾਏ ਗਏ। ਇਸ ਤੋਂ ਇਲਾਵਾ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਅਤੇ ਇਸ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਪੱਤਰ ਭੇਟ ਕਰਕੇ ਉਤਸ਼ਾਹਿਤ ਕੀਤਾ ਗਿਆ।

 

ਇਸ ਮੌਕੇ ਬਲਾਕ ਗਾਈਡੈਂਸ ਕੌਂਸਲਰ ਸਰਬਜੀਤ ਸਿੰਘ ਚੱਠਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ “ਵਿਦਿਆਰਥੀਆਂ ਨੂੰ ਸਹੀ ਸਮੇਂ ‘ਤੇ ਸਹੀ ਮਾਰਗਦਰਸ਼ਨ ਮਿਲਣਾ ਉਨ੍ਹਾਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇ ਸਕਦਾ ਹੈ।

 

ਪੀਐਮ ਸ਼੍ਰੀ ਸੀਨੀਅਰ ਸੈਕੰਡਰੀ ਸਕੂਲ ਧਿਆਨਪੁਰ ਦੇ ਇੰਚਾਰਜ ਹਿਤੇਸ਼ ਸ਼ਰਮਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿਰਜਾ ਜਾਨ ਦੇ ਇੰਚਾਰਜ ਬਲਵਿੰਦਰ ਸਿੰਘ ਵੀ ਮੌਜੂਦ ਸਨ।

Leave a Reply

Your email address will not be published. Required fields are marked *