ਮਾਮਲਾ ਬਿਜਲੀ ਵਿਭਾਗ ਦੇ ਠੇਕਾ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਹੋਈ ਮੌਤ ਦਾ

ਮਾਮਲਾ ਬਿਜਲੀ ਵਿਭਾਗ ਦੇ ਠੇਕਾ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਹੋਈ ਮੌਤ ਦਾ 

• ਬਿਜਲੀ ਵਿਭਾਗ ਦੇ ਠੇਕਾ ਮੁਲਾਜ਼ਮਾਂ ਨੇ ਕਾਰਵਾਈ ਨਾ ਹੋਣ ਦੇ ਰੋਸ ਵੱਜੋਂ ਲਾਇਆ ਜਾਮ 

• ਵਰ੍ਹਦੇ ਮੀਂਹ ‘ਚ ਪ੍ਰਭਾਤ ਚੌਂਕ ਜਾਮ ਕਰਕੇ ਕੀਤੀ ਸਰਕਾਰ ਵਿਰੋਧੀ ਨਾਅਰੇਬਾਜ਼ੀ 

ਹੁਸ਼ਿਆਰਪੁਰ, 3 ਸਤੰਬਰ (ਤਰਸੇਮ ) ਪੰਜਾਬ ਸਟੇਟ ਪਾਵਰ ਕਾਮ ਲਿਮਿਟਡ ਦੇ ਠੇਕਾ ਅਧਾਰਤ ਮੁਲਾਜ਼ਮਾਂ ਵੱਲੋਂ ਮੰਗਲਵਾਰ ਨੂੰ ਕਰੰਟ ਲੱਗਣ ਨਾਲ ਮੌਤ ਦੀ ਗ੍ਰਾਹੀ ਬਣੇ ਮੁਲਾਜ਼ਮ ਦੇ ਮਾਮਲੇ ਵਿੱਚ ਬਿਜਲੀ ਵਿਭਾਗ ਅਤੇ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਾ ਕਰਨ ਦੀ ਰੋਸ ਵਜੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਅਗਵਾਈ ਹੇਠ ਹੁਸ਼ਿਆਰਪੁਰ ਦੇ ਪ੍ਰਭਾਤ ਚੌਂਕ ਵਿੱਚ ਇਕੱਠੇ ਹੋ ਕੇ ਟਰੈਫਿਕ ਜਾਮ ਕਰ ਦਿੱਤਾ ਅਤੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਮੌਕੇ ਮ੍ਰਿਤਕ ਮੁਲਾਜ਼ਮ ਦੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਠੇਕਾ ਅਧਾਰਿਤ ਮੁਲਾਜ਼ਮਾਂ ਦੀ ਜਥੇਬੰਦੀ ਦੇ ਬਹੁਤ ਸਾਰੇ ਮੁਲਾਜ਼ਮ ਮੌਜੂਦ ਸਨ | ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਸਵੇਰਸਾਰ ਹੁਸ਼ਿਆਰਪੁਰ ਸ਼ਹਿਰ ਵਿੱਚ ਪੈ ਰਹੀ ਭਾਰੀ ਬਰਸਾਤ ਦਰਮਿਆਨ ਨਿਊ ਦਸਮੇਸ਼ ਨਗਰ ਇਲਾਕੇ ਵਿੱਚ ਬੰਦ ਹੋਈ ਬਿਜਲੀ ਨੂੰ ਠੀਕ ਕਰਨ ਲਈ ਵਰ੍ਹਦੇ ਮੀਹ ਵਿੱਚ ਬਿਜਲੀ ਦੇ ਟਰਾਂਸਫਾਰਮਰ ਉਪਰ ਫਿਊਜ ਲਾਉਣ ਲਈ ਚੜ੍ਹੇ ਠੇਕਾ ਅਧਾਰਤ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ | ਮੌਕੇ ਤੇ ਇਕੱਠੇ ਹੋਏ ਲੋਕਾਂ ਮੁਤਾਬਕ ਕਾਲ ਦੀ ਗ੍ਰਾਹੀ ਬਣੇ ਉਕਤ ਠੇਕਾ ਅਧਾਰਿਤ ਮੁਲਾਜ਼ਮ ਦੋ ਹੋਰ ਪੱਕੇ ਮੁਲਾਜ਼ਮਾਂ ਦੀ ਹਾਜ਼ਰੀ ਵਿੱਚ ਬਿਨਾਂ ਸੁਰੱਖਿਆ ਉਪਕਰਨਾਂ ਤੋਂ ਟਰਾਂਸਫਾਰਮਰ ਦੇ ਉੱਪਰ ਚੜ ਕੇ ਫਿਊਜ ਲਾਉਣ ਦਾ ਕੰਮ ਕਰ ਰਿਹਾ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਨੰਬਰਦਾਰ ਬਲਜਿੰਦਰ ਸਿੰਘ ਪਿੰਡ ਭਾਗੋਵਾਲ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਉਸ ਦਾ ਸਕਾ ਭਤੀਜਾ ਮਨਿੰਦਰ ਸਿੰਘ (25) ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਭਾਗੋਵਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੀ ਸਬ ਅਰਬਨ ਸਬ ਡਿਵੀਜ਼ਨ ਵਿੱਚ ਠੇਕਾ ਅਧਾਰਤ ਮੁਲਾਜ਼ਮ ਵਜੋਂ ਡਿਊਟੀ ਕਰ ਰਿਹਾ ਸੀ ਉਸ ਨੂੰ ਬਿਜਲੀ ਮਹਿਕਮੇ ਵਿੱਚ ਪੱਕੇ ਮੁਲਾਜ਼ਮ ਪਲਵਿੰਦਰ ਸਿੰਘ ਅਤੇ ਸ਼ਿਵ ਕੁਮਾਰ ਆਪਣੇ ਨਾਲ ਲੈ ਕੇ ਬਿਜਲੀ ਠੀਕ ਕਰਨ ਲਈ ਗਲੀ ਨੰਬਰ 7 ਨਿਊ ਦਸਮੇਸ਼ ਨਗਰ ਹੁਸ਼ਿਆਰਪੁਰ ਪਹੁੰਚੇ ਜਿੱਥੇ ਕੰਮ ਕਰਨ ਦੌਰਾਨ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ | ਇਸ ਸਰਪੰਚ ਅਮਰਜੀਤ ਸਿੰਘ ਤੇ ਨੰਬਰਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਬਿਜਲੀ ਮਹਿਕਮੇ ਦੇ ਪੱਕੇ ਮੁਲਾਜ਼ਮਾਂ ਦੀ ਲਾਪਰਵਾਹੀ ਕਾਰਣ ਵਾਪਰਿਆ ਹੈ ਇਸ ਲਈ ਉਹਨਾਂ ਖਿਲਾਫ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ ਅਤੇ ਇਹ ਮੁੰਡਾ ਮਨਿੰਦਰ ਸਿੰਘ ਜੋ ਠੇਕੇ ਤੇ ਭਰਤੀ ਸੀ ਅਤੇ 6 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਤੇ ਸਾਲ ਕੁ ਪਹਿਲਾਂ ਹੀ ਉਸ ਦੇ ਪਿਤਾ ਦੀ ਮੌਤ ਹੋਈ ਇਸ ਕਾਰਨ ਘਰ ਵਿੱਚ ਕਮਾਊ ਜੀਅ ਨਹੀਂ ਰਿਹਾ ਪੀੜਤ ਪਰਿਵਾਰ ਨੂੰ ਬਣਦਾ ਮੁਆਵਜ਼ਾ ਵੀ ਦਿੱਤਾ ਜਾਵੇ | ਇਸ ਮੌਕੇ ਰੋਹ ਵਿੱਚ ਆਏ ਪਰਿਵਾਰਿਕ ਮੈਂਬਰਾਂ ਅਤੇ ਯੂਨੀਅਨ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਾਡਲ ਟਾਊਨ ਤੋਂ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਸੀ ਪਰ ਬਣਦੀ ਕਾਨੂੰਨੀ ਕਾਰਵਾਈ ਕਰਨ ਵਿੱਚ ਢਿੱਲ ਮੱਠ ਵਰਤੀ ਜਾ ਰਹੀ ਹੈ ਜਿਸ ਕਾਰਣ ਉਹਨਾਂ ਨੂੰ ਇਨਸਾਫ ਲੈਣ ਲਈ ਮਜਬੂਰ ਹੋ ਕੇ ਚੱਕਾ ਜਾਣ ਦਾ ਸਹਾਰਾ ਲੈਣਾ ਪਿਆ | ਇਸ ਚੱਕਾ ਜਾਮ ਦੌਰਾਨ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਤੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਮੌਕੇ ਡੀਐਸਪੀ ਦੇਵ ਦੱਤ ਸ਼ਰਮਾ ਅਤੇ ਥਾਣਾ ਮਾਡਲ ਟਾਊਨ ਦੇ ਐਸਐਚਓ ਸਬ ਇੰਸਪੈਕਟਰ ਗੁਰ ਸਾਹਿਬ ਸਿੰਘ ਮੌਕੇ ਤੇ ਪਹੁੰਚ ਗਏ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਵੱਲੋਂ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਕਥਿਤ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਿਸ ਤੇ ਧਰਨਾਕਾਰੀਆਂ ਨੇ ਧਰਨਾ ਖਤਮ ਕਰਕੇ ਟਰੈਫਿਕ ਬਹਾਲ ਕਰ ਦਿੱਤੀ | ਇਸ ਮੌਕੇ ਬਿਕਰਮ ਸਿੰਘ ਵਿੱਕੀ, ਵਰਿੰਦਰ ਕੁਮਾਰ, ਹਰਜੀਤ ਸਿੰਘ, ਇੰਦਰਪ੍ਰੀਤ ਸਿੰਘ ਜਿਲਾ ਪ੍ਰਧਾਨ, ਤਰਲੋਚਨ ਸਿੰਘ ਡਿਵੀਜ਼ਨ ਪ੍ਰਧਾਨ ਅਤੇ ਹੋਰ ਠੇਕਾ ਅਧਾਰਿਤ ਮੁਲਾਜ਼ਮ ਮੌਜੂਦ ਸਨ।

ਫੋਟੋ ਅਜਮੇਰ ਦੀਵਾ

ਨਾ

 

Leave a Reply

Your email address will not be published. Required fields are marked *