ਨੌਜਵਾਨਾਂ ਨੂੰ ਸਿਆਸਤ ਵਿੱਚ ਆਦਰਸ਼ਾਂ ਦੇ ਰਾਹ ’ਤੇ ਚੱਲਣ ਦੀ ਲੋੜ : ਹਰਜਿੰਦਰ ਸਿੰਘ ਧਾਮੀ
ਸੰਜੀਵ ਤਲਵਾੜ ਦੀ ਕਿਤਾਬ ‘Gen Z ਦੇਸ਼ ਦਾ ਭਵਿੱਖ ਬਨਾਮ ਸਿਆਸਤ ਦੇ ਮੋਹਰੇ’ ਨੌਜਵਾਨਾਂ ਨੂੰ ਰਾਜਨੀਤਿਕ ਜ਼ਿੰਮੇਵਾਰੀਆਂ ਪ੍ਰਤੀ ਕਰਦੀ ਹੈ ਸੁਚੇਤ
ਹੁਸ਼ਿਆਰਪੁਰ, 28 ਅਕਤੂਬਰ (ਤਰਸੇਮ ਦੀਵਾਨਾ)

ਰਾਜਨੀਤੀ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਸਿਰਫ਼ ਕਿਸੇ ਪਾਰਟੀ ਲਈ ਕੰਮ ਕਰਨ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਉਨ੍ਹਾਂ ਨੂੰ ਆਪਣੇ ਸਿਧਾਂਤਾਂ, ਨੈਤਿਕ ਕਦਰਾਂ-ਕੀਮਤਾਂ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਨੂੰ ਵੀ ਸਮਝਣਾ ਚਾਹੀਦਾ ਹੈ। ਰਾਜਨੀਤਿਕ ਖੇਤਰ ਵਿੱਚ ਆਦਰਸ਼ਾਂ ਦੀ ਪਾਲਣਾ ਅਤੇ ਵਰਕਰਾਂ ਦੇ ਹੱਕਾਂ ਦੀ ਰਾਖੀ ਬੇਹੱਦ ਜ਼ਰੂਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਲੇਖਕ ਸੰਜੀਵ ਤਲਵਾੜ ਦੀ ਕਿਤਾਬ ‘Gen Z: ਦੇਸ਼ ਦਾ ਭਵਿੱਖ ਬਨਾਮ ਸਿਆਸਤ ਦੇ ਮੋਹਰੇ’ ’ਤੇ ਹੋਈ ਸਮੀਖਿਆ ਚਰਚਾ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ਸਿਧਾਂਤਾਂ ਅਤੇ ਆਦਰਸ਼ਾਂ ਦੀ ਅਹਿਮੀਅਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਰਾਜਨੀਤਿਕ ਪਾਰਟੀ ਦੀ ਮਜ਼ਬੂਤੀ ਉਸ ਦੇ ਵਰਕਰਾਂ ਦੀ ਮਿਹਨਤ ਅਤੇ ਸਮਰਪਣ ’ਤੇ ਨਿਰਭਰ ਕਰਦੀ ਹੈ, ਇਸ ਲਈ ਉਨ੍ਹਾਂ ਦੇ ਯੋਗਦਾਨ ਦਾ ਸਤਿਕਾਰ ਕਰਨਾ ਵੀ ਲਾਜ਼ਮੀ ਹੈ। ਉਨ੍ਹਾਂ ਅਨੁਸਾਰ, ਸੰਜੀਵ ਤਲਵਾੜ ਨੇ ਆਪਣੀ ਪੁਸਤਕ ਰਾਹੀਂ ਨੌਜਵਾਨ ਪੀੜ੍ਹੀ ਨੂੰ ਸਿਆਸਤ ਦੇ ਵੱਖ-ਵੱਖ ਪਹਿਲੂਆਂ ਨਾਲ ਜਾਣੂ ਕਰਵਾਉਣ ਦੇ ਨਾਲ-ਨਾਲ ਰਾਜਨੀਤਿਕ ਵਰਕਰਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਸਾਬਕਾ ਰਾਜ ਮੰਤਰੀ ਸ੍ਰੀ ਐਨ.ਕੇ. ਸ਼ਰਮਾ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਆਪਣੀ ਭੂਮਿਕਾ ਸਮਝਣ ਅਤੇ ਸਹੀ ਦਿਸ਼ਾ ਵਿੱਚ ਅੱਗੇ ਵਧਣ ਲਈ ਸੁਚੱਜੀ ਅਗਵਾਈ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਤਾਬ ਵਿੱਚ ਨੌਜਵਾਨ ਵਰਕਰਾਂ ਦੀਆਂ ਸਮੱਸਿਆਵਾਂ, ਉਨ੍ਹਾਂ ਦੇ ਹੱਕਾਂ ਅਤੇ ਸਮਾਜ ਪ੍ਰਤੀ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਵਰਗੇ ਅਹਿਮ ਮੁੱਦਿਆਂ ਨੂੰ ਉਭਾਰਿਆ ਗਿਆ ਹੈ। ਅਜਿਹੀਆਂ ਰਚਨਾਵਾਂ ਨੌਜਵਾਨਾਂ ਨੂੰ ਸਿਆਸਤ ਦੇ ਅਸਲ ਮਕਸਦ ਅਤੇ ਲੋਕ ਸੇਵਾ ਦੀ ਮਹੱਤਤਾ ਸਮਝਣ ਵਿੱਚ ਮਦਦ ਕਰ ਸਕਦੀਆਂ ਹਨ।
ਸੈਨੇਟ ਮੈਂਬਰ ਸ੍ਰੀ ਸੰਦੀਪ ਸੀਕਰੀ ਨੇ ਕਿਹਾ ਕਿ ਰਾਜਨੀਤੀ ਵਿੱਚ ਕਦਮ ਰੱਖਣ ਵਾਲੇ ਨੌਜਵਾਨਾਂ ਲਈ ਸਹੀ ਆਗੂ ਅਤੇ ਮਾਰਗਦਰਸ਼ਕ ਦੀ ਚੋਣ ਕਰਨਾ ਬਹੁਤ ਮਹੱਤਵਪੂਰਨ ਹੁੰਦਾ ਹੈ। ਜੇਕਰ ਨੌਜਵਾਨਾਂ ਨੂੰ ਸਹੀ ਸੇਧ ਮਿਲੇ ਤਾਂ ਉਹ ਆਪਣੇ ਸਿਆਸੀ ਸਫ਼ਰ ਨੂੰ ਲੋਕ ਭਲਾਈ ਅਤੇ ਸਮਾਜਿਕ ਸੁਧਾਰਾਂ ਨਾਲ ਜੋੜ ਸਕਦੇ ਹਨ। ਉਨ੍ਹਾਂ ਕਿਹਾ ਕਿ ਸੰਜੀਵ ਤਲਵਾੜ ਦੀ ਇਹ ਪੁਸਤਕ ਨੌਜਵਾਨਾਂ ਨੂੰ ਰਾਜਨੀਤਿਕ ਆਗੂਆਂ ਦੀ ਭੂਮਿਕਾ ਅਤੇ ਆਪਣੇ ਫ਼ੈਸਲਿਆਂ ਬਾਰੇ ਸੋਚਣ ਲਈ ਪ੍ਰੇਰਿਤ ਕਰਦੀ ਹੈ।
ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਗੜ੍ਹਸ਼ੰਕਰ ਦੇ ਇੰਚਾਰਜ ਸ. ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਉਪ ਪ੍ਰਧਾਨ ਸ੍ਰੀ ਜਤਿੰਦਰ ਸਿੰਘ ਲਾਲੀ ਬਾਜਵਾ ਅਤੇ ਸ੍ਰੀ ਸਤਿੰਦਰ ਪਾਲ ਸਿੰਘ ਢੱਟ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੇ ਨਾਲ-ਨਾਲ ਸਿਧਾਂਤਕ ਸੋਚ ਅਪਣਾਉਣ, ਵਰਕਰਾਂ ਦੇ ਯੋਗਦਾਨ ਦਾ ਸਨਮਾਨ ਕਰਨ ਅਤੇ ਲੋਕ ਹਿੱਤਾਂ ਨੂੰ ਪਹਿਲ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ।
ਕਿਤਾਬ ’ਤੇ ਹੋਈ ਇਸ ਚਰਚਾ ਦੌਰਾਨ ਨੌਜਵਾਨ ਪੀੜ੍ਹੀ ਦੇ ਰਾਜਨੀਤਿਕ ਭਵਿੱਖ, ਪਾਰਟੀਆਂ ਅੰਦਰ ਵਰਕਰਾਂ ਦੀ ਸਥਿਤੀ ਅਤੇ ਸਿਆਸਤ ਵਿੱਚ ਨੈਤਿਕ ਕਦਰਾਂ-ਕੀਮਤਾਂ ਦੀ ਭੂਮਿਕਾ ਵਰਗੇ ਮੁੱਦੇ ਕੇਂਦਰ ਵਿੱਚ ਰਹੇ।
ਫੋਟੋ ਅਜਮੇਰ ਦੀਵਾਨਾ
