ਪੰਜਾਬ ਸਰਕਾਰ ਨੂੰ ਆਖਰ ਪੱਤਰਕਾਰਾਂ ਤੋਂ ਇੰਨਾ ਡਰ ਕਿਉਂ? ਹੁਸ਼ਿਆਰਪੁਰ ਮੇਅਰ ਚੋਣ ਦੌਰਾਨ ਮੀਡੀਆ ‘ਤੇ ਲੱਗੀ ਪਾਬੰਦੀ ਨੇ ਖੋਲ੍ਹੀ ਸੱਤਾਧਾਰੀ ਧਿਰ ਦੀ ਪੋਲ

ਪੰਜਾਬ ਸਰਕਾਰ ਨੂੰ ਆਖਰ ਪੱਤਰਕਾਰਾਂ ਤੋਂ ਇੰਨਾ ਡਰ ਕਿਉਂ? ਹੁਸ਼ਿਆਰਪੁਰ ਮੇਅਰ ਚੋਣ ਦੌਰਾਨ ਮੀਡੀਆ ‘ਤੇ ਲੱਗੀ ਪਾਬੰਦੀ ਨੇ ਖੋਲ੍ਹੀ ਸੱਤਾਧਾਰੀ ਧਿਰ ਦੀ ਪੋਲ

ਹੁਸ਼ਿਆਰਪੁਰ ‘ਚ ਮੇਅਰ ਦੀ ਚੋਣ ਦੌਰਾਨ ਹੰਗਾਮਾ ਨਗਰ ਨਿਗਮ ਪੁਲਿਸ ਛਾਉਣੀ ‘ਚ ਤਬਦੀਲ ਮੀਡੀਆ ਦੀ ਐਂਟਰੀ ‘ਤੇ ਰੋਕ ਨੂੰ ਲੈ ਕੇ ਉੱਠੇ ਗੰਭੀਰ ਸਵਾਲ !

ਹੁਸ਼ਿਆਰਪੁਰ, 7 ਅਗਸਤ (ਤਰਸੇਮ ਦੀਵਾਨਾ) — ਨਗਰ ਨਿਗਮ ਹੁਸ਼ਿਆਰਪੁਰ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਅੱਜ ਭਾਰੀ ਪੁਲਿਸ ਤੈਨਾਤੀ ਅਤੇ ਤਣਾਅਪੂਰਨ ਸਿਆਸੀ ਮਾਹੌਲ ਦੇ ਵਿਚਕਾਰ ਸੰਪੰਨ ਹੋ ਗਈ। ਇਸ ਚੋਣ ਦੌਰਾਨ ਪ੍ਰਵੀਨ ਸੈਣੀ ਨੂੰ ਹੁਸ਼ਿਆਰਪੁਰ ਦਾ ਨਵਾਂ ਮੇਅਰ, ਸੁਰਿੰਦਰ ਕੁਮਾਰ ਸ਼ਿੰਦਾ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਚੇਚੀ ਨੂੰ ਡਿਪਟੀ ਮੇਅਰ ਚੁਣਿਆ ਗਿਆ।

ਚੋਣ ਪ੍ਰਕਿਰਿਆ ਦੇ ਨਾਂ ‘ਤੇ ਨਗਰ ਨਿਗਮ ਦਫ਼ਤਰ ਨੂੰ ਪੂਰੀ ਤਰ੍ਹਾਂ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਇਸ ਦੌਰਾਨ ਪ੍ਰਸ਼ਾਸਨ ਅਤੇ ਸੱਤਾਧਾਰੀ ਧਿਰ ਦੀ ਧੱਕੇਸ਼ਾਹੀ ਉਸ ਵੇਲੇ ਸਾਹਮਣੇ ਆਈ ਜਦੋਂ ਲੋਕਤੰਤਰ ਦੇ ਚੌਥੇ ਥੰਮ੍ਹ ਯਾਨੀ ਮੀਡੀਆ ਦੇ ਨੁਮਾਇੰਦਿਆਂ ਨੂੰ ਨਗਰ ਨਿਗਮ ਦੇ ਮੁੱਖ ਗੇਟ ‘ਤੇ ਹੀ ਰੋਕ ਦਿੱਤਾ ਗਿਆ। ਜਦੋਂ ਪੱਤਰਕਾਰਾਂ ਨੇ ਪੁਲਿਸ ਅਧਿਕਾਰੀਆਂ ਤੋਂ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕਣ ਸਬੰਧੀ ਕਿਸੇ ਲਿਖਤੀ ਆਰਡਰ ਦੀ ਮੰਗ ਕੀਤੀ ਤਾਂ ਪੁਲਿਸ ਪ੍ਰਸ਼ਾਸਨ ਕੋਲ ਕੋਈ ਜਵਾਬ ਨਹੀਂ ਸੀ ਅਤੇ ਅਧਿਕਾਰੀ ਪੂਰੀ ਤਰ੍ਹਾਂ ਬੇਵਸ ਨਜ਼ਰ ਆਏ।

ਇਸ ਘਟਨਾ ਨੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਸਥਾਨਕ ਆਗੂਆਂ ਦੇ ਦੋਹਰੇ ਮਾਪਦੰਡਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਵਿਰੋਧੀ ਧਿਰਾਂ ਅਤੇ ਆਮ ਜਨਤਾ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਕਿ ਕਾਂਗਰਸ ਸਰਕਾਰ ਵੇਲੇ ਜਦੋਂ ਹਲਕਾ ਹੁਸ਼ਿਆਰਪੁਰ ਦੇ ਮੌਜੂਦਾ ਐਮ.ਐਲ.ਏ. ਬ੍ਰਹਮ ਸ਼ੰਕਰ ਜਿੰਪਾ ਖੁਦ ਐਮ.ਸੀ. ਸਨ, ਤਾਂ ਉਹ ਟੇਬਲਾਂ ‘ਤੇ ਚੜ੍ਹ-ਚੜ੍ਹ ਕੇ ਮੀਡੀਆ ਦੀ ਆਜ਼ਾਦੀ ਦੇ ਹੱਕ ਵਿੱਚ ਬੋਲਦਾ ਹੁੰਦਾ ਸੀ ਅਤੇ ਦਾਅਵਾ ਕਰਦਾ ਸੀ ਕਿ ਮੀਡੀਆ ਨੂੰ ਕੋਈ ਨਹੀਂ ਰੋਕ ਸਕਦਾ। ਪ੍ਰੰਤੂ ਅੱਜ ਉਹੀ ਵਿਧਾਇਕ ਜਿੰਪਾ ਖੁਦ ਪੱਤਰਕਾਰਾਂ ਨੂੰ ਨਗਰ ਨਿਗਮ ਦੇ ਅੰਦਰ ਜਾਣ ਤੋਂ ਰੋਕਣ ਦੇ ਮੁੱਖ ਸੂਤਰਧਾਰ ਬਣੇ ਹੋਏ ਸਨ।

ਕਾਫ਼ੀ ਸਮਾਂ ਤਪਦੀ ਧੁੱਪ ਵਿੱਚ ਬਾਹਰ ਖੜ੍ਹੇ ਰਹਿ ਕੇ ਰੋਸ ਜਤਾਉਣ ਤੋਂ ਬਾਅਦ, ਜਦੋਂ ਹੁਸ਼ਿਆਰਪੁਰ ਦੇ ਡੀ.ਪੀ.ਆਰ.ਓ. ਨਗਰ ਨਿਗਮ ਦੀ ਬਿਲਡਿੰਗ ਵਿੱਚ ਦਾਖਲ ਹੋਏ, ਤਾਂ ਉਨ੍ਹਾਂ ਦੀ ਦਖਲਅੰਦਾਜ਼ੀ ਤੋਂ ਬਾਅਦ ਪੱਤਰਕਾਰਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਮਿਲੀ।

ਚੋਣ ਦੌਰਾਨ ਨਗਰ ਨਿਗਮ ਦੇ ਅੰਦਰ ਦਾ ਮਾਹੌਲ ਪਲ-ਪਲ ਬਦਲਦਾ ਰਿਹਾ। ਬਾਹਰ ਚੱਲ ਰਹੀਆਂ ਸਿਆਸੀ ਅਟਕਲਾਂ ਦੇ ਉਲਟ ਅੰਦਰ ਦੀ ਸਥਿਤੀ ਅਚਾਨਕ ਹੀ ਬਦਲ ਗਈ, ਜਿਸ ‘ਤੇ ਲੋਕਾਂ ਨੇ “ਨਾਹਤੀ ਧੋਤੀ ਰਹਿ ਗਈ ਤੇ ਉੱਤੇ ਮੱਖੀ ਬਹਿ ਗਈ” ਵਾਲੀ ਕਹਾਵਤ ਕਹਿ ਕੇ ਤੰਜ ਕੱਸਿਆ। ਚੋਣ ਨਤੀਜਿਆਂ ਤੋਂ ਬਾਅਦ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਪੱਤਰਕਾਰਾਂ ਦੇ ਤਿੱਖੇ ਅਤੇ ਸਿੱਧੇ ਸਵਾਲਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਾ ਜੁਟਾ ਸਕੇ ਅਤੇ ਚੋਰ ਮੋਰੀਓਂ ਅੱਖ ਬਚਾ ਕੇ ਨਿਕਲ ਗਏ।

ਵਿਰੋਧੀ ਧਿਰਾਂ ਅਤੇ ਪੱਤਰਕਾਰ ਭਾਈਚਾਰੇ ਨੇ ਪੰਜਾਬ ਦੀ ਮਾਨ ਸਰਕਾਰ ਨੂੰ ਤਾੜਨਾ ਕਰਦਿਆਂ ਸਖ਼ਤ ਸ਼ਬਦਾਂ ਵਿੱਚ ਆਖਿਆ ਹੈ ਕਿ ਸਰਕਾਰ ਨੂੰ ਮੀਡੀਆ ਤੋਂ ਇੰਨਾ ਡਰ ਕਿਉਂ ਲੱਗ ਰਿਹਾ ਹੈ। ਪੱਤਰਕਾਰ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਹਨ, ਕੋਈ ਸਮਾਜ ਵਿਰੋਧੀ ਅਨਸਰ ਨਹੀਂ। ਲੋਕਤੰਤਰ ਦਾ ਗਲਾ ਘੁੱਟਣ ਵਾਲੀਆਂ ਅਜਹੀਆਂ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਮੀਡੀਆ ਦੀ ਆਜ਼ਾਦੀ ‘ਤੇ ਇਸੇ ਤਰ੍ਹਾਂ ਛਾਪੇਮਾਰੀ ਅਤੇ ਪਾਬੰਦੀਆਂ ਜਾਰੀ ਰਹੀਆਂ ਤਾਂ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਇਸ ਦਾ ਗੰਭੀਰ ਸਿਆਸੀ ਖਮਿਆਜ਼ਾ ਭੁਗਤਣਾ ਪਵੇਗਾ।

Leave a Reply

Your email address will not be published. Required fields are marked *