
ਹੁਸ਼ਿਆਰਪੁਰ, 14 ਜੂਨ (ਤਰਸੇਮ ਦੀਵਾਨਾ)
ਅੱਜ ਗ੍ਰਾਮ ਪੰਚਾਇਤ ਪਿੰਡ ਕੱਕੋਂ ਵੱਲੋਂ ਸਰਪੰਚ ਸ਼੍ਰੀਮਤੀ ਅਨੀਤਾ ਰਾਣੀ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ‘ਕ੍ਰਿਸਚਨ ਭਲਾਈ ਬੋਰਡ’ ਦੇ ਨਵ-ਨਿਯੁਕਤ ਚੇਅਰਮੈਨ ਡੇਨੀਅਲ ਮਸੀਹ ਦਾ ਪੰਚਾਇਤ ਵੱਲੋਂ ਸਿਰੋਪਾਓ ਦੇ ਕੇ ਨਿੱਘਾ ਸਨਮਾਨ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਡੇਨੀਅਲ ਮਸੀਹ ਨੇ ਇਸ ਅਹਿਮ ਜ਼ਿੰਮੇਵਾਰੀ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਿਨੇਟ ਮੰਤਰੀ ਡਾਕਟਰ ਰਵਜੋਤ ਸਿੰਘ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਉਹ ਈਸਾਈ ਭਾਈਚਾਰੇ ਨੂੰ ਦਰਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਸਰਕਾਰ ਨੂੰ ਲਗਾਤਾਰ ਜਾਣੂ ਕਰਵਾਉਂਦੇ ਰਹਿਣਗੇ ਅਤੇ ਸਮੁੱਚੇ ਭਾਈਚਾਰੇ ਦੀ ਚੜ੍ਹਦੀ ਕਲਾ ਤੇ ਭਲਾਈ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।
ਸਮਾਗਮ ਦੌਰਾਨ ਸਰਪੰਚ ਅਨੀਤਾ ਰਾਣੀ ਨੇ ਚੇਅਰਮੈਨ ਸਾਬ ਨੂੰ ਵਧਾਈ ਦਿੱਤੀ ਅਤੇ ਭਰੋਸਾ ਦਿਵਾਇਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਈਸਾਈ ਭਾਈਚਾਰੇ ਦੇ ਪੂਰਨ ਸਮਰਥਨ ਨਾਲ ਕੈਬਿਨੇਟ ਮੰਤਰੀ ਡਾਕਟਰ ਰਵਜੋਤ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਵਾ ਕੇ ਜਿਤਾਇਆ ਜਾਵੇਗਾ, ਤਾਂ ਜੋ ਉਹ ਦੁਬਾਰਾ ਵਿਧਾਨ ਸਭਾ ਵਿੱਚ ਹਲਕੇ ਦੀ ਸਫ਼ਲ ਨੁਮਾਇੰਦਗੀ ਕਰ ਸਕਣ।
ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਮੈਂਬਰ ਪੰਚਾਇਤ ਕਰਮ ਸਿੰਘ, ਕੁਲਵਿੰਦਰ ਕੁਮਾਰ, ਪਰਮਜੀਤ ਕੌਰ, ਸੰਤੋਸ਼ ਬੱਧਣ, ਡਾ. ਅਭਿਸ਼ੇਕ ਅਤੇ ਡਾ. ਸ਼ਾਇਨੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
