ਆਜ਼ਾਦੀ ਦਿਵਸ ‘ਤੇ ਸਿਫਾਰਸ਼ੀ ਤੇ ਜੁੱਤੀਚੱਟ ਕਰਮਚਾਰੀਆਂ ਤੇ ਸਮਾਜ ਸੇਵੀਆਂ ਦੇ ਸਨਮਾਨ ਸਵਾਲਾਂ ਦੇ ਘੇਰੇ ‘ਚ !
ਮਿਹਨਤੀ ਤੇ ਇਮਾਨਦਾਰ ਮੁਲਾਜ਼ਮ ਘੋਰ ਨਿਰਾਸ਼ਾ ਦੇ ਆਲਮ ‘ਚ ?
ਲੋਕਤੰਤਰ ਦੇ ਚੌਥੇ ਥੰਮ ਮੀਡੀਆਕਰਮੀਆਂ ਨੂੰ ਵਿਸਾਰਨਾ ਲਾਲ ਫੀਤਾਸ਼ਾਹੀ ਦਾ ਕਮਾਲ
ਪ੍ਰਸਾਸ਼ਨ ਵੱਲੋਂ ਨਾਮ ਮੰਗ ਕੇ ਵੀ ਸਨਮਾਨ ਨਾ ਕਰਨਾ ਪੱਤਰਕਾਰਾਂ ਦੀ ਤੌਹੀਨ

ਹੁਸ਼ਿਆਰਪੁਰ, 17 ਅਗਸਤ (ਤਰਸੇਮ ਦੀਵਾਨਾ )
ਹੁਸ਼ਿਆਰਪੁਰ ਵਿੱਚ ਘਟੀਆ ਸੋਚ ਵਾਲੇ ਸੱਤਾਧਾਰੀ ਆਗੂਆਂ ਨੇ ਦੇਸ਼ ਦੇ ਗਰਿਮਾਮਈ ਰਾਸ਼ਟਰੀ ਤਿਉਹਾਰਾਂ ਸੁਤੰਤਰਤਾ ਦਿਵਸ ਤੇ ਗਣਤੰਤਰ ਦਿਵਸ ਸਮਾਗਮਾਂ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਕਿਉਂਕਿ ਹਰ ਸਾਲ ਭਾਰਤ ਦੇ ਰਾਸ਼ਟਰੀ ਤਿਉਹਾਰਾਂ ਮੌਕੇ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕਰਵਾਏ ਜਾਂਦੇ ਸਰਕਾਰੀ ਸਮਾਰੋਹਾਂ ਮੌਕੇ ਮਿਹਨਤ ਲਗਨ ਅਤੇ ਇਮਾਨਦਾਰੀ ਨਾਲ ਲੋਕ-ਭਲਾਈ ਲਈ ਕੰਮ ਕਰਨ ਵਾਲੇ ਸਰਕਾਰੀ ਮੁਲਾਜ਼ਮਾਂ ਅਤੇ ਸਮਾਜ ਸੇਵੀਆਂ ਦੀ ਬਜਾਏ ਅਕਸਰ ਸਰਕਾਰੀ ਅਫਸਰਾਂ ਦੇ ਚਾਪਲੂਸ ਜੁੱਤੀਚੱਟ, ਬੇਈਮਾਨ, ਸੁਸਤ ਕਾਰਜਪ੍ਰਣਾਲੀ ਅਤੇ ਭ੍ਰਿਸ਼ਟ ਤਰੀਕਿਆਂ ਨਾਲ ਇਨ੍ਹਾਂ ਸੱਤਾਧਾਰੀ ਆਗੂਆਂ ਦੀ ਮਿਲੀਭੁਗਤ ਨਾਲ ਮੋਟੀ ਮਲਾਈ ਖਾਣ ਵਾਲੇ ਭ੍ਰਿਸ਼ਟ ਲੋਕਾਂ ਦੇ ਸਨਮਾਨ ਹੁੰਦੇ ਹਨ । ਜਿਸ ਕਾਰਣ ਸੱਚਮੁੱਚ ਮਿਹਨਤ ਲਗਨ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਂਦੇ ਅਤੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਵਾਲੇ ਮੁਲਾਜ਼ਮ ਅਣਗੌਲੇ ਰਹਿ ਜਾਂਦੇ ਹਨ ਜਿਸ ਦੇ ਸਿੱਟੇ ਵਜੋਂ ਅਜਿਹੇ ਇਮਾਨਦਾਰ ਮੁਲਾਜ਼ਮ ਘੋਰ ਨਿਰਾਸ਼ਾ ਦੇ ਆਲਮ ਵਿੱਚ ਚਲੇ ਜਾਂਦੇ ਹਨ | ਇਹ ਵੀ ਵੇਖਣ ਵਿੱਚ ਆਇਆ ਹੈ ਕਿ ਅਜਿਹੇ ਸਿਫਾਰਸ਼ੀ ਅਤੇ ਅਫਸਰਾਂ ਦੇ ਚਾਪਲੂਸ ਤੇ ਜੁੱਤੀਚੱਟ ਮੁਲਾਜ਼ਮ ਦਫਤਰਾਂ ਵਿੱਚ ਨਿੰਦਿਆ,ਚੁਗਲਖੋਰੀ ਅਤੇ ਖਿੱਚੋਤਾਣ ਦੇ ਮਾਹੌਲ ਨੂੰ ਲਗਾਤਾਰ ਵਧਾਵਾ ਦਿੰਦੇ ਹਨ ਜਿਸ ਨਾਲ ਵੱਖ-ਵੱਖ ਵਿਭਾਗਾਂ ਦੀ ਕਾਰਜ ਪ੍ਰਣਾਲੀ ਵੀ ਪ੍ਰਭਾਵਿਤ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਵਾਰ ਜ਼ਿਲਾ ਪ੍ਰਸ਼ਾਸਨ ਵੱਲੋਂ ਹੁਸ਼ਿਆਰਪੁਰ ਵਿੱਚ ਕਰਵਾਏ ਗਏ ਆਜ਼ਾਦੀ ਦਿਹਾੜੇ ਸਮਾਗਮ ਮੌਕੇ ਵੀ ਅਜਿਹਾ ਕੁਝ ਹੀ ਹੋਇਆ ਦੇਖਣ ਨੂੰ ਮਿਲਿਆ ਜਿਸ ਨਾਲ ਇਹ ਸਵਾਲ ਵੀ ਉੱਠੇ ਕਿ ਜਦੋਂ ਇਨਾਮ ਤੇ ਸਨਮਾਨ ਦੀ ਲੜੀ ਬੇਈਮਾਨਾਂ ਦੇ ਹਿੱਸੇ ਹੀ ਲਿਖੀ ਜਾਣੀ ਹੈ ਤਾਂ ਫਿਰ ਇਮਾਨਦਾਰੀ ਕਿਉਂ ਪਿੱਛੜ ਜਾਂਦੀ ਹੈ ? ਕੀ ਸੱਚਾਈ, ਨਿਸ਼ਠਾ ਅਤੇ ਸੇਵਾ ਦਾ ਕੋਈ ਮੁੱਲ ਨਹੀਂ ?
ਕਿਉਂਕਿ ਇਸ ਪਵਿੱਤਰ ਮੌਕੇ ‘ਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਕਰਵਾਏ ਜਾਂਦੇ ਸਮਾਗਮਾਂ ਵਿੱਚ ਵੱਖ ਵੱਖ ਖੇਤਰਾਂ ਤੇ ਸਮਾਜ ਸੇਵਾ ਕਰ ਰਹੇ ਸਮਾਜ ਸੇਵੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ ਅਤੇ ਅਤੀਤ ਵਿੱਚ ਬੜੀ ਸੋਚ ਸਮਝ ਕੇ ਉਨ੍ਹਾਂ ਦੀ ਚੋਣ ਕੀਤੀ ਜਾਂਦੀ ਸੀ ਪਰ ਹੁਣ 2023 ਤੋਂ ਇਨ੍ਹਾਂ ਰਾਸ਼ਟਰੀ ਸਮਾਗਮਾਂ ਵਿੱਚ ਕਸੌਟੀ ‘ਤੇ ਪੂਰੇ ਉਤਰਦੇ ਮਿਹਨਤੀ ਅਤੇ ਇਮਾਨਦਾਰ ਤੇ ਕੰਮ ਨੂੰ ਸਮਰਪਣ ਭਾਵਨਾ ਨਾਲ ਕਰਨ ਵਾਲੇ ਮੁਲਾਜ਼ਮਾਂ, ਵਾਤਾਵਰਣ ਪ੍ਰੇਮੀਆਂ ਤੇ ਸਮਾਜ ਸੇਵਕਾਂ ਨੂੰ ਸਨਮਾਨਿਤ ਕਰਨ ਦਾ ਰੁਝਾਨ ਘੱਟ ਗਿਆ ਹੈ | ਪਿਛਲੇ ਕੁੱਝ ਕੁ ਸਾਲਾਂ ਤੋਂ ਬਦਲਾਅ ਵਾਲੇ ਆਏ ਦੌਰ ਵਿੱਚ ਸਥਾਨਕ ਵਿਧਾਇਕਾਂ,ਕੌਂਸਲਰਾਂ ਤੇ ਇੰਨ੍ਹਾਂ ਦੇ ਰਿਸ਼ਤੇਦਾਰਾਂ,ਦੋਸਤਾਂ ਉਨ੍ਹਾਂ ਦੀਆਂ ਸਹੇਲੀਆਂ ਦੇ ਸਕੇ ਸੰਬੰਧੀ,ਚਹੇਤੇ ਤੇ ਜੁੱਤੀਚੱਟ ਕਰਮਚਾਰੀ ਸਨਮਾਨਿਤ ਕੀਤੇ ਜਾ ਰਹੇ ਹਨ। ਜੋ ਸਵਾਲਾਂ ਦੇ ਘੇਰੇ ਵਿੱਚ ਆ ਰਹੇ ਹਨ ਅਤੇ ਆਪਣਾ ਕੰਮ ਮਿਹਨਤ ਲਗਨ ਤੇ ਇਮਾਨਦਾਰੀ ਨਾਲ ਕਰਨ ਵਾਲੇ ਸਰਕਾਰੀ ਕਰਮਚਾਰੀ ਘੋਰ ਨਿਰਾਸ਼ਾ ਦੇ ਆਲਮ ਵਿੱਚ ਬੇਵਸ ਨਜ਼ਰ ਆ ਰਹੇ ਹਨ | ਹੁਸ਼ਿਆਰਪੁਰ ਵਿੱਚ ਹਰ ਸਵਤੰਤਰਤਾ ਦਿਵਸ ਤੇ ਗਣਤੰਤਰ ਦਿਵਸ ਦੇ ਸਮਾਗਮਾਂ ਮੌਕੇ ਸ਼ਾਮਿਲ ਮੁੱਖ ਮਹਿਮਾਨ, ਮਾਨਯੋਗ ਡਿਪਟੀ ਕਮਿਸ਼ਨਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਇਹ ਪਤਾ ਨਹੀਂ ਹੁੰਦਾ ਕਿ ਜਿਨਾਂ ਦੇ ਸਨਮਾਨ ਹੋ ਰਹੇ ਹਨ ਉਹ ਇਸ ਸਨਮਾਨ ਲਈ ਯੋਗ ਪਾਤਰ ਵੀ ਹਨ ਜਾਂ ਨਹੀਂ, ਕਿਉਂਕਿ ਡੀਸੀ ਤੇ ਏਡੀਸੀ ਦੇ ਦਫ਼ਤਰਾਂ ਵਿੱਚ ਬੈਠੇ ਕਰਮਚਾਰੀ ਸੱਤਾਧਾਰੀ ਆਗੂਆਂ ਦੇ ਗੈਂਗ ਅੱਗੇ ਗੋਡੇ ਟੇਕ ਕੇ ਉਹਨਾਂ ਦੀ ਮਨ ਮਰਜ਼ੀ ਦੀ ਲਿਸਟ ਤਿਆਰ ਕਰਦੇ ਰਹੇ ਹਨ ਇਸ ਵਾਰ ਦੇ ਸਮਾਗਮ ਵਿੱਚ ਦੋ ਦਰਜਨ ਤੋਂ ਵੱਧ ਇਨ੍ਹਾਂ ਆਸ਼ਕੀ ਦੇ ਚੇਹਰਿਆਂ ਅਤੇ ਅਫਸਰਾਂ ਦੀ ਚਮਚਾਗਿਰੀ ਕਰਨ ਵਾਲੇ ਜੁੱਤੀਚੱਟ ਕਰਮਚਾਰੀਆਂ ਨੂੰ ਸਨਮਾਨਿਤ ਕਰਵਾ ਗਏ।
ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਨ੍ਹਾਂ ਆਸ਼ਕੀ ਦੇ ਪਿਆਦੇ ਅਤੇ ਅਯੋਗ,ਸਿਫਾਰਸ਼ੀ ਤੇ ਨਲਾਇਕ ਕਰਮੀਆਂ ਦੇ ਸਨਮਾਨ ਕਿਵੇਂ ਕੀਤੇ ਗਏ ਹਨ ? ਸਰਕਾਰੀ ਦਫਤਰਾਂ ਵਿੱਚ ਕਾਰਜ ਪ੍ਰਣਾਲੀ ਨੂੰ ਲੀਹੇ ਲਿਆਉਣ ਅਤੇ ਇਮਾਨਦਾਰ ਤੇ ਲਗਨ ਨਾਲ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਉਤਸਾਹਿਤ ਕਰਨ ਲਈ ਇਹ ਜ਼ਰੂਰੀ ਹੈ ਕਿ ਆਉਣ ਵਾਲੇ ਸਮਿਆਂ ਵਿੱਚ ਸਨਮਾਨ ਦੇ ਪੱਤਰ ਉਹਨਾਂ ਹੱਥਾਂ ਤੱਕ ਪਹੁੰਚਣੇ ਚਾਹੀਦੇ ਹਨ ਜਿਨ੍ਹਾਂ ਨੇ ਆਪਣੀ ਇਮਾਨਦਾਰੀ ਨਾਲ ਪ੍ਰਣਾਲੀ ਨੂੰ ਸੱਚਮੁੱਚ ਚਲਾਇਆ ਹੈ ਅਤੇ ਸਰਕਾਰੀ ਸਕੀਮਾਂ ਨੂੰ ਯੋਗ ਲਾਭਪਾਤਰੀਆਂ ਲਈ ਸੰਜੀਦਾ ਢੰਗ ਨਾਲ ਪਹੁੰਚਾਇਆ ਹੈ, ਨਾ ਕਿ ਉਹਨਾਂ ਤੱਕ ਜੋ ਸਿਰਫ਼ ਪਦਵੀ ਅਤੇ ਰਿਸ਼ਵਤ ਦੇ ਆਸਰੇ ਮੋਟੀਆਂ ਮਲਾਈਆਂ ਖਾਂਦੇ ਅਤੇ ਅਫਸਰਾਂ ਦੀਆਂ ਚਾਪਲੂਸੀਆਂ ਕਰਦੇ ਨਹੀਂ ਥੱਕਦੇ?
ਮਾੜੀ ਹੋਈ ਪੱਤਰਕਾਰਾਂ ਨਾਲ :-
ਇਸ ਵਾਰ ਆਜ਼ਾਦੀ ਦਿਹਾੜੇ ਸਮਾਗਮਾਂ ਮੌਕੇ ਜ਼ਿਲਾ ਪ੍ਰਸ਼ਾਸਨ ਵੱਲੋਂ ਪੱਤਰਕਾਰਾਂ ਨਾਲ ਬਹੁਤ ਮਾੜੀ ਕੀਤੀ ਗਈ ਜਦਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਜ਼ਿਲਾ ਲੋਕ ਸੰਪਰਕ ਅਫਸਰ ਰਾਹੀਂ ਪੱਤਰਕਾਰਾਂ ਦੀਆਂ ਵੱਖ ਵੱਖ ਜਥੇਬੰਦੀਆਂ ਪਾਸ ਪਹੁੰਚ ਕਰਕੇ ਸਨਮਾਨਿਤ ਕਰਨ ਲਈ ਪੱਤਰਕਾਰਾਂ ਦੇ ਨਾਮ ਮੰਗੇ ਗਏ ਜਿਸ ਤੇ ਉਨ੍ਹਾਂ ਨੇ ਆਜ਼ਾਦੀ ਦਿਹਾੜੇ ਸਮਾਗਮਾਂ ਤੇ ਸਨਮਾਨਿਤ ਕਰਨ ਲਈ ਪੱਤਰਕਾਰਾਂ ਦੇ ਨਾਮ ਭੇਜ ਦਿੱਤੇ ਪਰ ਐਨ ਮੌਕੇ ਤੇ ਆ ਕੇ ਸਨਮਾਨਿਤ ਹੋਣ ਵਾਲੀਆਂ ਸ਼ਖਸ਼ੀਅਤਾਂ ਵਿੱਚ ਪੱਤਰਕਾਰਾਂ ਦੇ ਨਾਮ ਨਹੀਂ ਦੇਖੇ ਗਏ ਜਿਸ ਨਾਲ ਸਮੂਹ ਪੱਤਰਕਾਰ ਭਾਈਚਾਰੇ ਵਿੱਚ ਰੋਸ ਦੀ ਲਹਿਰ ਦੌੜ ਗਈ ਅਤੇ ਇਸ ਨੂੰ ਪੱਤਰਕਾਰ ਭਾਈਚਾਰੇ ਦੀ ਤੌਹੀਨ ਵਜੋਂ ਤਸਵਰ ਕੀਤਾ ਗਿਆ। ਇਸ ਮਾਮਲੇ ਵਿੱਚ ਸੰਪਰਕ ਕਰਨ ਤੇ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪ੍ਰਿੰਸੀਪਲ ਬਲਵੀਰ ਸਿੰਘ ਸੈਣੀ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਪਿਛਲੇ ਕਈ ਸਾਲਾਂ ਤੋਂ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਭੇਜੇ ਗਏ ਮੈਮੋਰੰਡਮ ਵਿੱਚ ਇਹ ਮੰਗ ਕੀਤੀ ਜਾ ਰਹੀ ਸੀ ਕਿ ਆਜ਼ਾਦੀ ਦਿਹਾੜੇ ਅਤੇ ਹੋਰ ਰਾਸ਼ਟਰੀ ਸਮਾਗਮਾਂ ਵਿੱਚ ਵੱਖ ਵੱਖ ਸਮਾਜ ਸੇਵੀਆਂ ਤੇ ਸਰਕਾਰੀ ਮੁਲਾਜ਼ਮਾਂ ਦੇ ਨਾਲ ਨਾਲ ਪੱਤਰਕਾਰਾਂ ਦੇ ਵੀ ਸਨਮਾਨ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਕੇਵਲ ਪੱਤਰਕਾਰ ਹੀ ਅਜਿਹਾ ਸਖਸ਼ ਹੈ ਜੋ ਬਿਨਾਂ ਤਨਖਾਹ ਤੋਂ ਜਾਨ ਤਲੀ ਤੇ ਰੱਖ ਕੇ ਬਿਖੜੇ ਸਮਿਆਂ ਦੇ ਵਿੱਚ ਵੀ ਆਪਣੀ ਡਿਊਟੀ 24 ਘੰਟੇ ਨਿਭਾਉਂਦਾ ਹੈ | ਉਹਨਾਂ ਦੱਸਿਆ ਕਿ ਇਸ ਸੰਬੰਧ ਵਿੱਚ ਹੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨਾਲ ਕਈ ਵਾਰ ਮੁਲਾਕਾਤਾਂ ਕੀਤੀਆਂ ਗਈਆਂ ਜਿਸ ਦੇ ਸਿੱਟੇ ਵਜੋਂ ਇਸ ਵਾਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਨੇ ਉਹਨਾਂ ਪਾਸੋਂ ਯੋਗ ਪੱਤਰਕਾਰ ਦੀ ਮੰਗ ਕੀਤੀ ਜਿਸ ਲਈ ਉਹਨਾਂ 82 ਸਾਲ ਦੇ ਬਜ਼ੁਰਗ ਪੱਤਰਕਾਰ ਰਵਿੰਦਰ ਸੂਦ ਯੂਐਨਆਈ ਦਾ ਨਾਮ ਪ੍ਰਪੋਜ ਕੀਤਾ | ਪਰ ਆਜ਼ਾਦੀ ਦਿਵਸ ਸਮਾਗਮਾਂ ਮੌਕੇ ਉਹਨਾਂ ਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਸਨਮਾਨਿਤ ਹੋਣ ਵਾਲੀਆਂ ਸ਼ਖਸ਼ੀਅਤਾਂ ਵਿੱਚ ਕਿਸੇ ਵੀ ਪੱਤਰਕਾਰ ਦਾ ਨਾਮ ਤੱਕ ਨਹੀਂ ਹੈ। ਜਿਲਾ ਪ੍ਰਸ਼ਾਸਨ ਵੱਲੋਂ ਨਾਮ ਮੰਗ ਕੇ ਵੀ ਸਨਮਾਨਿਤ ਕਰਨ ਦਾ ਫੈਸਲਾ ਨਾ ਲਿਆ ਜਾਣ ਨੂੰ ਮੀਡੀਆ ਦੀ
ਤੌਹੀਨ ਦੱਸਿਆ |
