ਆਪ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਵਲੋਂ ਦਿੱਲੀ-ਕਟੜਾ ਐਕਸਪ੍ਰੈਸ ਵੇਅ ਕਾਰਨ ਪ੍ਰਭਾਵਿਤ ਕਿਸਾਨਾਂ ਨਾਲ ਖੜਨ ਦਾ ਕੀਤਾ ਅਹਿਦ

ਪ੍ਰਭਾਵਿਤ ਹੋਏ ਕਿਸਾਨਾਂ ਦੇ ਹੱਕਾਂ ਦੀ ਲੜਾਈ ਲੜਾਂਗਾ – ਵਕੀਲ ਘੁੰਮਣ
ਹੁਸ਼ਿਆਰਪੁਰ 15 ਮਈ ( ਤਰਸੇਮ ਦੀਵਾਨਾ )- ਰੋਡ ਕਿਸਾਨ ਸੰਘਰਸ਼ ਕਮੇਟੀ ਭਲੱਥ ਤੇ ਦਿੱਲੀ ਕਟੜਾ ਐਕਸਪ੍ਰੈਸ ਹਾਈਵੇ ਕਾਰਣ ਪ੍ਰਭਾਵਿਤ ਕਿਸਾਨਾਂ ਨੇ ਅੱਜ ਸਬ ਡਵੀਜਨ ਭੁਲੱਥ ਦੇ ਪਿੰਡ ਇਬ੍ਰਾਹਮਵਾਲ ਵਿਖੇ ਮਹਾ ਪੰਚਾਇਤ ਕੀਤੀ, ਜਿੱਥੇ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਸ਼ਾਮੂਲੀਅਤ ਕੀਤੀ। ਕਿਸਾਨ ਮਹਾ ਪੰਚਾਇਤ ਵਿੱਚ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਅਤੇ ਹਲਕਾ ਇੰਚਾਰਜ ਵਕੀਲ ਹਰਸਿਮਰਨ ਸਿੰਘ ਘੁੰਮਣ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਕਿਸਾਨਾਂ ਨੂੰ ਆਉਂਦੀਆ ਮੁਸ਼ਕਿਲਾਂ ਸੁਣੀਆਂ । ਕਿਸਾਨਾਂ ਨੇ ਕਿਹਾ ਕਿ ਅਸੀਂ ਇਸ ਸਮੇਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਾਂ ਅਤੇ ਅਦਾਲਤਾਂ ਤੇ ਸਰਕਾਰੀ ਦਫਤਰਾਂ ਵਿਚ ਸਾਡੇ ਨੌਜੁਵਾਨ ਬੱਚੇ ‘ਤੇ ਬਜ਼ੁਰਗ ਆਪਣੇ ਹੱਕ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਪ੍ਰਤੂੰ ਕਿਸਾਨਾਂ ਦੇ ਯਤਨ ਵੱਧ ਤੇ ਸੁਣਵਾਈ ਘੱਟ ਹੈ। ਕਿਸਾਨਾਂ ਨੇ ਦੱਸਿਆ ਕਿ ਆਰਬੀਟਰੇਸ਼ਨ ਦੀ ਅਦਾਲਤ ਵਿਚ ਪਿਛਲੇ ਦੋ ਸਾਲ ਤੋਂ ਲਟਕ ਰਹੇ ਮਾਮਲੇ ਤੇ ਆਰਬੀਟਰੇਟਰ ਵੱਲੋਂ ਅਣਦੇਖੀ ਕੀਤੀ ਜਾ ਰਹੀ ਹੈ ਅਤੇ ਅਬਾਦ ਜਮੀਨਾਂ ਦੇ ਘੱਟ ਰੇਟਾਂ ਦੇ ਫੈਸਲੇ ਕਿਸਾਨੀ ਦਾ ਘਾਣ ਕਰ ਰਹੇ ਹਨ। ਇਸ ਦੋਰਾਨ ਆਪ ਉਮੀਦਵਾਰ ਡਾ. ਚੱਬੇਵਾਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ ਤੇ ਖੜੀ ਰਹੇਗੀ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਕਿਸਾਨਾਂ ਦੇ ਹੱਕਾਂ ਲਈ ਲੜਨਗੇ ਅਤੇ ਦੇਸ਼ ਦੀ ਪਾਰਲੀਮੈਂਟ ਤੱਕ ਕਿਸਾਨਾਂ ਦੀਆਂ ਮੰਗਾਂ ਪਹੁੰਚਾਉਣਗੇ। ਇਸ ਮੌਕੇ ਹਲਕਾ ਇੰਚਾਰਜ ਵਕੀਲ ਹਰਸਿਮਰਨ ਸਿੰਘ ਘੁੰਮਣ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਦੇਸ਼ ਦੀ ਸਰਕਾਰ ਵਲੋਂ ਕਿਸਾਨਾਂ ਦੇ ਹੱਕ ਦੱਬਣੇ ਬਹੁਤ ਮੰਧਭਾਗਾ ਹੈ ਅਤੇ ਘੱਟ ਮੁੱਲ ਦੇਕੇ ਕਿਸਾਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ, ਉਨ੍ਹਾਂ ਕਿਹਾ ਪੰਜਾਬ ਸਰਕਾਰ ਕਿਸਾਨਾਂ ਦੇ ਹੱਕਾਂ ਦੀ ਲੜਾਈ ਲੜੇਗੀ ।
ਫੋਟੋ : ਅਜਮੇਰ ਦੀਵਾਨਾ
