ਹੁਸ਼ਿਆਰਪੁਰ ਪੁਲਿਸ ਦੀ ਵੱਡੀ ਪ੍ਰਾਪਤੀ
ਭਾਮ ਵੈਸਟਰਨ ਯੂਨੀਅਨ ਡਕੈਤੀ ਕੇਸ ‘ਚ ਸ਼ਾਮਿਲ ਦੋ ਲੁਟੇਰੇ ਪੁਲਿਸ ਮੁਕਾਬਲੇ ‘ਚ ਕਾਬੂ
• ਇੱਕ ਲੁਟੇਰੇ ਦੀ ਲੱਤ ‘ਚ ਵੱਜੀ ਗੋਲੀ; ਸਿਵਲ ਹਸਪਤਾਲ ‘ਚ ਜੇਰੇ ਇਲਾਜ

ਹੁਸ਼ਿਆਰਪੁਰ, 29 ਜੂਨ (ਤਰਸੇਮ ਦੀਵਾਨਾ )
ਹੁਸ਼ਿਆਰਪੁਰ ਪੁਲਿਸ ਨੂੰ ਉਦੋਂ ਵੱਡੀ ਪ੍ਰਾਪਤੀ ਹਾਸਲ ਹੋਈ ਜਦੋਂ ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਭਾਮ ਵਿੱਚ ਹੋਏ ਵੈਸਟਰਨ ਯੂਨੀਅਨ ਡਕੈਤੀ ਕੇਸ ਵਿੱਚ ਸ਼ਾਮਿਲ 2 ਲੁਟੇਰੇ ਪੁਲਿਸ ਨੇ ਮੁਕਾਬਲੇ ਵਿੱਚ ਕਾਬੂ ਕਰ ਲਏ | ਦੋਵਾਂ ਪਾਸਿਆਂ ਤੋਂ ਹੋਈ ਫਾਇਰਿੰਗ ਵਿੱਚ ਇੱਕ ਲੁਟੇਰੇ ਦੀ ਲੱਤ ਵਿੱਚ ਗੋਲੀ ਵੱਜੀ ਜਿਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ ਹੈ। ਇਸ ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਜ਼ਿਲਾ ਪੁਲਿਸ ਮੁਖੀ ਸੰਦੀਪ ਮਲਿਕ ਆਈ ਪੀ ਐੱਸ ਅਤੇ ਡਾ ਮੁਕੇਸ਼ ਕੁਮਾਰ ਐੱਸਪੀ ਭਾਰੀ ਪੁਲਿਸ ਫੋਰਸ ਨਾਲ ਮੌਕੇ ਤੇ ਪਹੁੰਚ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਪੁਲਿਸ ਮੁਖੀ ਸੰਦੀਪ ਮਲਿਕ ਆਈਪੀਐਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵਿਧਾਨ ਸਭਾ ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਭਾਮ ਵਿੱਚ ਇੱਕ ਵੈਸਚਨ ਯੂਨੀਅਨ ਵਿੱਚ ਡਾਕਾ ਮਾਰ ਕੇ ਕੁਝ ਬੰਦਿਆਂ ਨੇ ਲੱਖਾਂ ਦੀ ਨਗਦੀ ਲੁੱਟ ਲਈ ਅਤੇ ਫਰਾਰ ਹੋ ਗਏ ਸਨ | ਹੁਸ਼ਿਆਰਪੁਰ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਤਿੰਨ ਵਿਅਕਤੀਆਂ ਕ੍ਰਮਵਾਰ ਹਰਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਡਰੋਲੀ ਖੁਰਦ ਜ਼ਿਲਾ ਜਲੰਧਰ, ਹਰਪ੍ਰੀਤ ਸਿੰਘ ਹੈਪੀ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਅਜਨੋਹਾ ਅਤੇ ਜਸਵਿੰਦਰ ਸਿੰਘ ਉਰਫ ਮੰਗੂ ਪੁੱਤਰ ਬਿੱਕਰ ਸਿੰਘ ਪਿੰਡ ਅਹਿਰਾਣਾ ਕਲਾਂ ਥਾਣਾ ਮੇਹਟੀਆਣਾ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਸੀ ਜਿਨਾਂ ਤੋਂ ਹੋਈ ਪੁੱਛਗਿਛ ਵਿੱਚ ਦੋ ਹੋਰ ਕਥਿਤ ਦੋਸ਼ੀਆਂ ਦੇ ਨਾਮ ਸਾਹਮਣੇ ਆਏ ਜਿਨਾਂ ਦੀ ਭਾਲ ਕੀਤੀ ਜਾ ਰਹੀ ਸੀ। ਮਿਲੀ ਪੁਖਤਾ ਜਾਣਕਾਰੀ ਮੁਤਾਬਿਕ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ਥਾਣਾ ਚੱਬੇਵਾਲ ਦੇ ਮੁਖੀ ਇੰਸਪੈਕਟਰ ਹਰੀਸ਼ ਕੁਮਾਰ ਦੀ ਅਗਵਾਈ ਵਿੱਚ ਸਰਚ ਕਰ ਰਹੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਉਕਤ ਕੇਸ ਦੇ ਦੋ ਕਥਿਤ ਦੋਸ਼ੀ ਇਸ ਇਲਾਕੇ ਵਿੱਚ ਘੁੰਮ ਰਹੇ ਹਨ। ਜਿਨਾਂ ਦੀ ਭਾਲ ਕਰਨ ਤੇ ਬਾੜੀਆਂ ਕਲਾਂ ਦੇ ਚੋਅ ਨਜ਼ਦੀਕ ਉਹਨਾਂ ਦੀ ਲੋਕੇਸ਼ਨ ਮਿਲੀ ਉਹਨਾਂ ਦੇ ਬਾਈਕ ਦਾ ਪਿੱਛਾ ਕਰਨ ਤੇ ਉਲਟਾ ਉਹਨਾਂ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ ਉਹਨਾਂ ਨੂੰ ਡਰਾਉਣ ਲਈ ਪੁਲਿਸ ਪਾਰਟੀ ਨੇ ਹਵਾ ਵਿੱਚ ਫਾਇਰ ਕੀਤੇ ਪਰ ਉਹ ਨਾ ਮੰਨੇ ਤਾਂ ਮੁਕਾਬਲੇ ਦੌਰਾਨ ਇੱਕ ਲੁਟੇਰੇ ਦੇ ਪੈਰ ਵਿੱਚ ਗੋਲੀ ਲੱਗ ਗਈ ਜਿਸ ਨੂੰ ਅਤੇ ਨਾਲ ਦੇ ਸਾਥੀ ਨੂੰ ਵੀ ਪੁਲਿਸ ਪਾਰਟੀ ਨੇ ਕਾਬੂ ਕਰ ਲਿਆ | ਜਖਮੀ ਹੋਏ ਕਥਿਤ ਲੁਟੇਰੇ ਦੀ ਪਛਾਣ ਦਲਜੀਤ ਸਿੰਘ ਦੱਲੀ ਵਾਸੀ ਪਿੰਡ ਸਾਦਿਕਪੁਰ ਜ਼ਿਲ੍ਹਾ ਜਲੰਧਰ ਦਿਹਾਤੀ ਵੱਜੋਂ ਹੋਈ ਜਿਸ ਨੂੰ ਪੁਲਿਸ ਕ਼ਸਟਡੀ ਵਿੱਚ ਲੈ ਕੇ ਸਿਵਿਲ ਹਸਪਤਾਲ ਵਿੱਚ ਇਲਾਜ ਅਧੀਨ ਦਾਖਲ ਕਰਾ ਦਿੱਤਾ ਗਿਆ ਦੂਸਰੇ ਲੁਟੇਰੇ ਦੀ ਪਛਾਣ ਜਸਵਿੰਦਰ ਸਿੰਘ ਉਰਫ ਅਮਰੀਕ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਨਰੂੜ ਵੱਜੋਂ ਹੋਈ ਹੈ | ਇੱਕ ਸਵਾਲ ਇਹ ਜਵਾਬ ਵਿੱਚ ਜਿਲਾ ਪੁਲਿਸ ਮੁਖੀ ਨੇ ਦੱਸਿਆ ਕਿ ਅੱਜ ਫੜੇ ਗਏ ਦੋਵੇਂ ਲੁਟੇਰੇ ਪਿੰਡ ਭਾਮ ਦੀ ਵਾਰਦਾਤ ਵਿੱਚ ਸ਼ਾਮਿਲ ਸਨ ਅਤੇ ਇਸ ਵਾਰਦਾਤ ਦੀ ਸਾਜਿਸ਼ ਜਸਵਿੰਦਰ ਸਿੰਘ ਮੰਗੂ ਦੇ ਘਰ ਵਿੱਚ ਬੈਠ ਕੇ ਬਣਾਈ ਗਈ ਸੀ। ਉਹਨਾਂ ਦੱਸਿਆ ਕਿ ਅੱਜ ਫੜੇ ਗਏ ਕਥਿਤ ਲੁਟੇਰਿਆਂ ਕੋਲੋਂ ਪੁੱਛਗਿਛ ਕੀਤੀ ਜਾਵੇਗੀ ਜਿਸ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ
।
