ਸ਼ਾਰਦੀਆ ਨਰਾਤੇ: ਮਾਂ ਦੁਰਗਾ ਦੀ ਭਗਤੀ ਨਾਲ ਨਾਰੀ ਸ਼ਕਤੀ ਦੀ ਜਾਗ੍ਰਿਤੀ
ਨੌਂ ਦਿਨਾਂ ਦੀ ਸਾਧਨਾ, ਆਤਮ-ਬਲ ਅਤੇ ਮਜ਼ਬੂਤ ਸਮਾਜ ਸਿਰਜਣ ਦਾ ਸੰਕਲਪ – ਸਾਵਿਤਰੀ ਠਾਕੁਰ
ਸਾਵਿਤਰੀ ਠਾਕੁਰ

ਭਾਰਤੀ ਸੱਭਿਆਚਾਰ ਵਿੱਚ ਸ਼ਾਰਦੀਆ ਨਰਾਤੇ ਸ਼ਕਤੀ, ਸ਼ਰਧਾ, ਸਾਧਨਾ ਅਤੇ ਆਤਮ-ਸ਼ੁੱਧੀ ਦਾ ਪਵਿੱਤਰ ਤਿਉਹਾਰ ਹੈ। ਮਾਂ ਦੁਰਗਾ ਦੇ ਨੌਂ ਸਰੂਪਾਂ ਦੀ ਪੂਜਾ ਸਾਨੂੰ ਜੀਵਨ ਵਿੱਚ ਹਿੰਮਤ, ਸੰਜਮ, ਸਬਰ, ਦਇਆ ਅਤੇ ਆਤਮ-ਵਿਸ਼ਵਾਸ ਰੱਖਣ ਦੀ ਪ੍ਰੇਰਨਾ ਦਿੰਦੀ ਹੈ। ਇਹ ਨੌਂ ਦਿਨ ਸਿਰਫ਼ ਪੂਜਾ-ਪਾਠ ਦਾ ਮੌਕਾ ਨਹੀਂ ਹਨ, ਸਗੋਂ ਆਪਣੇ ਅੰਦਰਲੀ ਤਾਕਤ ਪਛਾਣਨ ਅਤੇ ਸਮਾਜ ਪ੍ਰਤੀ ਆਪਣੀਆਂ ਜ਼ੁੰਮੇਵਾਰੀਆਂ ਨਿਭਾਉਣ ਦਾ ਸੰਕਲਪ ਲੈਣ ਦਾ ਸਮਾਂ ਵੀ ਹਨ।
ਨਰਾਤਿਆਂ ਦਾ ਹਰ ਦਿਨ ਖਾਸ ਸੁਨੇਹਾ ਲੈ ਕੇ ਆਉਂਦਾ ਹੈ। ਮਾਂ ਸ਼ੈਲਪੁੱਤਰੀ ਪੱਕੇ ਇਰਾਦੇ, ਮਾਂ ਬ੍ਰਹਮਚਾਰਿਣੀ ਤਪੱਸਿਆ ਅਤੇ ਅਨੁਸ਼ਾਸਨ, ਮਾਂ ਚੰਦਰਘੰਟਾ ਹਿੰਮਤ ਅਤੇ ਮਾਂ ਕੂਸ਼ਮਾਂਡਾ ਸਿਰਜਣਾਤਮਕਤਾ ਦੀ ਪ੍ਰੇਰਨਾ ਦਿੰਦੀਆਂ ਹਨ। ਮਾਂ ਸਕੰਦਮਾਤਾ ਮਮਤਾ, ਮਾਂ ਕਾਤਿਆਇਨੀ ਅਨਿਆਂ ਵਿਰੁੱਧ ਸੰਘਰਸ਼, ਮਾਂ ਕਾਲਰਾਤਰੀ ਨਿਡਰਤਾ, ਮਾਂ ਮਹਾਗੌਰੀ ਪਵਿੱਤਰਤਾ ਅਤੇ ਮਾਂ ਸਿੱਧੀਦਾਤਰੀ ਸਾਧਨਾ ਦੇ ਮੁਕੰਮਲ ਹੋਣ ਦਾ ਸੁਨੇਹਾ ਦਿੰਦੀਆਂ ਹਨ।
ਵਰਤ, ਧਿਆਨ, ਮੰਤਰ-ਜਾਪ ਅਤੇ ਸੇਵਾ ਰਾਹੀਂ ਅਸੀਂ ਆਪਣੇ ਮਨ ਨੂੰ ਇਕਾਗਰ ਕਰ ਸਕਦੇ ਹਾਂ ਅਤੇ ਆਪਣੇ ਜੀਵਨ ਵਿੱਚ ਹਾਂਪੱਖੀ ਸੋਚ ਤੇ ਅਨੁਸ਼ਾਸਨ ਲਿਆ ਸਕਦੇ ਹਾਂ। ਸੱਚੀ ਸਾਧਨਾ ਉਹੀ ਹੈ, ਜੋ ਸਾਡੇ ਵਿਚਾਰਾਂ ਨੂੰ ਸ਼ੁੱਧ ਕਰੇ, ਸਾਡੇ ਵਤੀਰੇ ਵਿੱਚ ਸੰਵੇਦਨਸ਼ੀਲਤਾ ਲਿਆਵੇ ਅਤੇ ਸਾਨੂੰ ਦੂਜਿਆਂ ਦੇ ਭਲੇ ਲਈ ਪ੍ਰੇਰਿਤ ਕਰੇ।
ਮਾਂ ਦੀ ਭਗਤੀ ਅਤੇ ਨਾਰੀ ਸ਼ਕਤੀ ਦਾ ਸਨਮਾਨ
ਭਾਰਤੀ ਪਰੰਪਰਾ ਵਿੱਚ ਨਾਰੀ ਨੂੰ ਸ਼ਕਤੀ ਦਾ ਰੂਪ ਮੰਨਿਆ ਗਿਆ ਹੈ। ਮਾਂ ਦੁਰਗਾ ਦਾ ਸਰੂਪ ਸਾਨੂੰ ਯਾਦ ਦਿਵਾਉਂਦਾ ਹੈ ਕਿ ਨਾਰੀ ਵਿੱਚ ਮਮਤਾ ਅਤੇ ਦਇਆ ਦੇ ਨਾਲ-ਨਾਲ ਹਿੰਮਤ, ਅਗਵਾਈ ਅਤੇ ਸੰਘਰਸ਼ ਕਰਨ ਦੀ ਕਮਾਲ ਦੀ ਸਮਰੱਥਾ ਵੀ ਮੌਜੂਦ ਹੈ। ਅੱਜ ਔਰਤਾਂ ਸਿੱਖਿਆ, ਵਿਗਿਆਨ, ਖੇਡਾਂ, ਪ੍ਰਸ਼ਾਸਨ, ਕਾਰੋਬਾਰ, ਖੇਤੀਬਾੜੀ ਅਤੇ ਰਾਜਨੀਤੀ ਸਮੇਤ ਹਰ ਖੇਤਰ ਵਿੱਚ ਆਪਣੇ ਹੁਨਰ ਅਤੇ ਤਾਕਤ ਦਾ ਲੋਹਾ ਮਨਵਾ ਰਹੀਆਂ ਹਨ।
ਨਾਰੀ ਸ਼ਕਤੀ ਦਾ ਅਸਲੀ ਸਨਮਾਨ ਸਿਰਫ਼ ਦੇਵੀ ਦੀ ਪੂਜਾ ਤੱਕ ਸੀਮਤ ਨਹੀਂ ਹੋਣਾ ਚਾਹੀਦਾ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਹਰ ਧੀ ਨੂੰ ਸਿੱਖਿਆ, ਸਿਹਤ, ਸੁਰੱਖਿਆ ਅਤੇ ਅੱਗੇ ਵਧਣ ਦੇ ਬਰਾਬਰ ਮੌਕੇ ਮਿਲਣ। ਔਰਤਾਂ ਨੂੰ ਆਤਮ-ਨਿਰਭਰ ਬਣਾਉਣ, ਉਨ੍ਹਾਂ ਦੇ ਫੈਸਲਿਆਂ ਦਾ ਸਤਿਕਾਰ ਕਰਨ ਅਤੇ ਵਿਤਕਰੇ ਤੋਂ ਮੁਕਤ ਮਾਹੌਲ ਦੇਣ ਦੀਆਂ ਕੋਸ਼ਿਸ਼ਾਂ ਹੀ ਮਾਂ ਦੀ ਭਗਤੀ ਨੂੰ ਅਸਲੀ ਅਰਥ ਦਿੰਦੀਆਂ ਹਨ।
ਜਦੋਂ ਇੱਕ ਔਰਤ ਪੜ੍ਹੀ-ਲਿਖੀ ਅਤੇ ਆਤਮ-ਨਿਰਭਰ ਬਣਦੀ ਹੈ, ਤਾਂ ਉਸ ਦਾ ਅਸਰ ਪੂਰੇ ਪਰਿਵਾਰ ਅਤੇ ਸਮਾਜ ’ਤੇ ਪੈਂਦਾ ਹੈ। ਇਸ ਲਈ ਔਰਤਾਂ ਦਾ ਸ਼ਕਤੀਕਰਨ ਸਿਰਫ਼ ਔਰਤਾਂ ਦੇ ਵਿਕਾਸ ਦਾ ਮੁੱਦਾ ਨਹੀਂ ਹੈ, ਸਗੋਂ ਇਹ ਦੇਸ਼ ਦੀ ਤਰੱਕੀ ਦੀ ਨੀਂਹ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਨਾਰੀ ਸਨਮਾਨ ਤੋਂ ਰਾਸ਼ਟਰ ਨਿਰਮਾਣ ਤੱਕ: ਮਹਿਲਾ ਅਤੇ ਬਾਲ ਵਿਕਾਸ ਦੀ ਨਵੀਂ ਦੂਰ-ਅੰਦੇਸ਼ੀ
ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦਾ ਮਕਸਦ ਔਰਤਾਂ ਅਤੇ ਬੱਚਿਆਂ ਲਈ ਸੁਰੱਖਿਅਤ, ਸਿਹਤਮੰਦ ਅਤੇ ਮੌਕਿਆਂ ਨਾਲ ਭਰਪੂਰ ਮਾਹੌਲ ਤਿਆਰ ਕਰਨਾ ਹੈ। ਮਾਂ ਅਤੇ ਬੱਚੇ ਦੀ ਸਿਹਤ, ਪੋਸ਼ਣ, ਬੱਚੀਆਂ ਦੀ ਸਿੱਖਿਆ, ਔਰਤਾਂ ਦੀ ਸੁਰੱਖਿਆ ਅਤੇ ਆਰਥਿਕ ਆਤਮ-ਨਿਰਭਰਤਾ ਵਰਗੇ ਵਿਸ਼ੇ ਸਾਡੀਆਂ ਸਾਂਝੀਆਂ ਕੋਸ਼ਿਸ਼ਾਂ ਦੀ ਪਹਿਲ ਹਨ।
ਔਰਤਾਂ ਦੀ ਮਜ਼ਬੂਤੀ ਨੂੰ ਦੇਸ਼ ਦੇ ਵਿਕਾਸ ਦਾ ਅਹਿਮ ਹਿੱਸਾ ਬਣਾਉਣ ਲਈ ਸਤਿਕਾਰਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਵੱਲੋਂ ਕਈ ਵੱਡੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਸਰਕਾਰ ਦੀ ਸੋਚ ਸਿਰਫ਼ ਔਰਤਾਂ ਦੇ ਵਿਕਾਸ ਤੱਕ ਸੀਮਤ ਨਾ ਰਹਿ ਕੇ, ਉਨ੍ਹਾਂ ਨੂੰ ਵਿਕਾਸ ਦੀ ਅਗਵਾਈ ਕਰਨ ਵਾਲੀਆਂ ਬਣਾਉਣ ਦੀ ਹੈ।
ਇਸੇ ਦਿਸ਼ਾ ਵਿੱਚ ‘ਨਾਰੀ ਸ਼ਕਤੀ ਵੰਦਨ ਐਕਟ, 2023’ ਇੱਕ ਇਤਿਹਾਸਕ ਪਹਿਲ ਹੈ, ਜਿਸ ਰਾਹੀਂ ਲੋਕ ਸਭਾ ਅਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ ਇੱਕ-ਤਿਹਾਈ ਯਾਨੀ 33 ਫੀਸਦੀ ਸੀਟਾਂ ਰਾਖਵੀਆਂ ਕਰਨ ਦਾ ਸੰਵਿਧਾਨਕ ਪ੍ਰਬੰਧ ਕੀਤਾ ਗਿਆ ਹੈ। ਇਹ ਪਹਿਲ ਦੇਸ਼ ਦੇ ਲੋਕਤੰਤਰੀ ਢਾਂਚੇ ਵਿੱਚ ਔਰਤਾਂ ਦੀ ਹਿੱਸੇਦਾਰੀ ਵਧਾਉਣ ਅਤੇ ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਹੈ।
ਕੇਂਦਰ ਸਰਕਾਰ ਨੇ ਔਰਤਾਂ ਦੇ ਸਮਾਜਿਕ, ਆਰਥਿਕ ਅਤੇ ਸਿਆਸੀ ਸ਼ਕਤੀਕਰਨ ਦੇ ਨਾਲ-ਨਾਲ ਉਨ੍ਹਾਂ ਦੀ ਸੁਰੱਖਿਆ ਅਤੇ ਸਿਹਤ ਨੂੰ ਵੀ ਪਹਿਲ ਦਿੱਤੀ ਹੈ। ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਬੱਚੀਆਂ ਪ੍ਰਤੀ ਹਾਂਪੱਖੀ ਸੋਚ ਅਤੇ ਉਨ੍ਹਾਂ ਦੀ ਸਿੱਖਿਆ ਨੂੰ ਹੁਲਾਰਾ ਦਿੰਦੀ ਹੈ। ‘ਮਿਸ਼ਨ ਸ਼ਕਤੀ’ ਔਰਤਾਂ ਦੀ ਸੁਰੱਖਿਆ, ਮਦਦ ਅਤੇ ਮਜ਼ਬੂਤੀ ’ਤੇ ਕੇਂਦਰਿਤ ਹੈ, ਜਦਕਿ ‘ਮਿਸ਼ਨ ਸਕਸ਼ਮ ਆਂਗਣਵਾੜੀ ਅਤੇ ਪੋਸ਼ਣ 2.0’ ਮਾਂ ਅਤੇ ਬੱਚੇ ਦੇ ਪੋਸ਼ਣ ਨੂੰ ਮਜ਼ਬੂਤੀ ਦਿੰਦਾ ਹੈ। ‘ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ’ ਯੋਗ ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਤੈਅ ਨਿਯਮਾਂ ਤਹਿਤ ਆਰਥਿਕ ਮਦਦ ਦੇਣ ਵਿੱਚ ਵੱਡੀ ਭੂਮਿਕਾ ਨਿਭਾਉਂਦੀ ਹੈ।
ਨਰਾਤਿਆਂ ’ਤੇ ਲਈਏ ਨਾਰੀ ਦੇ ਸਨਮਾਨ ਅਤੇ ਸੇਵਾ ਦਾ ਸੰਕਲਪ
ਸ਼ਾਰਦੀਆ ਨਰਾਤੇ ਸਾਨੂੰ ਸਿਖਾਉਂਦੇ ਹਨ ਕਿ ਸ਼ਕਤੀ ਦਾ ਅਸਲੀ ਮਤਲਬ ਸਿਰਫ਼ ਤਾਕਤ ਨਹੀਂ ਹੈ, ਸਗੋਂ ਉਸ ਦੀ ਵਰਤੋਂ ਸੱਚ, ਇਨਸਾਫ਼ ਅਤੇ ਲੋਕ ਭਲਾਈ ਲਈ ਕਰਨਾ ਹੈ। ਇਸ ਪਵਿੱਤਰ ਮੌਕੇ ’ਤੇ ਅਸੀਂ ਸਾਰੇ ਇਹ ਸੰਕਲਪ ਲਈਏ ਕਿ ਧੀਆਂ ਨੂੰ ਅੱਗੇ ਵਧਣ ਦੇ ਮੌਕੇ ਦੇਵਾਂਗੇ, ਔਰਤਾਂ ਦੇ ਯੋਗਦਾਨ ਦਾ ਸਤਿਕਾਰ ਕਰਾਂਗੇ ਅਤੇ ਲੋੜਵੰਦ ਬੱਚਿਆਂ ਤੇ ਔਰਤਾਂ ਦੀ ਮਦਦ ਲਈ ਅੱਗੇ ਆਵਾਂਗੇ।
ਆਓ, ਇਨ੍ਹਾਂ ਨੌਂ ਦਿਨਾਂ ਦੀ ਸਾਧਨਾ ਨੂੰ ਆਪਣੇ ਜੀਵਨ ਵਿੱਚ ਹਾਂਪੱਖੀ ਬਦਲਾਅ ਦਾ ਜ਼ਰੀਆ ਬਣਾਈਏ। ਸਾਡੀ ਆਸਥਾ ਆਤਮ-ਬਲ ਬਣੇ, ਸਾਡੀ ਭਗਤੀ ਸੇਵਾ ਦਾ ਰਾਹ ਪੱਧਰਾ ਕਰੇ ਅਤੇ ਸਾਡੇ ਸੰਕਲਪ ਔਰਤਾਂ ਦੀ ਮਜ਼ਬੂਤੀ ਅਤੇ ਬੱਚਿਆਂ ਦੀ ਭਲਾਈ ਨੂੰ ਨਵੀਂ ਦਿਸ਼ਾ ਦੇਣ।
ਮਾਂ ਦੁਰਗਾ ਅੱਗੇ ਪ੍ਰਾਰਥਨਾ ਹੈ ਕਿ ਉਨ੍ਹਾਂ ਦੀ ਮਿਹਰ ਨਾਲ ਹਰ ਪਰਿਵਾਰ ਵਿੱਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਆਵੇ, ਹਰ ਔਰਤ ਨੂੰ ਆਤਮ-ਸਨਮਾਨ ਅਤੇ ਆਤਮ-ਨਿਰਭਰਤਾ ਦੀ ਤਾਕਤ ਮਿਲੇ ਅਤੇ ਹਰ ਧੀ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕੇ। ਅਸੀਂ ਸਾਰੇ ਰਲ ਕੇ ਇੱਕ ਅਜਿਹੇ ਭਾਰਤ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਈਏ, ਜਿੱਥੇ ਨਾਰੀ ਦਾ ਸਨਮਾਨ ਹੋਵੇ, ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋਵੇ ਅਤੇ ਬਰਾਬਰ ਦੇ ਮੌਕੇ ਹਰ ਵਿਅਕਤੀ ਤੱਕ ਪਹੁੰਚਣ।
ਤੁਹਾਨੂੰ ਸਾਰਿਆਂ ਨੂੰ ਸ਼ਾਰਦੀਆ ਨਰਾਤਿਆਂ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।
ਜੈ ਮਾਤਾ ਦੀ!
ਕੇਂਦਰੀ ਰਾਜ ਮੰਤਰੀ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ,
ਭਾਰਤ
ਸਰਕਾਰ ਅਤੇ ਸੰਸਦ ਮੈਂਬਰ, ਧਾਰ-ਮਹੂ ਲੋਕ ਸਭਾ ਹਲਕਾ।)
