
ਸ਼ਿਮਲਾ/ਰੋਜ਼ਾਨਾਂ ਰਿਪੋਰਟਰ
ਹਿਮਾਚਲ ਪ੍ਰਦੇਸ਼ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਭਾਰੀ ਵਿਰੋਧ ਨੂੰ ਦੇਖਦੇ ਹੋਏ ਐਂਟਰੀ ਟੈਕਸ ‘ਚ ਕੀਤੇ ਗਏ ਵਾਧੇ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵਿਧਾਨ ਸਭਾ ‘ਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਸੀਟਰ ਅਤੇ 6 ਤੋਂ 12 ਸੀਟਰ ਵਾਹਨਾਂ ‘ਤੇ ਹੁਣ ਪਹਿਲਾਂ ਵਾਲੀਆਂ ਦਰਾਂ ਹੀ ਲਾਗੂ ਰਹਿਣਗੀਆਂ।ਸਰਕਾਰ ਦੇ ਨਵੇਂ ਫੈਸਲੇ ਅਨੁਸਾਰ 5 ਸੀਟਰ ਵਾਹਨਾਂ ਲਈ ਹੁਣ 170 ਰੁਪਏ ਦੀ ਬਜਾਏ ਪਹਿਲਾਂ ਵਾਂਗ ਸਿਰਫ 70 ਰੁਪਏ ਐਂਟਰੀ ਟੈਕਸ ਦੇਣਾ ਹੋਵੇਗਾ। 7 ਤੋਂ 12 ਸੀਟਰ ਵਾਹਨਾਂ ਲਈ 130 ਰੁਪਏ ਦੀ ਬਜਾਏ ਪੁਰਾਣੀ ਦਰ 110 ਰੁਪਏ ਹੀ ਵਸੂਲੀ ਜਾਵੇਗੀ।
ਜਿਕਰਯੋਗ ਹੈ ਕਿ ਹਿਮਾਚਲ ਸਰਕਾਰ ਨੇ ਐਂਟਰੀ ਟੈਕਸ ‘ਚ 100 ਤੋਂ 280 ਰੁਪਏ ਤੱਕ ਦਾ ਵਾਧਾ ਕੀਤਾ ਸੀ, ਜਿਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੇ ਸਰਹੱਦੀ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਅਤੇ ਟੈਕਸੀ ਚਾਲਕਾਂ ਨੇ ਸੜਕਾਂ ‘ਤੇ ਉਤਰ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ। ਪੰਜਾਬ ਦੇ ਲੋਕਾਂ ਨੇ ਅੱਜ ਰਾਤ 12 ਵਜੇ ਤੋਂ ਹਿਮਾਚਲ ਦੇ ਐਂਟਰੀ ਪੁਆਇੰਟ ਬੰਦ ਕਰਨ ਦੀ ਚਿਤਾਵਨੀ ਵੀ ਦਿੱਤੀ ਸੀ।
ਇਸ ਮੁੱਦੇ ਨੂੰ ਭਾਜਪਾ ਵਿਧਾਇਕ ਰਣਧੀਰ ਸ਼ਰਮਾ ਨੇ ਵਿਧਾਨ ਸਭਾ ‘ਚ ਚੁੱਕਿਆ ਸੀ, ਜਿਨ੍ਹਾਂ ਨੇ ਕਿਹਾ ਕਿ ਟੈਕਸ ਵਾਧੇ ਕਾਰਨ ਸਰਹੱਦੀ ਖੇਤਰਾਂ ‘ਚ ਕਾਨੂੰਨ ਵਿਵਸਥਾ ਵਿਗੜਨ ਦਾ ਡਰ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਵੀ ਸੰਕੇਤ ਦਿੱਤੇ ਸਨ ਕਿ ਜੇਕਰ ਹਿਮਾਚਲ ਨੇ ਟੈਕਸ ਘੱਟ ਨਾ ਕੀਤਾ ਤਾਂ ਉਹ ਵੀ ਹਿਮਾਚਲ ਦੇ ਵਾਹਨਾਂ ‘ਤੇ ਟੈਕਸ ਲਗਾ ਸਕਦੇ ਹਨ।
