ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੰਮ੍ਰਿਤਸਰ ਵਿਖੇ ਕਰਵਾਈ ਗਈ ਵਿਸ਼ੇਸ਼ ਮੈਰਾਥਨ

ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੰਮ੍ਰਿਤਸਰ ਵਿਖੇ ਕਰਵਾਈ ਗਈ ਵਿਸ਼ੇਸ਼ ਮੈਰਾਥਨ

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦਾ ਦਿੱਤਾ ਸੱਦਾ

ਮੈਰਾਥਨ ਵਿੱਚ ਵੱਖ-ਵੱਖ ਸਕੂਲਾਂ, ਖੇਡ ਵਿਭਾਗ ਅਤੇ ਯੁਵਕ ਸੇਵਾਵਾਂ ਵਿਭਾਗ ਦੇ 700 ਖਿਡਾਰੀਆਂ ਨੇ ਲਿਆ ਭਾਗ

 

 

ਅੰਮ੍ਰਿਤਸਰ, 6 ਨਵੰਬਰ: ਬਿਊਰੋ

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਤੇ ਸਿਹਤਮੰਦ ਜੀਵਨਸ਼ੈਲੀ ਨਾਲ ਜੋੜਨ ਦੇ ਉਦੇਸ਼ ਨਾਲ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਅੱਜ ਸਵੇਰੇ ਵਿਸ਼ੇਸ਼ ਮੈਰਾਥਨ ਕਰਵਾਈ ਗਈ। ਇਹ ਮੈਰਾਥਨ ਸਵੇਰੇ 8 ਵਜੇ ਗੁਰੂ ਨਾਨਕ ਸਟੇਡੀਅਮ, ਅੰਮ੍ਰਿਤਸਰ ਤੋਂ ਸ਼ੁਰੂ ਹੋਈ, ਜੋ ਨਾਵਲਟੀ ਚੌਂਕ, ਨਰੂਲਾ ਪੈਲੇਸ ਲਾਈਟ, ਟੇਲਰ ਰੋਡ ਅਤੇ ਅਲੈਗਜ਼ੈਂਡਰਾ ਸਕੂਲ ਤੋਂ ਹੁੰਦੀ ਹੋਈ ਮੁੜ ਗੁਰੂ ਨਾਨਕ ਸਟੇਡੀਅਮ ਦੇ ਐਥਲੈਟਿਕ ਟਰੈਕ ਵਿਖੇ ਪਹੁੰਚ ਕੇ ਸਮਾਪਤ ਹੋਈ।

ਸੂਬੇ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਹਰੀ ਝੰਡੀ ਦਿਖਾ ਕੇ ਮੈਰਾਥਨ ਨੂੰ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਪੱਲਵੀ ਮਿਸ਼ਰਾ, ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਗੁਰਮੀਤ ਸਿੰਘ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅੰਮ੍ਰਿਤਸਰ ਦੇ ਸਕੱਤਰ ਸ੍ਰੀ ਸੈਮਸਨ ਮਸੀਹ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਖੇਡ ਵਿਭਾਗ ਦੇ ਕੋਚ ਵੀ ਹਾਜ਼ਰ ਸਨ।

ਇਸ ਮੈਰਾਥਨ ਵਿੱਚ ਵੱਖ-ਵੱਖ ਸਕੂਲਾਂ, ਖੇਡ ਵਿਭਾਗ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਲਗਭਗ 700 ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਮੈਰਾਥਨ ਵਿੱਚ ਲੜਕਿਆਂ ਦੇ ਵਰਗ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬਲਬੀਰ ਕੁਮਾਰ (ਪਹਿਲਾ ਇਨਾਮ 1,000 ਰੁਪਏ), ਜਸਕਰਨਜੀਤ ਸਿੰਘ (ਦੂਜਾ ਇਨਾਮ 700 ਰੁਪਏ) ਅਤੇ ਗੁਰਕ੍ਰਿਪਾਲ ਸਿੰਘ ਬੱਲ (ਤੀਜਾ ਇਨਾਮ 500 ਰੁਪਏ) ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

ਇਸੇ ਤਰ੍ਹਾਂ ਲੜਕੀਆਂ ਦੇ ਵਰਗ ਵਿੱਚ ਰਾਵੀ ਨੇ ਪਹਿਲਾ ਸਥਾਨ ਹਾਸਲ ਕਰਕੇ 1,000 ਰੁਪਏ, ਸੁਖਮਨ ਨੇ ਦੂਜਾ ਸਥਾਨ ਹਾਸਲ ਕਰਕੇ 700 ਰੁਪਏ ਅਤੇ ਜਸਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕਰਕੇ 500 ਰੁਪਏ ਦਾ ਨਕਦ ਇਨਾਮ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਦੋਵਾਂ ਵਰਗਾਂ ਵਿੱਚ ਪਹਿਲੀਆਂ ਦਸ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਅਤੇ ਆਪਣੀ ਊਰਜਾ ਨੂੰ ਉਸਾਰੂ ਗਤੀਵਿਧੀਆਂ ਵਿੱਚ ਲਗਾਉਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਪੂਰੀ ਸੁਹਿਰਦਤਾ ਨਾਲ ਯਤਨ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾ ਕੇ ਨੌਜਵਾਨਾਂ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੂਬੇ ਭਰ ਵਿੱਚ 3,000 ਤੋਂ ਵੱਧ ਖੇਡ ਮੈਦਾਨ ਅਤੇ ਖੇਡ ਸਟੇਡੀਅਮ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਉਦੇਸ਼ ਨੌਜਵਾਨਾਂ ਦੀ ਸ਼ਕਤੀ ਨੂੰ ਸਹੀ ਦਿਸ਼ਾ ਵੱਲ ਮੋੜ ਕੇ ਉਨ੍ਹਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਬਚਾਉਣਾ ਹੈ।

ਮੈਰਾਥਨ ਦੇ ਸਫ਼ਲ ਆਯੋਜਨ ਵਿੱਚ ਖੇਡ ਵਿਭਾਗ ਦੇ ਸਮੂਹ ਕੋਚਾਂ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੈਰਾਥਨ ਵਿੱਚ ਭਾਗ ਲੈਣ ਵਾਲੇ ਦੌੜਾਕਾਂ ਲਈ ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ।

Leave a Reply

Your email address will not be published. Required fields are marked *