ਬਿਰਲਾ ਓਪਨ ਮਾਈਂਡਜ਼ ਸਕੂਲ ਵਿੱਚ ਫੈਮਿਲੀ ਵਾਕ ਸਬੰਧੀ ਬੱਚਿਆਂ ਨੂੰ ਦਿੱਤੀ ਜਾਣਕਾਰੀ
ਫਿਟ ਬਾਈਕਰ ਕਲੱਬ ਵੱਲੋਂ ਕਰਵਾਈ ਜਾ ਰਹੀ ਫੈਮਿਲੀ ਵਾਕ ਦੀਆਂ ਤਿਆਰੀਆਂ ਮੁਕੰਮਲ

ਹੁਸ਼ਿਆਰਪੁਰ, 1 ਅਕਤੂਬਰ (ਤਰਸੇਮ ਦੀਵਾਨਾ)
ਫਿਟ ਬਾਈਕਰ ਕਲੱਬ ਵੱਲੋਂ 6 ਦਸੰਬਰ ਨੂੰ ਕਰਵਾਈ ਜਾ ਰਹੀ ਸਚਦੇਵਾ ਸਟਾਕਸ ਫੈਮਿਲੀ ਵਾਕ ਦੌਰਾਨ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਿਹਤਮੰਦ ਜੀਵਨਸ਼ੈਲੀ, ਨਿਯਮਤ ਕਸਰਤ ਅਤੇ ਸਰੀਰਕ ਤੰਦਰੁਸਤੀ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਹ ਗੱਲ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਨੇ ਬਿਰਲਾ ਓਪਨ ਮਾਈਂਡਜ਼ ਇੰਟਰਨੈਸ਼ਨਲ ਸਕੂਲ ਵਿਖੇ ਬੱਚਿਆਂ ਨੂੰ ਫੈਮਿਲੀ ਵਾਕ ਸਬੰਧੀ ਜਾਣਕਾਰੀ ਦਿੰਦਿਆਂ ਕਹੀ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਕੁਲਵੰਤ ਸਿੰਘ ਕੋਹਰ ਅਤੇ ਵਾਈਸ ਪ੍ਰਿੰਸੀਪਲ ਸੁਪਰਨਾਂ ਕੌਸ਼ਲ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
ਸਕੂਲ ਪ੍ਰਬੰਧਨ ਵੱਲੋਂ ਵੀ ਬੱਚਿਆਂ ਨੂੰ ਸਿਹਤ ਅਤੇ ਫਿਟਨੈੱਸ ਪ੍ਰਤੀ ਜਾਗਰੂਕ ਕਰਨ ਲਈ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। ਪਰਮਜੀਤ ਸਿੰਘ ਸਚਦੇਵਾ ਨੇ ਕਿਹਾ ਕਿ ਫੈਮਿਲੀ ਵਾਕ ਦਾ ਮੁੱਖ ਉਦੇਸ਼ ਲੋਕਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸਰੀਰਕ ਗਤੀਵਿਧੀਆਂ ਨੂੰ ਸ਼ਾਮਲ ਕਰਨ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਬੱਚਿਆਂ ਦਾ ਕਾਫ਼ੀ ਸਮਾਂ ਮੋਬਾਈਲ ਫੋਨ ਅਤੇ ਹੋਰ ਇਲੈਕਟ੍ਰਾਨਿਕ ਉਪਕਰਨਾਂ ’ਤੇ ਬੀਤ ਰਿਹਾ ਹੈ। ਅਜਿਹੇ ਵਿੱਚ ਬੱਚਿਆਂ ਨੂੰ ਖੇਡਾਂ, ਪੈਦਲ ਚੱਲਣ, ਸਾਈਕਲਿੰਗ ਅਤੇ ਹੋਰ ਬਾਹਰੀ ਗਤੀਵਿਧੀਆਂ ਨਾਲ ਜੋੜਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨਾਲ ਮਿਲ ਕੇ ਕੀਤੀ ਜਾਣ ਵਾਲੀ ਵਾਕ ਬੱਚਿਆਂ ਵਿੱਚ ਸਿਹਤਮੰਦ ਆਦਤਾਂ ਵਿਕਸਿਤ ਕਰਨ ਦਾ ਬਿਹਤਰ ਮਾਧਿਅਮ ਹੈ। ਇਸ ਨਾਲ ਜਿੱਥੇ ਸਰੀਰਕ ਤੰਦਰੁਸਤੀ ਪ੍ਰਤੀ ਜਾਗਰੂਕਤਾ ਪੈਦਾ ਹੋਵੇਗੀ, ਉੱਥੇ ਪਰਿਵਾਰਕ ਮੈਂਬਰਾਂ ਨੂੰ ਇਕੱਠੇ ਸਮਾਂ ਬਿਤਾਉਣ ਦਾ ਮੌਕਾ ਵੀ ਮਿਲੇਗਾ।
ਇਸ ਮੌਕੇ ਕੁਲਵੰਤ ਸਿੰਘ ਕੋਹਰ ਨੇ ਕਿਹਾ ਕਿ ਫਿਟ ਬਾਈਕਰ ਕਲੱਬ ਵੱਲੋਂ ਸਮੇਂ-ਸਮੇਂ ’ਤੇ ਲੋਕਾਂ ਨੂੰ ਸਾਈਕਲਿੰਗ, ਵਾਕਿੰਗ ਅਤੇ ਫਿਟਨੈੱਸ ਗਤੀਵਿਧੀਆਂ ਨਾਲ ਜੋੜਨ ਲਈ ਯਤਨ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਬੱਚਿਆਂ ਅਤੇ ਨੌਜਵਾਨਾਂ ਨੂੰ ਛੋਟੀ ਉਮਰ ਤੋਂ ਹੀ ਸਿਹਤ ਪ੍ਰਤੀ ਜਾਗਰੂਕ ਕਰਨਾ ਜ਼ਰੂਰੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਸਚਦੇਵਾ ਸਟਾਕਸ ਫੈਮਿਲੀ ਵਾਕ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਅਤੇ ਸਿਹਤਮੰਦ ਜੀਵਨਸ਼ੈਲੀ ਦਾ ਸੰਦੇਸ਼ ਜਨ-ਜਨ ਤੱਕ ਪਹੁੰਚਾਉਣ ਵਿੱਚ ਸਹਿਯੋਗ ਕਰਨ।
ਇਸ ਮੌਕੇ ਉੱਤਮ ਸਿੰਘ ਸਾਬੀ, ਤਰਲੋਚਨ ਸਿੰਘ, ਰੋਹਿਤ ਬਸੀ, ਓਂਕਾਰ ਸਿੰਘ ਅਤੇ ਦਲਜੀਤ ਸਿੰਘ ਭਾਰਜ ਵੀ ਮੌਜੂਦ ਸਨ।
