ਧੂਤ ਕਲਾਂ ਵਿੱਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਪਿਤਾ ਵੱਲੋਂ ਧੀ ਦਾ ਕਤਲ ਕਰਨ ਦਾ ਸ਼ੱਕ

ਧੂਤ ਕਲਾਂ ਵਿੱਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਪਿਤਾ ਵੱਲੋਂ ਧੀ ਦਾ ਕਤਲ ਕਰਨ ਦਾ ਸ਼ੱਕ

12ਵੀਂ ਜਮਾਤ ਦੀ ਵਿਦਿਆਰਥਣ ਖੂਨ ਨਾਲ ਲੱਥਪੱਥ ਹਾਲਤ ਵਿੱਚ ਮਿਲੀ; ਘਟਨਾ ਤੋਂ ਬਾਅਦ ਪਿਤਾ ਘਰੋਂ ਗਾਇਬ, ਪੁਲਿਸ ਵੱਲੋਂ ਜਾਂਚ ਸ਼ੁਰੂ

ਹੁਸ਼ਿਆਰਪੁਰ/ਹਰਿਆਣਾ, 29 ਅਕਤੂਬਰ (ਤਰਸੇਮ ਦੀਵਾਨਾ)

ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਧੂਤ ਕਲਾਂ ਵਿੱਚ ਅੱਜ ਸਵੇਰੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ 12ਵੀਂ ਜਮਾਤ ਵਿੱਚ ਪੜ੍ਹਦੀ ਵਿਦਿਆਰਥਣ ਇੰਦਰਪ੍ਰੀਤ ਕੌਰ ਦੀ ਸ਼ੱਕੀ ਹਾਲਾਤ ਵਿੱਚ ਹੱਤਿਆ ਕਰ ਦਿੱਤੀ ਗਈ। ਮੁੱਢਲੀ ਜਾਣਕਾਰੀ ਅਨੁਸਾਰ ਇਸ ਵਾਰਦਾਤ ਵਿੱਚ ਉਸ ਦੇ ਪਿਤਾ ਅਮਰਜੀਤ ਸਿੰਘ ਦੀ ਸ਼ਮੂਲੀਅਤ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਪਿਤਾ ਦੇ ਘਰੋਂ ਗਾਇਬ ਹੋਣ ਕਾਰਨ ਮਾਮਲਾ ਹੋਰ ਗੰਭੀਰ ਬਣ ਗਿਆ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

ਪ੍ਰਾਪਤ ਜਾਣਕਾਰੀ ਅਨੁਸਾਰ ਇੰਦਰਪ੍ਰੀਤ ਕੌਰ ਦੇਸ਼ ਭਗਤਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਧੂਤ ਕਲਾਂ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਆਪਣੇ ਮਾਤਾ-ਪਿਤਾ ਨਾਲ ਰਹਿੰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਕਰੀਬ 6:30 ਤੋਂ 7 ਵਜੇ ਦੇ ਵਿਚਕਾਰ ਉਸ ਦੀ ਮਾਤਾ ਬਲਜੀਤ ਕੌਰ ਦੁੱਧ ਚੋਣ ਲਈ ਘਰ ਤੋਂ ਹਵੇਲੀ ਗਈ ਹੋਈ ਸੀ। ਕਰੀਬ ਇੱਕ ਘੰਟੇ ਬਾਅਦ ਜਦੋਂ ਉਹ ਵਾਪਸ ਘਰ ਪਰਤੀ ਤਾਂ ਕਮਰੇ ਵਿੱਚ ਆਪਣੀ ਧੀ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਬੈੱਡ ਦੇ ਹੇਠਾਂ ਪਿਆ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

 

ਜਾਣਕਾਰੀ ਮੁਤਾਬਕ ਵਿਦਿਆਰਥਣ ਦੇ ਗਲੇ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਜਾਣ ਦੇ ਨਿਸ਼ਾਨ ਸਨ। ਘਟਨਾ ਦਾ ਪਤਾ ਲੱਗਦਿਆਂ ਹੀ ਮ੍ਰਿਤਕਾ ਦੀ ਮਾਤਾ ਨੇ ਰੌਲਾ ਪਾਇਆ, ਜਿਸ ’ਤੇ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ। ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਘਟਨਾ ਦੀ ਖ਼ਬਰ ਫੈਲਦਿਆਂ ਹੀ ਪਿੰਡ ਵਿੱਚ ਸੋਗ ਅਤੇ ਸਹਿਮ ਦਾ ਮਾਹੌਲ ਬਣ ਗਿਆ।

 

ਸੂਚਨਾ ਮਿਲਣ ’ਤੇ ਡੀ.ਐੱਸ.ਪੀ. (ਆਰ.) ਨਰਿੰਦਰ ਸਿੰਘ, ਥਾਣਾ ਹਰਿਆਣਾ ਦੇ ਐੱਸ.ਐੱਚ.ਓ. ਐੱਸ.ਆਈ. ਗੁਰਚਰਨ ਸਿੰਘ ਅਤੇ ਪੁਲਿਸ ਚੌਕੀ ਭੂੰਗਾ ਦੇ ਇੰਚਾਰਜ ਐੱਸ.ਆਈ. ਅਜਮੇਰ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਵੱਲੋਂ ਘਟਨਾ ਸਥਾਨ ਦੀ ਜਾਂਚ ਕਰਦਿਆਂ ਸਬੂਤ ਇਕੱਠੇ ਕਰਨ ਅਤੇ ਮਾਮਲੇ ਨਾਲ ਜੁੜੇ ਤੱਥਾਂ ਦੀ ਪੜਤਾਲ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ।

 

ਫਿਲਹਾਲ ਪੁਲਿਸ ਵੱਲੋਂ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਵਿਦਿਆਰਥਣ ਦੀ ਹੱਤਿਆ ਦੇ ਅਸਲ ਕਾਰਨਾਂ ਅਤੇ ਘਟਨਾ ਵਿੱਚ ਕੌਣ-ਕੌਣ ਸ਼ਾਮਲ ਹੈ, ਇਸ ਬਾਰੇ ਪੁਲਿਸ ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ।

Leave a Reply

Your email address will not be published. Required fields are marked *