ਸ੍ਰੀ ਖੁਰਾਲਗੜ ਸਾਹਿਬ ਮੱਥਾ ਟੇਕ ਕੇ ਵਾਪਸ ਆ ਰਹੀ ਬੱਸ ਖੱਡ ਵਿਚ ਡਿੱਗੀ, ਜਾਨੀ ਨੁਕਸਾਨ ਤੋਂ ਹੋਇਆ ਬਚਾਅ,

ਹੁਸ਼ਿਆਰਪੁਰ 10 ਮਈ (ਤਰਸੇਮ ਦੀਵਾਨਾ )
ਸ੍ਰੀ ਚਰਨਛੋਹ ਗੰਗਾ ਸ੍ਰੀ ਖੁਰਾਲਗੜ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਆ ਰਹੀ ਬੱਸ ਚੜਾਈ ਚੜ੍ਹਦੇ ਸਮੇਂ ਬ੍ਰੇਕ ਫੇਲ ਹੋਣ ਕਰਕੇ ਡੂੰਗੀ ਖੱਡ ਵਿੱਚ ਜਾ ਡਿਗੀ। ਅੱਜ ਸਵੇਰੇ ਪਿੰਡ ਦੌਲਤ ਪੁਰ ਫਗਵਾੜੇ ਤੋਂ ਇਕ ਬੱਸ ਨੰਬਰ ਪੀ ਵੀ 08 ਬੀ ਜੈਡ 0181 ਭਰਕੇ ਇਤਿਹਾਸਕ ਅਸਥਾਨ ਸ੍ਰੀ ਚਰਨਛੋਹ ਗੰਗਾ ਅਤੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਬੇਗਮਪੁਰਾ ਸ੍ਰੀ ਖੁਰਾਲਗੜ ਸਾਹਿਬ ਦੇ ਦਰਸ਼ਨਾਂ ਲਈ ਆਈ ਸੀ ਜਿਸ ਵਿੱਚ 55 ਦੇ ਕਰੀਬ ਸਵਾਰੀਆਂ ਸਨ। ਮੱਥਾ ਟੇਕ ਕੇ ਵਾਪਸ ਜਾਣ ਸਮੇਂ ਸ੍ਰੀ ਬੇਗਮਪੁਰਾ ਚੌਂਕ ਤੋਂ ਖ਼ੁਰਾਲੀ ਪਿੰਡ ਨੂੰ ਚੜਾਈ ਚੜ੍ਹਦੇ ਸਮੇਂ ਗੱਡੀ ਦੀ ਬ੍ਰੇਕ ਫੇਲ ਹੋਣ ਕਰਕੇ ਬੱਸ ਪਿੱਛੇ ਵੱਲ ਆ ਕੇ ਡੂੰਗੀ ਖੱਡ ਵੱਲ ਘੁੰਮ ਗਈ ਤੇ ਪਿਛਲੇ ਟਾਇਰਾਂ ਤੋਂ ਡੂੰਗੀ ਖੱਡ ਵਿਚ ਡਿੱਗ ਪਈ।
*ਸੰਤ ਸਤਵਿੰਦਰ ਹੀਰਾ ਨੇ ਮੌਕੇ ਤੇ ਪਹੁੰਚਕੇ ਸੰਗਤਾਂ ਦਾ ਹਾਲ ਜਾਣਿਆ*
ਬੱਸ ਵਿੱਚ 3-4 ਸਵਾਰੀਆਂ ਨੂੰ ਛੱਡ ਕੇ ਬਾਕੀ ਬੱਸ ਖਾਲੀ ਕਰਕੇ ਸਵਾਰੀਆਂ ਨੂੰ ਹੇਠਾਂ ਉਤਾਰਨ ਕਰਕੇ ਭਾਰੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ । ਇਕ ਔਰਤ,ਇਕ ਚਾਰ ਸਾਲ ਦੀ ਬੱਚੀ ਅਤੇ ਡਰਾਈਵਰ ਸਮੇਤ ਤਿੰਨ ਹੋਰ ਵਿਅਕਤੀ ਬੱਸ ਵਿੱਚ ਸਵਾਰ ਸਨ । ਇਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਮੌਕੇ ਤੇ ਹਾਜਰ ਲੋਕਾਂ ਵਲੋਂ ਉਨਾਂ ਨੂੰ ਬੱਸ ਵਿਚੋਂ ਸੁਰੱਖਿਅਤ ਬਾਹਰ ਕੱਢਿਆ।
ਇਸ ਮੌਕੇ ਸੰਗਤ ਨਾਲ ਆਏ ਸੁਖਦੇਵ ਰਾਜ ਨੇ ਦੱਸਿਆ ਕਿ ਪਿੰਡ ਦੌਲਤ ਪੁਰ ਫਗਵਾੜੇ ਤੋਂ ਸੰਗਤ ਸ੍ਰੀ ਖੁਰਾਲਗੜ ਸਾਹਿਬ ਮੱਥਾ ਟੇਕ ਕੇ ਵਾਪਸ ਜਾ ਰਹੀ ਤਾਂ ਬੇਗਮਪੁਰਾ ਚੌਂਕ ਤੋਂ ਚੜਾਈ ਚੜ੍ਹਨ ਸਮੇਂ ਇਹ ਹਾਦਸਾ ਵਾਪਰ ਗਿਆ।
*ਇਕ ਔਰਤ,ਛੋਟੀ ਬੱਚੀ ਤੇ ਦੋ ਵਿਅਕਤੀ ਬਾਲ ਬਾਲ ਬਚੇ
ਇਸ ਮੌਕੇ ਤੇ ਹਾਜਰ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਨੇ ਸੰਗਤਾਂ ਦਾ ਹਾਲ ਜਾਣਿਆ ਅਤੇ ਕਿਹਾ ਕਿ ਇਹ ਰਸਤਾ ਖਤਰਨਾਕ ਹੈ ਇਥੇ ਪਹਿਲਾਂ ਕਈ ਐਕਸੀਡੈਂਟ ਹੋ ਚੁੱਕੇ ਹਨ ਤੇ ਅਨੇਕਾਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਖਤਰਨਾਕ ਰੋਡ ਨੂੰ ਵੱਡੀਆਂ ਗੱਡੀਆਂ ਲਈ ਬੰਦ ਕੀਤਾ ਜਾਵੇ ਅਤੇ ਟਰੈਫਿਕ ਪੁਲਿਸ ਦੀ ਨਿਗਰਾਨੀ ਲਈ ਪੱਕੀ ਡਿਊਟੀ ਲਗਾਈ ਜਾਵੇ ਤਾਂ ਦੁਰਘਟਨਾਵਾਂ ਤੋਂ ਬਚਾਅ ਹੋ ਸਕੇ।
ਫੋਟੋ ਅਜਮੇਰ ਦੀਵਾਨਾ
