ਬੇਲਗਾਮ ਅਵਾਰਾ ਕੁੱਤਿਆਂ ਦੇ ਆਤੰਕ ਤੋਂ ਪ੍ਰੇਸ਼ਾਨ ਹੋਏ ਲੋਕ,

ਬੇਲਗਾਮ ਅਵਾਰਾ ਕੁੱਤਿਆਂ ਦੇ ਆਤੰਕ ਤੋਂ ਪ੍ਰੇਸ਼ਾਨ ਹੋਏ ਲੋਕ,

ਸੁਭਾਸ਼ ਨਗਰ ਵਿੱਚ ਛੋਟੇ ਬੱਚੇ ਨੂੰ ਘੇਰ ਕੇ ਕੀਤਾ ਹਮਲਾ

* ਪ੍ਰਸਾਸ਼ਨ ਨਹੀਂ ਕਰ ਰਿਹਾ ਪੁਖਤਾ ਕਾਰਵਾਈ : ਕੌਂਸਲਰ ਬਲਵਿੰਦਰ ਕੌਰ 

ਹੁਸ਼ਿਆਰਪੁਰ 15 ਜੂਨ ( ਤਰਸੇਮ ਦੀਵਾਨਾ )

ਵਾਰਡ ਨੰਬਰ 25, 23 ਅਧੀਨ ਆਉਂਦੇ ਮੁਹੱਲਾ ਸੁਭਾਸ਼ ਨਗਰ ਟਿੱਬਾ ਸਾਹਿਬ ਅਤੇ ਹੋਰ ਨਜ਼ਦੀਕੀ ਇਲਾਕਿਆਂ ਵਿੱਚ ਬੇਲਗਾਮ ਅਵਾਰਾ ਕੁੱਤਿਆਂ ਦੀ ਬੇਹਿਸਾਬੀ ਗਿਣਤੀ ਤੋਂ ਪਰੇਸ਼ਾਨ ਹੋਏ ਆਮ ਲੋਕ ਇਸ ਕਦਰ ਖੌਫ ਦੇ ਸਾਏ ਹੇਠ ਜੀਅ ਰਹੇ ਹਨ ਕਿ ਬੱਚੇ ਤਾਂ ਇੱਕ ਪਾਸੇ ਸਗੋਂ ਬਜ਼ੁਰਗ ਅਤੇ ਇਕੱਲੀਆਂ ਕਾਰੀਆਂ ਔਰਤਾਂ ਵੀ ਘਰੋਂ ਬਾਹਰ ਨਿਕਲਣ ਤੋਂ ਕੰਨੀ ਕਤਰਾਉਂਦੀਆਂ ਹਨ | ਭਰਵੀਂ ਆਬਾਦੀ ਵਿੱਚ ਖੁੱਲੇ ਆਮ ਕੁੱਤਿਆਂ ਦੀਆਂ ਘੁੰਮ ਰਹੀਆਂ ਡਾਰਾਂ ਦੀਆਂ ਡਾਰਾਂ ਆਮ ਲੋਕਾਂ ਲਈ ਭਾਰੀ ਪਰੇਸ਼ਾਨੀ ਦਾ ਸਬੱਬ ਬਣ ਚੁੱਕੀਆਂ ਹਨ। ਇਹਨਾਂ ਅਵਾਰਾ ਕੁੱਤਿਆਂ ਦਾ ਖੌਫ ਤੇ ਜ਼ੁਲਮ ਏਨਾਂ ਵੱਧ ਗਿਆ ਹੈ ਕਿ ਕਿਸੇ ਵੇਲੇ ਵੀ ਇਹ ਦੋ ਪਹੀਆ ਵਾਹਨ ਚਾਲਕਾਂ ਦੇ ਮਗਰ ਇਕੱਠੇ ਹੋ ਕੇ ਦੌੜ ਪੈਂਦੇ ਹਨ ਜਿਸ ਨਾਲ ਵਾਹਨ ਚਾਲਕ ਡਰਦੇ ਮਾਰੇ ਐਕਸੀਡੈਂਟ ਕਰਵਾ ਬੈਠਦੇ ਹਨ | ਇਸ ਤਰ੍ਹਾਂ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਵੱਲੋਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਕੱਟਣ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਾਰਡ ਨੰਬਰ 25 ਦੇ ਕੌਂਸਲਰ ਬਲਵਿੰਦਰ ਕੌਰ ਨੇ ਦੱਸਿਆ ਕਿ ਉਹ ਪਹਿਲਾਂ ਵੀ ਇਸ ਮੁੱਦੇ ਤੇ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਆਪਣੀ ਆਵਾਜ਼ ਉਠਾ ਚੁੱਕੇ ਹਨ ਅਤੇ ਹੁਣ ਵੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਅਵਾਰਾ ਕੁੱਤਿਆਂ ਦੀ ਆਬਾਦੀ ਤੇ ਕੰਟਰੋਲ ਕੀਤਾ ਜਾਵੇ | ਕੌਂਸਲਰ ਬਲਵਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਵਾਰਡ ਵਾਸੀਆਂ ਵੱਲੋਂ ਇਸ ਸਬੰਧੀ ਕਈ ਵਾਰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਉਹ ਕੌਂਸਲ ਨਗਰ ਨਿਗਮ ਦੇ ਵਿੱਚ ਵੀ ਆਪਣੀ ਆਵਾਜ਼ ਉਠਾ ਚੁੱਕੇ ਹਨ | ਪਰ ਸਾਸ ਨਿਕ ਅਧਿਕਾਰੀ ਵੱਲੋਂ ਸ਼ਹਿਰ ਵਾਸੀਆਂ ਦੀ ਇਸ ਪ੍ਰਮੁੱਖ ਸਮੱਸਿਆ ਨੂੰ ਲੈ ਕੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ | ਉਹਨਾਂ ਦੱਸਿਆ ਕਿ ਬੀਤੇ ਦਿਨ ਮਹੱਲਾ ਸੁਭਾਸ਼ ਨਗਰ ਦੀ ਗਲ਼ੀ ਨੰਬਰ 3 ਵਿੱਚ ਰਹਿੰਦੇ ਇੱਕ ਛੋਟੇ ਬੱਚੇ ਛੇ ਸਾਲ ਦੇ ਏਕਮ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਸੁਭਾਸ਼ ਨਗਰ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ ਤਾਂ ਅਚਾਨਕ ਆਏ ਅਵਾਰਾ ਕੁੱਤਿਆਂ ਦੇ ਝੁੰਡ ਨੇ ਉਸਨੂੰ ਘੇਰ ਲਿਆ ਅਤੇ ਬੁਰੀ ਤਰ੍ਹਾਂ ਵੱਢ ਦਿੱਤਾ | ਇਸੇ ਦੌਰਾਨ ਦਲੇਰੀ ਕਰਕੇ ਇੱਕ ਛੋਟੀ ਬੱਚੀ ਸਿਮਰਨ ਨੇ ਬਹਾਦਰੀ ਨਾਲ ਉਸ ਨੂੰ ਕੁੱਤਿਆਂ ਕੋਲੋਂ ਛੁਡਾ ਲਿਆ | ਰੌਲ਼ਾ ਸੁਣ ਕੇ ਇਕੱਠੇ ਹੋਏ ਲੋਕਾਂ ਨੇ ਅਵਾਰਾ ਕੁੱਤਿਆਂ ਨੂੰ ਭਜਾ ਦਿੱਤਾ | ਜਿਸ ਤੋਂ ਬਾਅਦ ਉਹਨਾਂ ਖੁਦ ਨਾਲ ਲਿਜਾ ਕੇ ਉਸ ਬੱਚੇ ਦਾ ਸਿਵਲ ਹਸਪਤਾਲ ਤੋਂ ਇਲਾਜ ਕਰਵਾਇਆ | ਕੌਂਸਲਰ ਬਲਵਿੰਦਰ ਕੌਰ ਨੇ ਜ਼ਿਲਾ ਪ੍ਰਸ਼ਾਸਨ ਅਤੇ ਨਗਰ ਨਿਗਮ ਹੁਸ਼ਿਆਰਪੁਰ ਪਾਸੋਂ ਜ਼ੋਰਦਾਰ ਮੰਗ ਕੀਤੀ ਗਈ ਇਸ ਏਜੰਡੇ ਉੱਤੇ ਤੁਰੰਤ ਅਮਲ ਕਰਕੇ ਕੁੱਤਿਆਂ ਦੀ ਵੱਧ ਰਹੀ ਗਿਣਤੀ ਨੂੰ ਕਾਬੂ ਪਾਇਆ ਜਾਵੇ। ਜੇਕਰ ਇਸ ਨੂੰ ਇਹ ਵੀ ਹਲਕੇ ਵਿੱਚ ਲਿਆ ਜਾਵੇਗਾ। ਤਾਂ ਆਉਣ ਵਾਲੇ ਸਮੇਂ ਵਿੱਚ ਇਸ ਸਮੱਸਿਆ ਬਹੁਤ ਖਤਰਨਾਕ ਰੂਪ ਅਖਤਿਆਰ ਕਰ ਸਕਦੀ ਹੈ।

1. ਅਵਾਰਾ ਕੁੱਤਿਆਂ ਦੇ ਝੁੰਡ ਵੱਲੋਂ ਘੇਰ ਕੇ ਜਖਮੀ ਕੀਤੇ ਗਏ ਬੱਚੇ ਦੇ ਸਰੀਰ ਤੇ ਪਏ ਨਿਸ਼ਾਨ

2. ਅਵਾਰਾ ਕੁੱਤਿਆਂ ਦਾ ਸ਼ਿਕਾਰ ਬਣੇ ਛੋਟੇ ਬੱਚੇ ਏਕਮ ਸਿੰਘ ਦੀ ਦਾਦੀ ਜਾਣਕਾਰੀ ਦਿੰਦੀ ਹੋਈ |

ਫੋਟੋ : ਅਜਮੇਰ ਦੀਵਾਨਾ

Leave a Reply

Your email address will not be published. Required fields are marked *