ਬੈਂਕਰਜ਼ ਕਮੇਟੀ ਦੀਆਂ ਮੀਟਿੰਗਾਂ ’ਚ ਬੈਂਕਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ
ਚਾਲੂ ਵਿੱਤੀ ਵਰ੍ਹੇ ਲਈ ਮਿੱਥੇ ਗਏ ਟੀਚਿਆਂ ਤੇ ਨਤੀਜਿਆਂ ਬਾਰੇ ਵਿਚਾਰ-ਵਟਾਂਦਰਾ

ਜਲੰਧਰ, 29 ਜੁਲਾਈ: David
ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਦੀ ਸਮੀਖਿਆ ਕਰਨ ਲਈ ਬਲਾਕ ਪੱਧਰੀ ਬੈਂਕਰਜ਼ ਕਮੇਟੀ ਦੀਆਂ ਮੀਟਿੰਗਾਂ ਦਾ ਸਿਲਸਿਲਾ ਸਫ਼ਲਤਾਪੂਰਵਕ ਸਮਾਪਤ ਹੋ ਗਿਆ।
ਐਲ.ਡੀ.ਐਮ. ਜਲੰਧਰ ਐੱਮ ਐੱਸ ਮੋਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 20 ਜੁਲਾਈ 2026 ਨੂੰ ਲੋਹੀਆਂ ਖ਼ਾਸ ਅਤੇ ਸ਼ਾਹਕੋਟ ਬਲਾਕਾਂ ਵਿੱਚ ਮੀਟਿੰਗਾਂ ਨਾਲ ਇਹ ਸਿਲਸਿਲਾ ਸ਼ੁਰੂ ਹੋਇਆ ਸੀ, ਇਸ ਤਹਿਤ ਜ਼ਿਲ੍ਹੇ ਦੇ ਵੱਖ-ਵੱਖ 11 ਬਲਾਕਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ।
ਮੀਟਿੰਗਾਂ ਵਿੱਚ ਪਹਿਲੀ ਤਿਮਾਹੀ ਦੌਰਾਨ (01.04.2026 ਤੋਂ 30.06.2026 ਤੱਕ ) ਬੈਂਕਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਦੇ ਨਾਲ-ਨਾਲ ਚਾਲੂ ਵਿੱਤੀ ਵਰ੍ਹੇ ਲਈ ਮਿੱਥੇ ਗਏ ਟੀਚਿਆਂ ਅਤੇ ਨਤੀਜਿਆਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਬੈਂਕ ਅਧਿਕਾਰੀਆਂ ਵੱਲੋਂ 30 ਜੂਨ 2026 ਨੂੰ ਸਮਾਪਤ ਹੋਈ ਤਿਮਾਹੀ ਦੌਰਾਨ ਆਪੋ-ਆਪਣੇ ਬੈਂਕ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ ਗਈ।
ਐਲ.ਡੀ.ਐੱਮ. ਨੇ ਜਨ ਸੁਰੱਖਿਆ ਸਕੀਮਾਂ ਅਤੇ ਪ੍ਰਧਾਨ ਮੰਤਰੀ ਸਵੈਨਿਧੀ ਸਕੀਮ ਤਹਿਤ ਲਾਭਪਾਤਰੀਆਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਕਰਜ਼ੇ ਲਈ ਪ੍ਰਾਪਤ ਅਰਜ਼ੀਆਂ ਦੇ ਜਲਦ ਨਿ3hਪਟਾਰੇ ਲਈ ਕਿਹਾ। ਜੂਨ 2026 ਤਿਮਾਹੀ ਦੀ ਸਮੀਖਿਆ ਦੇ ਨਾਲ-ਨਾਲ ਜ਼ਿਲ੍ਹੇ ਦੀ ਜਮ੍ਹਾ-ਕਰਜ਼ ਅਨੁਪਾਤ (ਸੀ. ਡੀ. ਰੇਸ਼ੋ) ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਬੈਂਕਾਂ ਨੂੰ ਇਸ ਵਿੱਚ ਸੁਧਾਰ ਕਰਨ ਲਈ ਵੱਧ ਤੋਂ ਵੱਧ ਕਰਜ਼ੇ ਮਨਜ਼ੂਰ ਕਰਨ ਲਈ ਕਿਹਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਸਰਕਾਰੀ ਸਕੀਮਾਂ ਤਹਿਤ ਲੰਬਿਤ ਕਰਜ਼ਾ ਅਰਜ਼ੀਆਂ ਨੂੰ ਜਲਦ ਤੋਂ ਜਲਦ ਨਿਪਟਾਉਣ ਲਈ ਹਦਾਇਤ ਵੀ ਕੀਤੀ ਗਈ।
ਮੀਟਿੰਗਾਂ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦੇ ਦਫ਼ਤਰ ਤੋਂ ਆਜੀਵਕਾ ਮਿਸ਼ਨ ਦੇ ਨੁਮਾਇੰਦੇ, ਨਾਬਾਰਡ ਦੇ ਅਧਿਕਾਰੀ, ਰੂਡਸੈੱਟ ਸੰਸਥਾ ਦੇ ਨੁਮਾਇੰਦੇ , ਕਰਿਸਲ ਤੇ ਅਰੋਹ ਫਾਊਂਡੇਸ਼ਨਾਂ ਅਤੇ ਬੈਂਕ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
