ਲਾਇਸੈਂਸਿੰਗ ਅਤੇ ਵਿੱਤੀ ਪਾਲਣਾ ਬਾਰੇ ਜਾਗਰੂਕਤਾ ਵਧਾਉਣ ਲਈ ਸੀਸੀਏ ਪੰਜਾਬ ਟੈਲੀਕਾਮ ਸਰਕਲ ਵੱਲੋਂ ਫਿਰੋਜ਼ਪੁਰ ਵਿੱਚ ਆਊਟਰੀਚ ਪ੍ਰੋਗਰਾਮ
PIB Chandigarh/ ਸੁਨੀਲ ਕੁਮਾਰ

ਸੰਚਾਰ ਮੰਤਰਾਲੇ ਦੇ ਦੂਰਸੰਚਾਰ ਵਿਭਾਗ ਅਧੀਨ ਕੰਟਰੋਲਰ ਆਫ ਕਮਿਊਨੀਕੇਸ਼ਨ ਅਕਾਊਂਟਸ (CCA), ਪੰਜਾਬ ਟੈਲੀਕਾਮ ਸਰਕਲ ਦੇ ਦਫ਼ਤਰ ਵੱਲੋਂ ਫਿਰੋਜ਼ਪੁਰ ਵਿੱਚ ਟੈਲੀਕਾਮ ਆਊਟਰੀਚ ਪ੍ਰੋਗਰਾਮ (TOP) ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਦੂਰਸੰਚਾਰ ਸੇਵਾ ਪ੍ਰਦਾਤਾਵਾਂ (TSPs) ਅਤੇ ਇੰਟਰਨੈੱਟ ਸੇਵਾ ਪ੍ਰਦਾਤਾਵਾਂ (ISPs) ਨਾਲ ਤਾਲਮੇਲ ਮਜ਼ਬੂਤ ਕਰਨਾ ਅਤੇ ਲਾਇਸੈਂਸਿੰਗ ਦੀਆਂ ਲੋੜਾਂ, ਵਿੱਤੀ ਪਾਲਣਾ ਅਤੇ ਦੂਰਸੰਚਾਰ ਵਿਭਾਗ ਦੀਆਂ ਡਿਜ਼ਿਟਲ ਪਹਿਲਕਦਮੀਆਂ ਬਾਰੇ ਜਾਗਰੂਕਤਾ ਵਧਾਉਣਾ ਸੀ।
ਪ੍ਰੋਗਰਾਮ ਦੀ ਪ੍ਰਧਾਨਗੀ ਸ਼੍ਰੀ ਅਕਸ਼ੈ ਗੁਪਤਾ, ਡਿਪਟੀ ਕੰਟਰੋਲਰ ਆਫ ਕਮਿਊਨੀਕੇਸ਼ਨ ਅਕਾਊਂਟਸ ਨੇ ਕੀਤੀ। ਸ਼੍ਰੀ ਸੰਜੀਵ ਕੁਮਾਰ, ਸਹਾਇਕ ਲੇਖਾ ਅਧਿਕਾਰੀ, ਦੇ ਨਾਲ ਰੈਵਨਿਊ ਸੈਕਸ਼ਨ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ। ਵੱਖ-ਵੱਖ TSPs ਅਤੇ ISPs ਦੇ ਨੁਮਾਇੰਦਿਆਂ ਨੇ ਪ੍ਰੋਗਰਾਮ ਵਿੱਚ ਭਾਗ ਲਿਆ।
ਤਕਨੀਕੀ ਸੈਸ਼ਨਾਂ ਦੌਰਾਨ ਰੈਵਨਿਊ ਪ੍ਰਬੰਧਨ, ਲਾਇਸੈਂਸ ਫੀਸ (LF), SARAS ਪਲੇਟਫਾਰਮ, ਯੂਨੀਫਾਈਡ ਲਾਇਸੈਂਸ ਸਮਝੌਤੇ ਦੀਆਂ ਵਿੱਤੀ ਸ਼ਰਤਾਂ ਅਤੇ SARAS ਰਾਹੀਂ ਉਪਲਬਧ ਸ਼ਿਕਾਇਤ ਨਿਵਾਰਣ ਪ੍ਰਣਾਲੀ ਬਾਰੇ ਵਿਸਥਾਰ ਨਾਲ ਪੇਸ਼ਕਾਰੀਆਂ ਦਿੱਤੀਆਂ ਗਈਆਂ। ਭਾਗੀਦਾਰਾਂ ਨੂੰ ਕਾਨੂੰਨੀ ਪਾਲਣਾ ਦੀਆਂ ਲੋੜਾਂ ਅਤੇ ਪੋਰਟਲ ’ਤੇ ਉਪਲਬਧ ਆਨਲਾਈਨ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਪ੍ਰੋਗਰਾਮ ਦਾ ਇੱਕ ਮੁੱਖ ਆਕਰਸ਼ਣ ਦੂਰਸੰਚਾਰ ਲਾਇਸੈਂਸਧਾਰਕਾਂ ਨਾਲ ਇਕ-ਤੁ-ਇਕ ਗੱਲਬਾਤ ਸੈਸ਼ਨ ਸੀ। ਇਸ ਦੌਰਾਨ ਲਾਇਸੈਂਸ ਫੀਸ ਦੇ ਮੁਲਾਂਕਣ ਅਤੇ ਬਕਾਇਆ ਰਕਮ ਨਾਲ ਸਬੰਧਤ ਮਸਲਿਆਂ ’ਤੇ ਚਰਚਾ ਕੀਤੀ ਗਈ ਅਤੇ ਲਾਇਸੈਂਸਿੰਗ, ਪਾਲਣਾ ਤੇ ਵਿੱਤੀ ਮਾਮਲਿਆਂ ਬਾਰੇ ਸਵਾਲਾਂ ਦੇ ਜਵਾਬ ਦੇ ਕੇ ਵਿਅਕਤੀਗਤ ਮਾਰਗਦਰਸ਼ਨ ਦਿੱਤਾ ਗਿਆ।
ਮੁੱਖ ਸੰਬੋਧਨ ਕਰਦਿਆਂ ਸ਼੍ਰੀ ਅਕਸ਼ੈ ਗੁਪਤਾ ਨੇ ਕਿਹਾ ਕਿ ਟੈਲੀਕਾਮ ਆਊਟਰੀਚ ਪ੍ਰੋਗਰਾਮ TSPs ਅਤੇ ISPs ਨੂੰ ਲਾਇਸੈਂਸ ਦੀਆਂ ਸ਼ਰਤਾਂ, ਵਿੱਤੀ ਜ਼ਿੰਮੇਵਾਰੀਆਂ ਅਤੇ ਲਾਇਸੈਂਸਿੰਗ ਪ੍ਰਣਾਲੀ ਅਧੀਨ ਉਨ੍ਹਾਂ ਦੀਆਂ ਭੂਮਿਕਾਵਾਂ ਤੇ ਜ਼ਿੰਮੇਵਾਰੀਆਂ ਬਾਰੇ ਜਾਗਰੂਕ ਕਰਨ ਲਈ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਮੌਜੂਦਾ ਲਾਇਸੈਂਸਧਾਰਕਾਂ ਅਤੇ ਨਵੇਂ ਖੇਤਰ ਵਿੱਚ ਆਉਣ ਵਾਲਿਆਂ ਦੋਹਾਂ ਲਈ ਲਾਭਦਾਇਕ ਹਨ, ਕਿਉਂਕਿ ਇਨ੍ਹਾਂ ਨਾਲ ਨਿਯਮਕ ਲੋੜਾਂ ਨੂੰ ਵਧੇਰੇ ਸਪਸ਼ਟ ਤੌਰ ’ਤੇ ਸਮਝਣ ਵਿੱਚ ਮਦਦ ਮਿਲਦੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪ੍ਰੋਗਰਾਮ ਦਾ ਮਕਸਦ ਹਿੱਸੇਦਾਰਾਂ ਨੂੰ ਨਵੀਆਂ ਨੀਤੀਆਂ ਅਤੇ ਪ੍ਰਕਿਰਿਆਵਾਂ ਨਾਲ ਜਾਣੂ ਕਰਵਾਉਣਾ ਸੀ। ਇਸ ਵਿੱਚ ਲਾਇਸੈਂਸ ਫੀਸ ਦੀ ਅਦਾਇਗੀ, ਕਾਨੂੰਨੀ ਦਸਤਾਵੇਜ਼ ਜਮ੍ਹਾਂ ਕਰਵਾਉਣ ਅਤੇ ਬੈਂਕ ਗਾਰੰਟੀ ਮੋਡੀਊਲ ਚਲਾਉਣ ਲਈ SARAS ਆਨਲਾਈਨ ਪਲੇਟਫਾਰਮ ਦੀ ਵਰਤੋਂ ਅਤੇ ਲਾਇਸੈਂਸ ਦੀਆਂ ਸ਼ਰਤਾਂ ਦੀ ਪਾਲਣਾ ਸ਼ਾਮਲ ਹੈ। ਉਨ੍ਹਾਂ ਦੂਰਸੰਚਾਰ ਵਿਭਾਗ ਦੀ ਤੇਜ਼-ਤਰਾਰ ਸ਼ਿਕਾਇਤ ਨਿਵਾਰਣ ਪ੍ਰਣਾਲੀ ਬਾਰੇ ਵੀ ਦੱਸਿਆ, ਜਿਸ ਦਾ ਮਕਸਦ ਲਾਇਸੈਂਸਧਾਰਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਕਰਨਾ ਹੈ।
ਕੰਟਰੋਲਰ ਆਫ ਕਮਿਊਨੀਕੇਸ਼ਨ ਅਕਾਊਂਟਸ ਦਫ਼ਤਰ, ਪੰਜਾਬ ਟੈਲੀਕਾਮ ਸਰਕਲ ਦੀ ਵਚਨਬੱਧਤਾ ਦੁਹਰਾਉਂਦਿਆਂ ਸ਼੍ਰੀ ਅਕਸ਼ੈ ਗੁਪਤਾ ਨੇ ਕਿਹਾ ਕਿ ਦਫ਼ਤਰ ਦੂਰਸੰਚਾਰ ਖੇਤਰ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਕਾਰੋਬਾਰ ਕਰਨ ਦੀ ਸੌਖ ਨੂੰ ਉਤਸ਼ਾਹਿਤ ਕਰਦਿਆਂ ਸਾਰੇ TSPs ਅਤੇ ISPs, ਖ਼ਾਸ ਕਰਕੇ ਨਵੇਂ ਉਦਮੀਆਂ, ਨੂੰ ਸਹਿਯੋਗ ਦਿੰਦਾ ਰਹੇਗਾ। ਉਨ੍ਹਾਂ ਕੁਸ਼ਲ, ਪਾਰਦਰਸ਼ੀ ਅਤੇ ਨਾਗਰਿਕ-ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਵੀ ਦੁਹਰਾਈ।
ਟੈਲੀਕਾਮ ਆਊਟਰੀਚ ਪ੍ਰੋਗਰਾਮ (TOP) ਦੇ ਨਾਲ-ਨਾਲ, ਸੀਸੀਏ ਦਫ਼ਤਰ, ਚੰਡੀਗੜ੍ਹ ਵੱਲੋਂ ਪੈਨਸ਼ਨਰਾਂ ਦੇ ਜੀਵਨ ਪ੍ਰਮਾਣ-ਪੱਤਰ ਬਣਾਉਣ ਅਤੇ ਜਮ੍ਹਾਂ ਕਰਵਾਉਣ ਦੀ ਸਹੂਲਤ ਲਈ DLC/TLC ਕੈਂਪ ਦਾ ਵੀ ਆਯੋਜਨ ਕੀਤਾ ਗਿਆ।
ਪ੍ਰੋਗਰਾਮ ਨੂੰ ਭਾਗੀਦਾਰਾਂ ਵੱਲੋਂ ਉਤਸ਼ਾਹਜਨਕ ਹੁੰਗਾਰਾ ਮਿਲਿਆ। ਉਨ੍ਹਾਂ ਨੇ ਜਾਣਕਾਰੀਪੂਰਨ ਪੇਸ਼ਕਾਰੀਆਂ, ਵਿਹਾਰਕ ਮਾਰਗਦਰਸ਼ਨ ਅਤੇ ਵਿਭਾਗੀ ਅਧਿਕਾਰੀਆਂ ਨਾਲ ਸਿੱਧੀ ਗੱਲਬਾਤ ਦੇ ਮੌਕੇ ਦੀ ਸ਼ਲਾਘਾ ਕੀਤੀ।
ਅੰਤ ਵਿੱਚ, ਸ਼੍ਰੀ ਸੰਜੀਵ ਕੁਮਾਰ, ਸਹਾਇਕ ਲੇਖਾ ਅਧਿਕਾਰੀ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ TSPs ਤੇ ISPs ਦੇ ਨੁਮਾਇੰਦਿਆਂ ਦਾ ਉਤਸ਼ਾਹ ਨਾਲ ਭਾਗ ਲੈਣ ਅਤੇ ਕੀਮਤੀ ਵਿਚਾਰ-ਵਟਾਂਦਰੇ ਲਈ ਧੰਨਵਾਦ ਕੀਤਾ।
