ਬੱਚਿਆਂ ਨੂੰ ਭਾਰਤੀ ਸੱਭਿਆਚਾਰ ਅਤੇ ਰਾਮਾਇਣ ਦੇ ਜੀਵਨ ਮੁੱਲਾਂ ਨਾਲ ਜੋੜਨ ਲਈ 6 ਨਵੰਬਰ ਨੂੰ ਕਰਵਾਈ ਜਾਵੇਗੀ ‘ਬਾਲ ਰਾਮਲੀਲਾ’ : ਡਿਪਟੀ ਕਮਿਸ਼ਨਰ
ਰੈੱਡ ਕਰਾਸ ਸੁਸਾਇਟੀ ਅਤੇ ਜ਼ਿਲ੍ਹਾ ਬਾਲ ਭਲਾਈ ਕੌਂਸਲ ਵੱਲੋਂ ਜੇਮਜ਼ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਵਿਖੇ ਹੋਵੇਗੀ ਵਿਸ਼ੇਸ਼ ਨਾਟਕ ਪੇਸ਼ਕਾਰੀ
4 ਤੋਂ 8 ਸਾਲ ਤੱਕ ਦੇ ਬੱਚੇ ਆਪਣੇ ਮਾਪਿਆਂ ਸਮੇਤ ਲੈ ਸਕਣਗੇ ਭਾਗ
ਹੁਸ਼ਿਆਰਪੁਰ, 4 ਨਵੰਬਰ: ਸੁਨੀਲ ਕੁਮਾਰ
ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਅਗਵਾਈ ਹੇਠ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅਤੇ ਜ਼ਿਲ੍ਹਾ ਬਾਲ ਭਲਾਈ ਕੌਂਸਲ ਵੱਲੋਂ ਦੀਵਾਲੀ ਦੇ ਮੌਕੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ‘ਬਾਲ ਰਾਮਲੀਲਾ – ਸਟੋਰੀ ਕੀ ਬੋਰੀ’ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ 6 ਨਵੰਬਰ ਨੂੰ ਦੁਪਹਿਰ 3:30 ਵਜੇ ਜੇਮਜ਼ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ, ਹੁਸ਼ਿਆਰਪੁਰ ਵਿਖੇ ਕਰਵਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਿਸ਼ੇਸ਼ ਪ੍ਰੋਗਰਾਮ ਦਾ ਉਦੇਸ਼ ਬੱਚਿਆਂ ਨੂੰ ਭਾਰਤੀ ਸੱਭਿਆਚਾਰ, ਪਰੰਪਰਾਵਾਂ ਅਤੇ ਰਾਮਾਇਣ ਦੀ ਪ੍ਰੇਰਨਾਦਾਇਕ ਕਥਾ ਨਾਲ ਮਨੋਰੰਜਕ ਢੰਗ ਨਾਲ ਜਾਣੂ ਕਰਵਾਉਣਾ ਹੈ। ਦਿੱਲੀ ਦੀ ਪ੍ਰਸਿੱਧ ਥੀਏਟਰ ਅਤੇ ਕਹਾਣੀ ਸੁਣਾਉਣ ਵਾਲੀ ਸੰਸਥਾ ‘ਸਟੋਰੀ ਕੀ ਬੋਰੀ’ ਵੱਲੋਂ ਪੇਸ਼ ਕੀਤੀ ਜਾਣ ਵਾਲੀ ਇਹ ਨਾਟਕ ਪੇਸ਼ਕਾਰੀ ਹਿੰਦੀ ਭਾਸ਼ਾ ਵਿੱਚ ਸੰਗੀਤਮਈ ਨੌਟੰਕੀ ਸ਼ੈਲੀ ਵਿੱਚ ਹੋਵੇਗੀ। ਇਸ ਵਿੱਚ ਸੰਗੀਤ, ਹਾਸੇ-ਮਜ਼ਾਕ, ਸਰਲ ਸੰਵਾਦ ਅਤੇ ਦਰਸ਼ਕਾਂ ਦੀ ਭਾਗੀਦਾਰੀ ਰਾਹੀਂ ਰਾਮਾਇਣ ਦੇ ਵੱਖ-ਵੱਖ ਪ੍ਰਸੰਗਾਂ ਅਤੇ ਜੀਵਨ ਮੁੱਲਾਂ ਨੂੰ ਬੱਚਿਆਂ ਦੀ ਸਮਝ ਅਤੇ ਰੁਚੀ ਅਨੁਸਾਰ ਪੇਸ਼ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਅਤੇ ਨੈਤਿਕ ਕਦਰਾਂ-ਕੀਮਤਾਂ ਤੋਂ ਜਾਣੂ ਕਰਵਾਉਣਾ ਵੀ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਦੇ ਸਮਾਗਮ ਬੱਚਿਆਂ ਨੂੰ ਮਨੋਰੰਜਨ ਦੇ ਨਾਲ-ਨਾਲ ਚੰਗੇ ਸੰਸਕਾਰ, ਆਦਰਸ਼ਾਂ ਅਤੇ ਪਰਿਵਾਰਕ ਕਦਰਾਂ-ਕੀਮਤਾਂ ਦੀ ਸਿੱਖਿਆ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ 4 ਤੋਂ 8 ਸਾਲ ਤੱਕ ਦੀ ਉਮਰ ਦੇ ਬੱਚੇ ਆਪਣੇ ਮਾਪਿਆਂ ਨਾਲ ਸ਼ਾਮਲ ਹੋ ਸਕਦੇ ਹਨ। ਪ੍ਰੋਗਰਾਮ ਵਿੱਚ ਦਾਖ਼ਲਾ ਪੂਰੀ ਤਰ੍ਹਾਂ ਮੁਫ਼ਤ ਹੈ, ਪਰ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੈ। ਚਾਹਵਾਨ ਮਾਪੇ 5 ਨਵੰਬਰ 2026 ਨੂੰ ਰਾਤ 9 ਵਜੇ ਤੱਕ ਮੋਬਾਈਲ ਨੰਬਰ 9478060971 ’ਤੇ ਸੰਪਰਕ ਕਰਕੇ ਆਪਣੇ ਨਾਲ ਆਉਣ ਵਾਲੇ ਸਾਰੇ ਵਿਅਕਤੀਆਂ ਦੇ ਨਾਮ ਦਰਜ ਕਰਵਾ ਸਕਦੇ ਹਨ। ਨਿਰਧਾਰਤ ਸਮੇਂ ਤੋਂ ਬਾਅਦ ਰਜਿਸਟ੍ਰੇਸ਼ਨ ਸਵੀਕਾਰ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਜ਼ਿਲ੍ਹੇ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਸਮੇਤ ਇਸ ਸੱਭਿਆਚਾਰਕ ਸਮਾਗਮ ਵਿੱਚ ਵੱਧ-ਚੜ੍ਹ ਕੇ ਭਾਗ ਲੈਣ। ਸਾਰੇ ਮਾਪਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਦੁਪਹਿਰ 3:30 ਵਜੇ ਤੱਕ ਆਪਣੀਆਂ ਸੀਟਾਂ ’ਤੇ ਬੈਠ ਜਾਣ।
ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਅਤੇ ਸੰਯੁਕਤ ਸਕੱਤਰ ਆਦਿੱਤਿਆ ਰਾਣਾ ਨੇ ਦੱਸਿਆ ਕਿ ‘ਸਟੋਰੀ ਕੀ ਬੋਰੀ’ ਸੰਸਥਾ ਪਿਛਲੇ 15 ਸਾਲਾਂ ਤੋਂ ਬੱਚਿਆਂ ਅਤੇ ਪਰਿਵਾਰਾਂ ਲਈ ਥੀਏਟਰ ਵਰਕਸ਼ਾਪਾਂ, ਕਹਾਣੀ ਸੁਣਾਉਣ ਅਤੇ ਮੰਚੀ ਪੇਸ਼ਕਾਰੀਆਂ ਕਰਵਾਉਂਦੀ ਆ ਰਹੀ ਹੈ। ਇਸ ਦੀ ਵਿਸ਼ੇਸ਼ ਪੇਸ਼ਕਾਰੀ ‘ਬਾਲ ਰਾਮਲੀਲਾ’ ਦੇ ਹੁਣ ਤੱਕ ਦੇਸ਼ ਭਰ ਵਿੱਚ 300 ਤੋਂ ਵੱਧ ਸ਼ੋਅ ਹੋ ਚੁੱਕੇ ਹਨ।
Government of Punjab
