ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸ਼ੁਰੂ ਹੋਣਗੇ ਸਿਹਤ, ਸਿੱਖਿਆ ਅਤੇ ਖੇਡਾਂ ਦੇ ਵੱਡੇ ਪ੍ਰੋਜੈਕਟ : ਸੰਤ ਸਤਵਿੰਦਰ ਹੀਰਾ

ਹੁਸ਼ਿਆਰਪੁਰ, 25 ਜੂਨ ( ਤਰਸੇਮ ਦੀਵਾਨਾ ) –
ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਸ੍ਰੀ ਗੁਰੂ ਰਵਿਦਾਸ ਚਰਨਛੋਹ ਇਤਿਹਾਸਕ ਧਰਮ ਅਸਥਾਨ ਬੇਗਮਪੁਰਾ (ਖੁਰਾਲਗੜ੍ਹ ਸਾਹਿਬ) ਵਿਖੇ ਹੋਏ ਆਦਿ ਧਰਮ ਮੰਡਲ ਦੇ ਸ਼ਤਾਬਦੀ ਸਮਾਗਮਾਂ ਦੀ ਬੇਮਿਸਾਲ ਸਫਲਤਾ ਲਈ ਦੇਸ਼-ਵਿਦੇਸ਼ ਦੀਆਂ ਲੱਖਾਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਉਨ੍ਹਾਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਦੇ ਕਰੋੜਾਂ ਅਨੁਸੂਚਿਤ ਅਤੇ ਪੱਛੜੇ ਵਰਗਾਂ ਦੇ ਧਾਰਮਿਕ, ਸਮਾਜਿਕ ਅਤੇ ਸੰਵਿਧਾਨਕ ਹੱਕਾਂ ਦੀ ਰਾਖੀ ਲਈ ਆਦਿ ਧਰਮ ਮਿਸ਼ਨ ਹਮੇਸ਼ਾਂ ਵਾਂਗ ਭਵਿੱਖ ਵਿੱਚ ਵੀ ਮੋਹਰੀ ਹੋ ਕੇ ਸੰਘਰਸ਼ ਜਾਰੀ ਰੱਖੇਗਾ।
ਉਨ੍ਹਾਂ ਦ੍ਰਿੜਤਾ ਨਾਲ ਆਖਿਆ ਕਿ ਆਦਿ ਧਰਮ ਦੇ ਮਹਾਨ ਰਹਿਬਰ ਬਾਬੂ ਮੰਗੂ ਰਾਮ ਮੁਗੋਵਾਲੀਆ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ, ਬਾਬੂ ਕਾਂਸ਼ੀ ਰਾਮ ਅਤੇ ਬਾਬਾ ਬੰਤਾ ਰਾਮ ਘੇੜਾ ਵੱਲੋਂ ਦਿੱਤੇ ਗਏ ਕੌਮੀ ਏਕਤਾ, ਬਰਾਬਰਤਾ ਅਤੇ ਆਪਸੀ ਭਾਈਚਾਰੇ ਦੇ ਸੰਦੇਸ਼ ਨੂੰ ਮਿਸ਼ਨ ਦੇ ਮੰਚ ਤੋਂ ਘਰ-ਘਰ ਤੱਕ ਪਹੁੰਚਾਇਆ ਜਾਵੇਗਾ।
ਵਿਰੋਧੀਆਂ ਦੀਆਂ ਸਾਜ਼ਿਸ਼ਾਂ ਨਾਕਾਮ ਹੋਣਗੀਆਂ, ਪਰਿਵਰਤਨ ਦੀ ਲਹਿਰ ਨਹੀਂ ਰੁਕੇਗੀ :
ਸੰਤ ਸਤਵਿੰਦਰ ਹੀਰਾ ਨੇ ਮਿਸ਼ਨ ਦੇ ਵਿਰੋਧੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਬਹੁਤ ਸਾਰੇ ਲੋਕ ਇਸ ਮਿਸ਼ਨ ਨੂੰ ਢਾਹ ਲਾਉਣ ਲਈ ਗੁੰਮਰਾਹਕੁੰਨ ਸ਼ਾਜਿਸ਼ਾਂ ਰਚ ਰਹੇ ਹਨ। ਪਰ ਇਹ ਮਿਸ਼ਨ ਗੁਰੂਆਂ-ਰਹਿਬਰਾਂ ਦੇ ਆਸ਼ੀਰਵਾਦ ਨਾਲ ਚੱਲ ਰਿਹਾ ਆਰਥਿਕ, ਸਮਾਜਿਕ, ਧਾਰਮਿਕ ਤੇ ਰਾਜਨੀਤਕ ਪਰਿਵਰਤਨ ਦਾ ਇੱਕ ਅਜਿਹਾ ਅੰਦੋਲਨ ਹੈ ਜੋ ਕਿਸੇ ਦੇ ਰੋਕਿਆਂ ਨਹੀਂ ਰੁਕੇਗਾ, ਬਲਕਿ ਸਮਾਜ ਵਿੱਚ ਵੱਡੀ ਕ੍ਰਾਂਤੀ ਲਿਆ ਕੇ ਆਪਣੀ ਮੰਜ਼ਿਲ ਸਰ ਕਰੇਗਾ।
ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸ਼ੁਰੂ ਹੋਣਗੇ ਸਿਹਤ, ਸਿੱਖਿਆ ਅਤੇ ਖੇਡਾਂ ਦੇ ਵੱਡੇ ਪ੍ਰੋਜੈਕਟ :
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸੰਤ ਹੀਰਾ ਨੇ ਐਲਾਨ ਕੀਤਾ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਵੱਲੋਂ ਪਵਿੱਤਰ ਧਰਤੀ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸਿਹਤ, ਉੱਚ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਵੱਡੇ ਪ੍ਰੋਜੈਕਟ ਉਲੀਕੇ ਜਾਣਗੇ, ਤਾਂ ਜੋ ਇਸ ਪੂਰੇ ਖੇਤਰ ਨੂੰ ਸੱਭਿਆਚਾਰਕ ਅਤੇ ਵਿਕਾਸ ਪੱਖੋਂ ਇੱਕ ਖੁਸ਼ਹਾਲ ਮਾਡਲ ਵਜੋਂ ਪੇਸ਼ ਕੀਤਾ ਜਾ ਸਕੇ।
ਪਾਰਦਰਸ਼ੀ ਪ੍ਰਬੰਧ ਲਈ ਬਣੇਗੀ ਵਿਸ਼ੇਸ਼ ਕਮੇਟੀ :
ਉਨ੍ਹਾਂ ਅੱਗੇ ਦੱਸਿਆ ਕਿ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਉਨ੍ਹਾਂ ਦੀ ਪਰਮ ਸਿੱਖਿਆ ਮੀਰਾਂ ਬਾਈ ਜੀ ਦੇ ਸੁੰਦਰ ਤੇ ਅਲੌਕਿਕ ਮੰਦਿਰ ਦੀ ਉਸਾਰੀ ਲਈ ਦੇਸ਼-ਵਿਦੇਸ਼ ਦੀਆਂ ਸੰਗਤਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਸੇਵਾ-ਮੁਕਤ ਅਧਿਕਾਰੀਆਂ ਅਤੇ ਬੁੱਧੀਜੀਵੀਆਂ ਦੀ ਇੱਕ ਵਿਸ਼ੇਸ਼ ਪ੍ਰਬੰਧਕੀ ਕਮੇਟੀ ਗਠਿਤ ਕੀਤੀ ਜਾਵੇਗੀ, ਜੋ ਆਦਿ ਧਰਮੀ ਕੌਮ ਦੇ ਇਨ੍ਹਾਂ ਮਹਾਨ ਅਸਥਾਨਾਂ ਦੀ ਨਵ-ਉਸਾਰੀ ਅਤੇ ਪ੍ਰਬੰਧ ਨੂੰ ਪੂਰੀ ਪਾਰਦਰਸ਼ਤਾ ਨਾਲ ਚਲਾਏਗੀ।
ਮਹਾਂਨਾਇਕ ਪੈਦਾ ਕਰਨ ਲਈ ਸਥਾਪਿਤ ਹੋਵੇਗੀ ਵਿਸ਼ੇਸ਼ ਅਕੈਡਮੀ :
ਸੰਤ ਸਤਵਿੰਦਰ ਹੀਰਾ ਨੇ ਆਪਣੇ ਸੁਪਨੇ ਅਤੇ ਦੂਰਅੰਦੇਸ਼ੀ ਸੋਚ ਨੂੰ ਦੁਹਰਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਦਿਲੀ ਤਮੰਨਾ ਹੈ ਕਿ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਪਵਿੱਤਰ ਧਰਤੀ ‘ਤੇ ਇੱਕ ਅਜਿਹੀ ਵਿਸ਼ਵ ਪੱਧਰੀ ਅਕੈਡਮੀ ਸਥਾਪਿਤ ਕੀਤੀ ਜਾਵੇ, ਜਿੱਥੋਂ ਬਾਬੂ ਮੰਗੂ ਰਾਮ ਮੁਗੋਵਾਲੀਆ, ਮਹਾਤਮਾ ਜੋਤੀਬਾ ਫੁਲੇ, ਬਾਬਾ ਸਾਹਿਬ ਡਾ. ਅੰਬੇਡਕਰ ਅਤੇ ਬਾਬੂ ਕਾਂਸ਼ੀ ਰਾਮ ਵਰਗੇ ਮਹਾਂਨਾਇਕ ਅਤੇ ਆਗੂ ਪੈਦਾ ਹੋਣ। ਇਹ ਨਵੀਂ ਪਨੀਰੀ ਆਦਿ ਧਰਮ ਦੀ ਲਹਿਰ ਨੂੰ ਪੂਰੇ ਵਿਸ਼ਵ ਅੰਦਰ ਪ੍ਰਚੰਡ ਕਰਕੇ ਸਮਾਜਿਕ ਅਤੇ ਰਾਜਨੀਤਕ ਪਰਿਵਰਤਨ ਦੇ ਇਸ ਅੰਦੋਲਨ ਨੂੰ ਇਸ ਦੀ ਅਸਲ ਮੰਜ਼ਿਲ ਤੱਕ ਲੈ ਕੇ ਜਾਵੇਗੀ।
