ਜਲੰਧਰ ਵਿੱਚ ਮੀਡੀਆ ਹਾਊਸ ‘ਤੇ ਹਮਲਾ ਅਤੇ ਭਾਜਪਾ ਆਗੂਆਂ ਦੀ ਗ੍ਰਿਫਤਾਰੀ ਐਮਰਜੈਂਸੀ ਦੇ ਦੌਰ ਦੀ ਯਾਦ ਦਿਵਾਉਂਦੀ ਹੈ: ਡਾ. ਰਮਨ ਘਈ

ਹੁਸ਼ਿਆਰਪੁਰ (ਤਰਸੇਮ ਦੀਵਾਨਾ ) – ਭਾਜਪਾ ਸਪੋਰਟਸ ਸੈੱਲ ਪੰਜਾਬ ਵੱਲੋਂ ਬੀਤੇ ਦਿਨੀਂ ਜਲੰਧਰ ਵਿੱਚ ਮੀਡੀਆ ਹਾਊਸ ਨਾਲ ਸਬੰਧਤ ਸੰਸਥਾ ‘ਤੇ ਸਰਕਾਰ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਚਲਾਏ ਗਏ ਬੁਲਡੋਜ਼ਰ ਅਤੇ ਸਰਕਾਰ ਦੀ ਇਸ ਕਾਰਵਾਈ ਦਾ ਵਿਰੋਧ ਕਰ ਰਹੇ ਭਾਜਪਾ ਅਤੇ ਹੋਰ ਲੋਕਾਂ ਦੀ ਗ੍ਰਿਫਤਾਰੀ ਦੇ ਸਬੰਧ ਵਿੱਚ ਭਾਜਪਾ ਸਪੋਰਟਸ ਸੈੱਲ ਦੇ ਸਾਬਕਾ ਸੂਬਾਈ ਪ੍ਰਧਾਨ ਡਾ. ਰਮਨ ਘਈ ਦੀ ਪ੍ਰਧਾਨਗੀ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਡਾ. ਘਈ ਨੇ ਕਿਹਾ ਕਿ ਜਲੰਧਰ ਵਿੱਚ ਇੱਕ ਮੀਡੀਆ ਹਾਊਸ ਨਾਲ ਸਬੰਧਤ ਸੰਸਥਾ ਅਤੇ ਭਾਜਪਾ ਆਗੂਆਂ ਅਤੇ ਹੋਰ ਪਤਵੰਤਿਆਂ ਦੀ ਗ੍ਰਿਫਤਾਰੀ ਅੱਜ ਪੰਜਾਬ ਵਾਸੀਆਂ ਨੂੰ ਐਮਰਜੈਂਸੀ ਦਾ ਦੌਰ ਯਾਦ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਚਰਮਰਾਅ ਚੁੱਕੀ ਹੈ ਅਤੇ ਲੋਕਾਂ ਨੂੰ ਆਪਣੀਆਂ ਬੁਨਿਆਦੀ ਲੋੜਾਂ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਡਾ. ਘਈ ਨੇ ਕਿਹਾ ਕਿ ਸਰਕਾਰ ਦੇ 4 ਸਾਲ ਤੋਂ ਵੱਧ ਦੇ ਕਾਰਜਕਾਲ ਵਿੱਚ ਸਰਕਾਰੀ ਅਤੇ ਗੈਰ-ਸਰਕਾਰੀ ਵਰਗ ਬੁਰੀ ਤਰ੍ਹਾਂ ਮੁਸ਼ਕਲਾਂ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਿਸ ਉਮੀਦ ਨਾਲ ਸੂਬੇ ਵਿੱਚ ਸਰਕਾਰ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਸੀ, ਅੱਜ ਸੂਬੇ ਦੇ ਲੋਕ ਆਪਣੇ ਇਸ ਫੈਸਲੇ ‘ਤੇ ਪਛਤਾ ਰਹੇ ਹਨ ਅਤੇ ਬੇਸਬਰੀ ਨਾਲ 2027 ਦਾ ਇੰਤਜ਼ਾਰ ਕਰ ਰਹੇ ਹਨ। ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਡਾ. ਘਈ ਨੇ ਰਾਜਪਾਲ ਕੋਲੋਂ ਮੰਗ ਕੀਤੀ ਕਿ ਜਿਨ੍ਹਾਂ ਅਧਿਕਾਰੀਆਂ ਨੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰ ਕੇ ਪ੍ਰਦਰਸ਼ਨ ਕਰ ਰਹੇ ਆਗੂਆਂ ਨਾਲ ਗਲਤ ਵਿਵਹਾਰ ਕਰ ਕੇ ਗ੍ਰਿਫਤਾਰ ਕੀਤਾ, ਉਨ੍ਹਾਂ ਖਿਲਾਫ ਕਦਮ ਚੁੱਕ ਕੇ ਕਾਰਵਾਈ ਕੀਤੀ ਜਾਵੇ। ਡਾ. ਘਈ ਨੇ ਭਵਿੱਖ ਵਿੱਚ ਰਾਜਪਾਲ ਕੋਲੋਂ ਪੰਜਾਬ ਦੇ ਲੋਕਾਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਦੀ ਵੀ ਮੰਗ ਕੀਤੀ ਤਾਂ ਜੋ ਲੋਕ ਬਾਬਾ ਸਾਹਿਬ ਦੁਆਰਾ ਦਿੱਤੇ ਸੰਵਿਧਾਨ ਦੇ ਆਪਣੇ ਅਧਿਕਾਰਾਂ ਦੀ ਵਰਤੋਂ ਕਰ ਕੇ ਅਨਿਆਏ ਵਿਰੁੱਧ ਆਪਣੀ ਆਵਾਜ਼ ਪ੍ਰਦਰਸ਼ਨ ਕਰ ਕੇ ਬੁਲੰਦ ਕਰ ਸਕਣ। ਇਸ ਰੋਸ ਪ੍ਰਦਰਸ਼ਨ ਵਿੱਚ ਭਾਜਪਾ ਆਗੂ ਡਾ. ਪੰਕਜ ਸ਼ਰਮਾ, ਡਾ. ਰਾਜਕੁਮਾਰ ਸੈਣੀ, ਜਸਵੀਰ ਸਿੰਘ, ਡਾ. ਵਸ਼ਿਸ਼ਟ ਕੁਮਾਰ, ਮੋਹਿਤ ਸੰਧੂ, ਕਰਨ ਕੁਮਾਰ, ਕਰਨੈਲ ਸਿੰਘ, ਮਨਵੀਰ ਕੁਮਾਰ, ਜਗਜੀਤ ਸਿੰਘ, ਬੱਬਲੂ, ਅਮਨ ਕੁਮਾਰ, ਗਗਨਦੀਪ ਸਿੰਘ, ਹਰਪ੍ਰੀਤ ਆਦਿ ਕਾਰਕੁਨ ਹਾਜ਼ਰ ਸਨ।
ਫੋਟੋ ਅਜਮੇਰ ਦੀਵਾਨਾ
