ਸ਼ਰਮਨਾਕ,8ਵੀਂ ਜਮਾਤ ‘ਚ ਪੜ੍ਹਦੀ ਕੁੜੀ ਨਾਲ ਨੌਜਵਾਨ ਵੱਲੋਂ ਜਬਰ-ਜ਼ਿਨਾਹ,

ਜਲੰਧਰ :10 ਜੂਨ (ਅਰਸਦੀਪ)- ਜਲੰਧਰ ਵਿਖੇ ਬਸਤੀ ਬਾਵਾ ਖੇਲ ਥਾਣਾ ਇਲਾਕੇ ’ਚ ਪੈਂਦੇ ਇਕ ਇਲਾਕੇ ’ਚ 8ਵੀਂ ਜਮਾਤ ’ਚ ਪੜ੍ਹਦੀ 16 ਸਾਲਾ ਕੁੜੀ ਨਾਲ ਉਸ ਦੇ ਗੁਆਂਢ ’ਚ ਰਹਿਣ ਵਾਲੇ ਇਕ ਨੌਜਵਾਨ ਵੱਲੋਂ ਤਿੰਨ ਮਹੀਨਿਆਂ ’ਚ ਤਿੰਨ ਵਾਰ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਉਕਤ ਕੁੜੀ ਦੇ ਬਿਆਨਾਂ ਦੇ ਆਧਾਰ ’ਤੇ ਆਯੁਸ਼ ਨਾਂ ਦੇ ਮੁਲਜ਼ਮ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 376 (2) ਤੇ (ਐੱਨ) ਅਤੇ 6 ਪੋਕਸੋ ਐਕਟ ਤਹਿਤ ਐੱਫ਼. ਆਈ. ਆਰ. ਨੰਬਰ 92 ਦਰਜ ਕੀਤੀ ਗਈ ਹੈ।ਪੀੜਤਾ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਕਿਹਾ ਕਿ ਉਹ ਆਯੁਸ਼ ਤੋਂ ਤੰਗ ਆ ਕੇ ਲਗਾਤਾਰ ਪ੍ਰੇਸ਼ਾਨ ਸੀ। ਉਸ ਨੂੰ ਵੇਖ ਕੇ ਪਰਿਵਾਰਕ ਮੈਂਬਰ ਵੀ ਕਾਫ਼ੀ ਪ੍ਰੇਸ਼ਾਨ ਸਨ, ਜਿਸ ਤੋਂ ਬਾਅਦ ਉਸ ਨੇ ਆਪਣੀ ਮਾਂ ਨੂੰ ਗੁਆਂਢ ’ਚ ਰਹਿੰਦੇ ਨੌਜਵਾਨ ਦੀ ਕਰਤੂਤ ਬਾਰੇ ਦੱਸਿਆ। ਕੁੜੀ ਅਨੁਸਾਰ ਦੋਸ਼ੀ ਨੌਜਵਾਨ ਉਸ ਨੂੰ ਧਮਕੀਆਂ ਦਿੰਦਾ ਸੀ ਕਿ ਜੇਕਰ ਉਸ ਨੇ ਕਿਸੇ ਨੂੰ ਕੁਝ ਵੀ ਦੱਸਿਆ ਤਾਂ ਉਹ ਉਸ ਦੀ ਵੀਡੀਓ ਵਾਇਰਲ ਕਰ ਦੇਵੇਗਾ, ਜਿਸ ਤੋਂ ਡਰ ਕੇ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਕੁਝ ਨਹੀਂ ਦੱਸ ਰਹੀ ਸੀ। ਥਾਣਾ ਬਸਤੀ ਬਾਵਾ ਖੇਲ ਦੇ ਐੱਸ. ਐੱਚ. ਓ. ਬਲਜਿੰਦਰ ਸਿੰਘ ਭਿੰਡਰ ਨੇ ਕਿਹਾ ਕਿ ਪੁਲਸ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਜਦੋਂ ਤੋਂ ਮੁਲਜ਼ਮ ਖ਼ਿਲਾਫ਼ ਕੇਸ ਦਰਜ ਹੋਇਆ ਹੈ, ਉਹ ਘਰੋਂ ਫਰਾਰ ਹੈ। ਪੁਲਸ ਉਸ ਦੇ ਘਰ ’ਤੇ ਵੀ ਤਿੱਖੀ ਨਜ਼ਰ ਰੱਖ ਰਹੀ ਹੈ ਤਾਂ ਜੋ ਦੋਸ਼ੀ ਨੂੰ ਫੜਿਆ ਜਾ ਸਕੇ।
