ਇਤਿਹਾਸਕ ਗੁਰਦੁਆਰਾ ਹਰੀਸਰ ਸਾਹਿਬ ਡੇਰਾ ਮੰਨਣਹਾਨਾ ਵਿਖੇ ਸ਼ਰਧਾ ਨਾਲ ਮਨਾਇਆ ਕੱਤਕ ਦੀ ਸੰਗਰਾਂਦ ਦਾ ਦਿਹਾੜਾ

ਫਗਵਾੜਾ 18 ਅਕਤੂਬਰ (ਸੁਨੀਲ ਕੁਮਾਰ) 108 ਸੰਤ ਬਾਬਾ ਹਰੀ ਸਿੰਘ ਜੀ ਨੇਕੀ ਵਾਲੇ ਇਤਿਹਾਸਕ ਗੁਰੂਦੁਆਰਾ ਹਰੀਸਰ ਸਾਹਿਬ ਡੇਰਾ ਮੰਨਣਹਾਨਾ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮੁੱਖ ਸੇਵਾਦਾਰ ਸੰਤ ਅਮਰੀਕ ਸਿੰਘ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਸੇਵਾਦਾਰ ਸੰਦੀਪ ਸੈਂਡੀ ਨੇ ਦੱਸਿਆ ਕਿ ਸਵੇਰੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਅਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਹੋਈ। ਉਪਰੰਤ ਵੀਰ ਜਤਿੰਦਰ ਸਿੰਘ ਦੇ ਜੱਥੇ ਨੇ ਸੰਗਤਾਂ ਨੂੰ ਗੁਰਬਾਣੀ, ਕਥਾ ਕੀਰਤਨ ਅਤੇ ਵਿਚਾਰਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਦੇ ਲੱੜ ਲੱਗਣ ਲਈ ਪ੍ਰੇਰਿਆ ਅਤੇ ਸੰਤ ਮਹਾ ਪੁਰਸ਼ਾਂ ਦੀ ਜੀਵਨੀ ਬਾਰੇ ਵਿਸਥਾਰ ਨਾਲ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਦੌਰਾਨ ਐਕੂ-ਟਚ ਥੈਰਪੀ ਸੰਸਥਾ ਵਲੋਂ ਡਾਕਟਰ ਕੁਲਦੀਪ ਕੋਰ ਅੇੈਮ.ਡੀ. (ਐਕੂ) ਦੀ ਅਗਵਾਈ ਹੇਠ ਕੈਂਪ ਲਗਾ ਕੇ ਗਠੀਆ, ਜੋੜਾਂ ਦੇ ਦਰਦ, ਸ਼ੁਗਰ, ਸਰਵਾਈਕਲ, ਡਿਸਕ, ਅਧਰੰਗ, ਯੂਰਿਕ ਅੇੈਸਿਡ ਦਾ ਇਲਾਜ ਐਕੂ ਥੈਰਪੀ ਰਾਹੀਂ ਕੀਤਾ ਗਿਆ। ਇਸ ਕੈਂਪ ਦਾ ਇਲਾਕੇ ਭਰ ਦੇ ਸੈਂਕੜਿਆਂ ਲੋਕਾਂ ਨੇ ਫਾਇਦਾ ਲਿਆ। ਇਸ ਦੌਰਾਨ ਵੱਡੀ ਗਿਣਤੀ ‘ਚ ਇਲਾਕੇ ਭਰ ਦੀ ਸੰਗਤ ਨੇ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸੇਵਾਦਾਰਾਂ ਵਲੋਂ ਜਲੇਬੀਆਂ ਅਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।
