ਡਾ. ਰਵਜੋਤ ਸਿੰਘ ਨੇ ਨੌਜਵਾਨਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਦਾ ਦਿੱਤਾ ਸੱਦਾ 

ਡਾ. ਰਵਜੋਤ ਸਿੰਘ ਨੇ ਨੌਜਵਾਨਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਦਾ ਦਿੱਤਾ ਸੱਦਾ 

 

ਜਲੰਧਰ : (ਸੁਨੀਲ ਕੁਮਾਰ)ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਨੌਜਵਾਨਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਦਾ ਸੱਦਾ ਦਿੱਤਾ, ਜੋ ਕਿ ਸਮੁੱਚੀ ਮਨੁੱਖਤਾ ਲਈ ਅੱਜ ਵੀ ਰਾਹ ਦਸੇਰਾ ਹਨ। ਇਥੇ ਡੀ.ਏ.ਵੀ. ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਕਰਵਾਏ ਗਏ ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖਤਾ ਦੀ ਭਲਾਈ ਅਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਲਾਸਾਨੀ ਕੁਰਬਾਨੀ ਦਿੱਤੀ, ਜਿਸ ਦੀ ਮਿਸਾਲ ਪੂਰੀ ਦੁਨੀਆ ਵਿੱਚ ਕਿਤੇ ਨਹੀਂ ਮਿਲਦੀ। ਉਨ੍ਹਾਂ ਇਸ ਮੌਕੇ ਗੁਰੂ ਸਾਹਿਬ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਵੱਲੋਂ ਦਿੱਤੀ ਸ਼ਹਾਦਤ ਬਾਰੇ ਚਾਨਣਾ ਪਾਇਆ।ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੱਡੇ ਪੱਧਰ ‘ਤੇ ਸਮਾਗਮ ਕਰਵਾਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਅਤੇ ਲਾਸਾਨੀ ਸ਼ਹਾਦਤ ’ਤੇ ਆਧਾਰਿਤ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾ ਰਹੇ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਚਾਰ ਨਗਰ ਕੀਰਤਨ ਵੀ ਸਜਾਏ ਜਾ ਰਹੇ ਹਨ। ਇੱਕ ਨਗਰ ਕੀਰਤਨ 19 ਨਵੰਬਰ ਨੂੰ ਗੁਰਦੁਆਰਾ ਛੇਵੀਂ ਪਾਤਸ਼ਾਹੀ ਸ੍ਰੀਨਗਰ (ਜੰਮੂ ਅਤੇ ਕਸ਼ਮੀਰ) ਤੋਂ ਸਜਾਇਆ ਜਾਵੇਗਾ ਅਤੇ ਬਾਕੀ ਤਿੰਨ ਨਗਰ ਕੀਰਤਨ ਫਰੀਦਕੋਟ, ਬਠਿੰਡਾ ਅਤੇ ਗੁਰਦਾਸਪੁਰ ਤੋਂ ਸਜਾਏ ਜਾਣਗੇ। ਇਨ੍ਹਾਂ ਵਿਚੋਂ ਇਕ ਨਗਰ ਕੀਰਤਨ ਗੁਰਦਾਸਪੁਰ ਤੋਂ 20 ਨਵੰਬਰ ਨੂੰ ਸ਼ੁਰੂ ਹੋ ਕੇ 21 ਨਵੰਬਰ ਨੂੰ ਜਲੰਧਰ ਵਿਖੇ ਪ੍ਰਵੇਸ਼ ਕਰੇਗਾ ਅਤੇ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਵੇਗਾ। ਉਨ੍ਹਾਂ ਕਿਹਾ ਕਿ 21 ਨਵੰਬਰ ਨੂੰ ਜਲੰਧਰ ਵਿਖੇ ਹੀ ਨਗਰ ਕੀਰਤਨ ਦਾ ਠਹਿਰਾਅ ਹੋਵੇਗਾ।ਉਨ੍ਹਾਂ ਕਿਹਾ ਕਿ 23 ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ ਹੋਣਗੇ। ਉਨ੍ਹਾਂ ਸਮਾਗਮਾਂ ਵਿੱਚ ਸ਼ਰਧਾ ਭਾਵਨਾ ਨਾਲ ਵਧ-ਚੜ੍ਹ ਕੇ ਸ਼ਿਰਕਤ ਕਰਨ ਦੀ ਅਪੀਲ ਵੀ ਕੀਤੀ।

Leave a Reply

Your email address will not be published. Required fields are marked *