ਆਦਿ ਧਰਮ ਸ਼ਤਾਬਦੀ ਸਮਾਗਮ ‘ਚ ਸੰਤ ਸਤਵਿੰਦਰ ਹੀਰਾ ਨੇ ਕੀਤੇ ਵੱਡੇ ਕੌਮੀ ਐਲਾਨ ਮੀਰਾਂ ਬਾਈ ਮੰਦਿਰ ਲਈ ਦਾਨ ਕਰਨਗੇ 2 ਕਿੱਲੇ ਜ਼ਮੀਨ

ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਬਣੇਗਾ ਮੁਫ਼ਤ IAS-IPS ਕੋਚਿੰਗ ਸੈਂਟਰ, ਸੇਵਾਮੁਕਤ ਅਧਿਕਾਰੀਆਂ ਦੀ ਬਣੇਗੀ ਕਮੇਟੀ

ਹੁਸ਼ਿਆਰਪੁਰ, 14 ਜੂਨ ( ਤਰਸੇਮ ਦੀਵਾਨਾ )

ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਰਮ-ਸੇਵਕ ਮੀਰਾਂ ਬਾਈ ਦਾ ਸੁੰਦਰ ਤੇ ਅਲੌਕਿਕ ਮੰਦਿਰ ਬਣਾਉਣ ਅਤੇ ਨੌਜਵਾਨਾਂ ਨੂੰ ਮੁਫ਼ਤ IAS, IPS ਤੇ PCS ਦੀ ਕੋਚਿੰਗ ਦੇਣ ਲਈ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਸ ਕਮੇਟੀ ਵਿੱਚ IAS ਅਤੇ ਹੋਰ ਸੇਵਾਮੁਕਤ ਉੱਚ ਅਧਿਕਾਰੀਆਂ ਸਮੇਤ ਸਮਾਜ ਦੇ ਬੁੱਧੀਜੀਵੀਆਂ ਨੂੰ ਸ਼ਾਮਲ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ‘ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ’ ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਕੀਤਾ। ਉਹ ਆਦਿ ਧਰਮੀ ਕੌਮ ਦੇ ਮਹਾਂਨਾਇਕ, ਗ਼ਦਰੀ ਬਾਬੇ ਅਤੇ ਆਦਿ ਧਰਮ ਮੰਡਲ ਦੇ ਬਾਨੀ ਬਾਬੂ ਮੰਗੂ ਰਾਮ ਮੁਗੋਵਾਲੀਆ ਜੀ ਵੱਲੋਂ ਸਥਾਪਿਤ ਕੀਤੇ ਗਏ ਮੰਡਲ ਦੇ ਸ਼ਤਾਬਦੀ ਸਮਾਗਮਾਂ ਮੌਕੇ ਸ੍ਰੀ ਗੁਰੂ ਰਵਿਦਾਸ ਚਰਨਛੋਹ ਇਤਿਹਾਸਕ ਧਰਮ ਅਸਥਾਨ ਬੇਗਮਪੁਰਾ (ਸ੍ਰੀ ਖੁਰਾਲਗੜ੍ਹ ਸਾਹਿਬ) ਵਿਖੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ।

ਜ਼ਮੀਨ ਦਾਨ ਕਰਨ ਦਾ ਐਲਾਨ

ਸੰਤ ਸਤਵਿੰਦਰ ਹੀਰਾ ਨੇ ਐਲਾਨ ਕੀਤਾ ਕਿ ਉਹ ਮੀਰਾਂ ਬਾਈ ਮੰਦਿਰ ਦੀ ਉਸਾਰੀ ਲਈ ਆਪਣੀ ਨਿੱਜੀ ਜ਼ਮੀਨ ਵਿੱਚੋਂ 2 ਕਿੱਲੇ ਜ਼ਮੀਨ ਦਾਨ ਵਜੋਂ ਦੇਣਗੇ।

ਗਉਸ਼ਾਲਾ ਅਤੇ ਕੋਚਿੰਗ ਸੈਂਟਰ

ਉਹਨਾਂ ਕਿਹਾ ਕਿ ਅਗਲੇ ਪੜਾਅ ਵਿੱਚ ਮੀਰਾਂ ਬਾਈ ਦੇ ਨਾਮ ‘ਤੇ ਗਊਸ਼ਾਲਾ ਅਤੇ ਪੜ੍ਹੇ-ਲਿਖੇ ਨੌਜਵਾਨਾਂ ਦੇ ਸੁਨਹਿਰੀ ਭਵਿੱਖ ਲਈ ਮੁਫ਼ਤ IAS/IPS ਕੋਚਿੰਗ ਸੈਂਟਰ ਦੀ ਉਸਾਰੀ ਸਬੰਧੀ ਵੱਡੇ ਫ਼ੈਸਲੇ ਲਏ ਜਾਣਗੇ। ਉਨ੍ਹਾਂ ਸਮਾਜ ਦੇ ਬੁੱਧੀਜੀਵੀ ਵਰਗ ਨੂੰ ਇਸ ਮਹਾਨ ਕਾਰਜ ਵਿੱਚ ਅੱਗੇ ਆ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਸੰਸਥਾਵਾਂ ਨੂੰ ਡੇਰਾਵਾਦ ਤੋਂ ਮੁਕਤ ਰੱਖਣ ਦਾ ਸੰਕਲਪ

ਇੱਕ ਸਵਾਲ ਦੇ ਜਵਾਬ ਵਿੱਚ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਇੱਕ ਅਜਿਹੀ ਵੱਡੀ ਅਕੈਡਮੀ ਸਥਾਪਿਤ ਕਰਨਾ ਹੈ, ਜਿੱਥੋਂ ਬਾਬੂ ਮੰਗੂ ਰਾਮ ਮੁਗੋਵਾਲੀਆ, ਮਹਾਤਮਾ ਜੋਤੀਬਾ ਫ਼ੁਲੇ, ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਅਤੇ ਬਾਬੂ ਕਾਂਸ਼ੀ ਰਾਮ ਵਰਗੇ ਮਹਾਂਨਾਇਕ ਪੈਦਾ ਹੋਣ। ਇਹ ਨੌਜਵਾਨ ਪੂਰੀ ਦੁਨੀਆ ਵਿੱਚ ਆਦਿ ਧਰਮ ਦੀ ਲਹਿਰ ਨੂੰ ਪ੍ਰਚੰਡ ਕਰਨ ਅਤੇ ਸਦੀਆਂ ਦੀ ਗ਼ੁਲਾਮੀ ਨੂੰ ਖ਼ਤਮ ਕਰਕੇ ‘ਆਦਿ ਧਰਮ ਰਾਜ’ ਦੀ ਸਥਾਪਨਾ ਕਰਨ।

ਵਿਸ਼ੇਸ਼ ਨੋਟ

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਇਤਿਹਾਸਕ ਅਸਥਾਨਾਂ ਨੂੰ ਸਦਾ ਲਈ ਆਦਿ ਧਰਮੀ ਕੌਮ ਦੀ ਸੁਚੱਜੀ ਅਗਵਾਈ ਹੇਠ ਰੱਖਣ ਲਈ ਬੁੱਧੀਜੀਵੀਆਂ ਦੀ ਕਮੇਟੀ ਬਣਨੀ ਬਹੁਤ ਜ਼ਰੂਰੀ ਹੈ, ਤਾਂ ਜੋ ਕੋਈ ਵੀ ਸੰਤ ਜਾਂ ਬਾਬਾ ਇਸ ਉੱਤੇ ਕਾਬਜ਼ ਹੋ ਕੇ ਇਸ ਨੂੰ ਆਪਣੀ ਨਿੱਜੀ ਜਾਇਦਾਦ ਜਾਂ ਡੇਰਾ ਨਾ ਬਣਾ ਸਕੇ।

ਉਨ੍ਹਾਂ ਖੁੱਲ੍ਹੇ ਮਨ ਨਾਲ ਐਲਾਨ ਕੀਤਾ ਕਿ ਜੇਕਰ ਦੇਸ਼-ਵਿਦੇਸ਼ ਦੀਆਂ ਸੰਗਤਾਂ ਸਹਿਯੋਗ ਕਰਨ, ਤਾਂ ਕੌਮ ਦੇ ਭਵਿੱਖ ਦੀਆਂ ਯੋਜਨਾਵਾਂ ਲਈ ਜਿੰਨੀ ਵੀ ਜ਼ਮੀਨ ਦੀ ਲੋੜ ਪਵੇਗੀ, ਉਹ ਮੁਹੱਈਆ ਕਰਵਾਉਣਗੇ। ਸਤਿਗੁਰੂ ਰਵਿਦਾਸ ਮਹਾਰਾਜ ਅਤੇ ਮਹਾਂਪੁਰਖਾਂ ਦੇ ਆਰਥਿਕ, ਸਮਾਜਿਕ ਤੇ ਰਾਜਨੀਤਕ ਪਰਿਵਰਤਨ ਦੇ ਅੰਦੋਲਨ ਨੂੰ ਮੰਜ਼ਿਲ ਤੱਕ ਪਹੁੰਚਾਉਣ ਲਈ ਉਹ ਆਪਣਾ ਆਪਾ

ਵਾਰਨ ਲਈ ਵੀ ਤਿਆਰ ਹਨ।

Leave a Reply

Your email address will not be published. Required fields are marked *