ਪੜ੍ਹਾਈ ਤੇ ਰੁਜ਼ਗਾਰ ਲਈ ਕਨੇਡਾ ਗਏ ਨੌਜਵਾਨ ਦੀ ਹਾਰਟ ਅਟੈਕ ਨਾਲ ਹੋਈ ਮੌਤ 

ਪੜ੍ਹਾਈ ਤੇ ਰੁਜ਼ਗਾਰ ਲਈ ਕਨੇਡਾ ਗਏ ਨੌਜਵਾਨ ਦੀ ਹਾਰਟ ਅਟੈਕ ਨਾਲ ਹੋਈ ਮੌਤ 

ਮਾਤਾ ਪਿਤਾ ਤੇ ਦੋ ਛੋਟੀਆਂ ਭੈਣਾਂ ਦਾ ਰੋ ਰੋ ਕੇ ਹੋਇਆ ਬੁਰਾ ਹਾਲ 

ਹੁਸ਼ਿਆਰਪੁਰ, 5 ਜੁਲਾਈ ( ਤਰਸੇਮ ਦੀਵਾਨਾ ) 

ਹੁਸ਼ਿਆਰਪੁਰ ਦੇ ਮਹੱਲਾ ਭੀਮ ਨਗਰ ਨਿਵਾਸੀ ਇੱਕ ਨੌਜਵਾਨ ਦੀ ਕਨੇਡਾ ਵਿੱਚ ਹਾਰਟ ਅਟੈਕ ਨਾਲ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਜਿਸ ਦੀ ਖਬਰ ਮਿਲਣ ਤੇ ਪਿੱਛੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਰਿੰਦਰ ਕੁਮਾਰ ਵਾਸੀ ਭੀਮ ਨਗਰ ਹੁਸ਼ਿਆਰਪੁਰ ਨੇ ਦੱਸਿਆ ਕਿ ਇਕ ਸਾਲ ਦਸ ਮਹੀਨੇ ਪਹਿਲਾਂ ਉਹਨਾਂ ਨੇ ਆਪਣਾ ਇਕਲੌਤਾ ਪੁੱਤਰ ਆਸੂਤੋਸ਼ ਰੁਜ਼ਗਾਰ ਲਈ ਕਨੇਡਾ ਭੇਜਿਆ ਸੀ। ਅਗਸਤ ਵਿੱਚ ਉਸਦੀ ਪੜ੍ਹਾਈ ਮੁਕੰਮਲ ਹੋ ਜਾਣੀ ਸੀ ਜਿਸ ਤੋਂ ਬਾਅਦ ਉਸਨੇ ਵਰਕ ਪਰਮਿਟ ਤੇ ਕਨੇਡਾ ਵਿਖੇ ਕੰਮ ਕਰਨਾ ਸ਼ੁਰੂ ਕਰ ਦੇਣਾ ਸੀ। ਉਹਨਾਂ ਦੱਸਿਆ ਕਿ 2 ਜੁਲਾਈ 2024 ਨੂੰ ਕੈਨੇਡਾ ਦੇ ਸਮੇਂ ਅਨੁਸਾਰ ਸ਼ਾਮ 5-30 ਵਜੇ ਦੇ ਕਰੀਬ ਆਸ਼ੂਤੋਸ਼ ਨੇ ਆਪਣੀ ਮਾਤਾ ਤੇ ਪਰਿਵਾਰਕ ਮੈਂਬਰਾਂ ਨਾਲ ਬੜੇ ਖੁਸ਼ਗਵਾਰ ਮਾਹੌਲ ਵਿੱਚ ਕਰੀਬ ਇੱਕ ਘੰਟਾ ਗੱਲ ਬਾਤ ਕੀਤੀ ਉਨ੍ਹਾਂ ਦੱਸਿਆ ਕਿ ਉਨਾਂ ਦੇ ਪੁੱਤਰ ਆਸ਼ੂਤੋਸ਼ ਦੇ ਨਾਲ ਦੇ ਕਮਰੇ ਵਿੱਚ ਰਹਿੰਦੀਆਂ ਭਾਰਤੀ ਲੜਕੀਆਂ ਨੇ ਬੀਤੇ ਦਿਨ ਸਾਨੂੰ ਉਸ ਦੀ ਹਾਰਟ ਅਟੈਕ ਮੌਤ ਹੋਣ ਦੀ ਖਬਰ ਦਿੱਤੀ। ਉਹ ਲੜਕੀਆਂ ਰਾਤ ਨੂੰ ਡਿਊਟੀ ਕਰਕੇ ਜਦੋਂ ਵਾਪਸ ਘਰ ਆਈਆਂ ਤਾਂ ਉਨਾਂ ਨੇ ਵੇਖਿਆ ਕਿ ਆਸ਼ੂਤੋਸ਼ ਆਪਣੇ ਕਮਰੇ ਦੇ ਫਰਸ਼ ਉੱਪਰ ਲੇਟਿਆ ਹੋਇਆ ਹੈ ਅਤੇ ਉਸ ਨੂੰ ਕੋਈ ਹੋਸ਼ ਨਹੀਂ ਸੀ ਤੇ ਨਾ ਹੀ ਉਸ ਦੇ ਸਵਾਸ ਚੱਲ ਰਹੇ ਸਨ। ਉਹਨਾਂ ਦੇ ਦੱਸਣ ਮੁਤਾਬਕ ਕਨੇਡਾ ਦੇ ਸਥਾਨਕ ਪ੍ਰਸ਼ਾਸਨ ਨੂੰ ਇਸ ਦੀ ਰਿਪੋਰਟ ਕਰ ਦਿੱਤੀ ਗਈ ਹੈ। ਇਸ ਮੌਕੇ ਕਾਮਰੇਡ ਗੰਗਾ ਪ੍ਰਸ਼ਾਦ ਨੇ ਕਿਹਾ ਕਿ ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਨੇ ਭਾਰਤ ਵਿੱਚ ਰੁਜ਼ਗਾਰ ਪੈਦਾ ਕਰਨ ਦੀ ਥਾਂ ਤੇ ਰੁਜ਼ਗਾਰ ਘਟਾ ਕੇ ਨੌਜਵਾਨਾਂ ਨੂੰ ਬੇਰੁਜ਼ਗਾਰ ਹੋਣ ਲਈ ਮਜਬੂਰ ਕਰ ਦਿੱਤਾ ਹੈ। ਸਮੁੱਚੇ ਭਾਰਤ ਵਿੱਚ ਕੰਮ ਕਰਕੇ ਰੁਜ਼ਗਾਰ ਪੈਦਾ ਕਰਨ ਦੇ ਤੌਰ ਤਰੀਕੇ ਹੀ ਖਤਮ ਕਰ ਦਿੱਤੇ ਗਏ। ਜਿਸ ਕਰਕੇ ਬੇਰੋਜ਼ਗਾਰ ਹੋ ਰਹੇ ਨੌਜਵਾਨਾਂ ਨੂੰ ਨਸ਼ੇ ਦੀ ਮਾੜੀ ਸੰਗਤ ਤੋਂ ਬਚਾਉਣ ਤੇ ਰੁਜ਼ਗਾਰ ਦੀ ਪ੍ਰਾਪਤੀ ਲਈ ਮਾਤਾ ਪਿਤਾ ਵੱਲੋਂ ਨਾ ਚਾਹੁੰਦਿਆਂ ਆਪਣੇ ਨੌਜਵਾਨ ਬੱਚਿਆਂ ਨੂੰ ਵਿਦੇਸ਼ਾਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ। ਅਜਿਹਾ ਹੀ ਇਸ ਪਰਿਵਾਰ ਨੇ ਆਪਣੇ ਚੰਗੇਰੇ ਭਵਿੱਖ ਲਈ ਕੀਤਾ ਪਰ ਪਰਿਵਾਰ ਨੂੰ ਕੀ ਪਤਾ ਸੀ ਕਿ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਹੈ। ਆਸ਼ੂਤੋਸ਼ ਦੋ ਭੈਣਾਂ ਦਾ ਇਕਲੌਤਾ ਵੱਡਾ ਭਰਾ ਸੀ। ਉਹ ਆਪਣੇ ਪਿੱਛੇ ਮਾਤਾ ਪਿਤਾ ਸਮੇਤ ਦੋ ਛੋਟੀਆਂ ਭੈਣਾਂ ਨੂੰ ਗਰੀਬ ਹਾਲਾਤਾਂ ਨਾਲ ਸੰਘਰਸ਼ ਕਰਨ ਲਈ ਛੱਡ ਗਿਆ ਹੈ। ਇਕਲੌਤੇ ਪੁੱਤਰ ਦੇ ਵਿਛੋੜੇ ਨਾਲ ਮਾਤਾ ਦਾ ਰੋ ਰੋ ਕੇ ਬੁਰਾ ਹਾਲ ਸੀ ਅਤੇ ਭੈਣਾਂ ਦਾ ਦਰਦ ਵੀ ਝੱਲਿਆ ਨਹੀਂ ਜਾ ਰਿਹਾ ਸੀ। ਇਸ ਮੌਕੇ ਕਾਮਰੇਡ ਗੰਗਾ ਪ੍ਰਸ਼ਾਦ ਨੇ ਦੱਸਿਆ ਕਿ ਆਸ਼ੂਤੋਸ਼ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਮੌਜੂਦਾ ਐਮਪੀ ਡਾ: ਰਾਜ ਕੁਮਾਰ ਚੱਬੇਵਾਲ ਨੂੰ ਅਪੀਲ ਕਰਨ ਤੇ ਉਹਨਾਂ ਨੇ ਫੌਰੀ ਕਾਰਵਾਈ ਕਰਦਿਆਂ ਸੰਬੰਧਤ ਲੋੜੀਦੇ ਦਸਤਾਵੇਜ਼ ਕਨੇਡਾ ਸਰਕਾਰ ਨੂੰ ਭੇਜ ਕੇ ਆਸ਼ੂਤੋਸ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ। ਇਸ ਮੌਕੇ ਆਸੂਤੋਸ਼ ਦੇ ਮਾਤਾ ਪਿਤਾ ਨਾਲ ਅਫਸੋਸ ਲਈ ਅਵਦੇਸ਼ ਕੁਮਾਰ, ਸੁਸ਼ੀਲ ਕੁਮਾਰ, ਅਮਰ ਕੁਮਾਰ, ਦਰੇਸ਼ ਕੁਮਾਰ, ਸਪਰਾ, ਸਾਧਨਾ, ਸੁਨੀਤਾ ਦੇਵੀ, ਕੁਲਵੀਰ ਕੌਰ ਹਾਜ਼ਰ ਸਨ।

 

1.ਆਸ਼ੂਤੋਸ਼ ਦੇ ਮਾਤਾ ਪਿਤਾ ਨਾਲ ਅਫਸੋਸ ਕਰਨ ਆਏ ਹੋਏ ਸਥਾਨਕ ਲੋਕ ।

2. ਆਸ਼ੂਤੋਸ਼ ਦੀ ਫਾਈਲ ਫੋਟੋ

ਫੋਟੋ : ਅਜ਼ਮੇਰ ਦੀਵਾਨਾ

Leave a Reply

Your email address will not be published. Required fields are marked *