ਜ਼ਮੀਨ ਦੇ ਹੇਠਲੇ ਹਿੱਸੇ ਦੀ ਮੈਪਿੰਗ : ‘ਸਮੁੱਚਾ ਸਿਸਟਮ’ ਅਤੇ ‘ਸੰਪੂਰਨ ਸਰਕਾਰ’ ਦੀ ਪਹੁੰਚ ਨਾਲ ਕਿਵੇਂ ICAR ਦੀ ‘ਮਿੱਟੀ ਬਾਰੇ ਜਾਣਕਾਰੀ’ ਭਾਰਤ ਦੇ ਵਿਸ਼ਾਲ ਬੁਨਿਆਦੀ ਢਾਂਚੇ ਦੇ ਵਿਸਥਾਰ ਨੂੰ ਨਵਾਂ ਰੂਪ ਦੇ ਰਹੀ ਹੈ

ਜ਼ਮੀਨ ਦੇ ਹੇਠਲੇ ਹਿੱਸੇ ਦੀ ਮੈਪਿੰਗ : ‘ਸਮੁੱਚਾ ਸਿਸਟਮ’ ਅਤੇ ‘ਸੰਪੂਰਨ ਸਰਕਾਰ’ ਦੀ ਪਹੁੰਚ ਨਾਲ ਕਿਵੇਂ ICAR ਦੀ ‘ਮਿੱਟੀ ਬਾਰੇ ਜਾਣਕਾਰੀ’ ਭਾਰਤ ਦੇ ਵਿਸ਼ਾਲ ਬੁਨਿਆਦੀ ਢਾਂਚੇ ਦੇ ਵਿਸਥਾਰ ਨੂੰ ਨਵਾਂ ਰੂਪ ਦੇ ਰਹੀ ਹੈ

PIB/  JALANDHAR

ਭਾਰਤ ਬੇਮਿਸਾਲ ਅਤੇ ਇਤਿਹਾਸਕ ਗਤੀ ਨਾਲ ਆਪਣੇ ਡਿਜੀਟਲ, ਫਿਜ਼ੀਕਲ (ਭੌਤਿਕ) ਅਤੇ ਫਿਜੀਟਲ (ਫਿਜ਼ੀਕਲ+ਡਿਜੀਟਲ) ਭਵਿੱਖ ਦਾ ਨਿਰਮਾਣ ਕਰ ਰਿਹਾ ਹੈ। ਦੇਸ਼ ਹਰ ਵਰ੍ਹੇ ਔਸਤਨ 4.5 ਲੱਖ ਤੋਂ ਵੱਧ ਰੂਟ ਕਿਲੋਮੀਟਰ ਓਪਟੀਕਲ ਫਾਈਬਰ ਕੇਬਲ ਨੈੱਟਵਰਕ ਦਾ ਵਿਸਥਾਰ ਕਰ ਰਿਹਾ ਹੈ, ਜਦਕਿ ਨਾਲ ਹੀ ਲਗਭਗ 11,000 ਕਿਲੋਮੀਟਰ ਰਾਸ਼ਟਰੀ ਰਾਜਮਾਰਗਾਂ ਦਾ ਨਿਰਮਾਣ ਅਤੇ 6,500 ਕਿਲੋਮੀਟਰ ਰੇਲਵੇ ਟ੍ਰੈਕ ਦਾ ਇਲੈਕਟ੍ਰੀਫਿਕੇਸ਼ਨ ਕੀਤਾ ਜਾ ਰਿਹਾ ਹੈ ਅਤੇ ਹਰ ਵਰ੍ਹੇ ਲਗਭਗ 5,000 ਕਿਲੋਮੀਟਰ ਰੇਲਵੇ ਟ੍ਰੈਕ ਜੋੜੇ ਜਾ ਰਹੇ ਹਨ। ਇਸ ਵਿਆਪਕ ਵਿਸਥਾਰ ਦਾ ਮਤਲਬ ਹੈ ਕਿ ਦੇਸ਼ ਭਰ ਵਿੱਚ ਡਿਜੀਟਲ ਕਨੈਕਟੀਵਿਟੀ ਦੇ 22.8 ਲੱਖ ਕਿਲੋਮੀਟਰ ਦੇ ਹੈਰਾਨੀਜਨਕ ਵਿਸਥਾਰ ਵਾਲੇ ਕਈ ਵਰ੍ਹਿਆਂ ਤੱਕ ਚੱਲਣ ਵਾਲੇ ਰਾਸ਼ਟਰੀ ਵਿਸਥਾਰ ਦੇ ਨਾਲ-ਨਾਲ ਦੇਸ਼ ਰੋਜ਼ਾਨਾ ਲਗਭਗ 30 ਕਿਲੋਮੀਟਰ ਰਾਜਮਾਰਗ ਅਤੇ 12 ਤੋਂ 15 ਕਿਲੋਮੀਟਰ ਨਵੀਆਂ ਰੇਲਵੇ ਲਾਈਨਾਂ ਦਾ ਨਿਰਮਾਣ ਕਰ ਰਿਹਾ ਹੈ। ਫਿਰ ਵੀ, ਜਿਵੇਂ-ਜਿਵੇਂ ਇਹ ਵਿਸਤ੍ਰਿਤ ਟ੍ਰਾਂਸਪੋਰਟ ਕੌਰੀਡੋਰ, ਅਲਟ੍ਰਾ-ਮੈਗਾ ਸੋਲਰ ਪਾਰਕ ਅਤੇ ਵਿਸ਼ਾਲ ਡਿਜੀਟਲ ਨੈੱਟਵਰਕ ਵਿਸਥਾਰ ਕਰ ਪਾ ਹਨ, ਖੇਤੀਬਾੜੀ ਵਿਗਿਆਨ ਦੀ ਅਗਵਾਈ ਵਿੱਚ ਇੱਕ ਸ਼ਾਂਤ ਤਕਨੀਕੀ ਸਹਿਯੋਗ ਭੂਮੀ ਦੀ ਸਤਹਿ ਦੇ ਬਿਲਕੁਲ ਹੇਠਾਂ ਹੋ ਰਿਹਾ ਹੈ।

 

ਵੱਡੇ ਪ੍ਰੋਜੈਕਟਾਂ ਲਈ ਬੋਲੀ ਲੱਗਣ ਵਾਲਿਆਂ ਨੂੰ ਅਕਸਰ ਪਹਿਲਾਂ ਤੋਂ ਮਿੱਟੀ ਦੀ ਖੁਦਾਈ ਦੀ ਲਾਗਤ ਦਾ ਅਨੁਮਾਨ ਤਿਆਰ ਕਰਨਾ ਪੈਂਦਾ ਹੈ, ਭਾਵੇਂ ਹੀ ਪਹਿਲਾਂ ਤੋਂ ਕੋਈ ਭੂ-ਵਿਗਿਆਨਕ ਜਾਣਕਾਰੀ ਉਪਲਬਧ ਨਾ ਹੋਵੇ। ਕਿਉਂਕਿ ਪ੍ਰੋਜੈਕਟਾਂ ਦੀ ਟੈਂਡਰ ਪ੍ਰਕਿਰਿਆ ਦੀ ਸਮਾਂ-ਸੀਮਾ ਬਹੁਤ ਘੱਟ ਹੁੰਦੀ ਹੈ, ਇਸ ਲਈ ਤੁਰੰਤ ਅਤੇ ਭਰੋਸੇਯੋਗ ਮਿੱਟੀ ਸਬੰਧੀ ਅੰਕੜੇ ਇਸ ਜੋਖਮ ਨੂੰ ਕਾਫੀ ਹੱਦ ਤੱਕ ਘੱਟ ਕਰ ਸਕਦੇ ਹਨ- ਖਾਸ ਕਰਕੇ ਉਦੋਂ, ਜਦੋਂ ਪ੍ਰੋਜੈਕਟ ਭਾਰਤ ਤੋਂ ਬਾਹਰ ਮੌਜੂਦ ਹੋਵੇ ਅਤੇ ਸਥਾਨਕ ਭੂ-ਭਾਗ ਸਬੰਧੀ ਅੰਕੜਿਆਂ ਤੱਕ ਪਹੁੰਚ ਮੁਸ਼ਕਲ ਹੋਵੇ। ਇਸ ਤੋਂ ਇਲਾਵਾ, ਬੋਲੀ ਜਿੱਤਣ ਤੋਂ ਬਾਅਦ, ਪ੍ਰੋਜੈਕਟ ਲਾਗੂ ਕਰਨ ਵਾਲਿਆਂ ਨੂੰ ਵਾਰ-ਵਾਰ ਆਉਣ ਵਾਲੀ ਕਰੋੜਾਂ ਰੁਪਏ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ: ਨਰਮ ਮਿੱਟੀ ਵਿੱਚ ਅਸਾਨੀ ਨਾਲ ਖੁਦਾਈ ਕਰਦੇ ਹੋਏ ਇੰਜੀਨੀਅਰਿੰਗ ਟੀਮ ਅਚਾਨਕ ਜ਼ਮੀਨ ਦੇ ਹੇਠਲੀ ਚੱਟਾਨ ਦੀ ਸਖਤ ਦੀਵਾਰ ਨਾਲ ਟਕਰਾ ਜਾਂਦੀ ਹੈ, ਜਾਂ ਗੁੰਮਰਾਹਕੁੰਨ ਕਾਲੀ ਕਪਾਹ ਮਿੱਟੀ ‘ਤੇ ਬਣਾਈ ਗਈ ਨਵੀਂ ਸੜਕ ਵਿੱਚ ਦਰਾਰਾਂ ਪੈਣ ਲੱਗਦੀਆਂ ਹਨ ਅਤੇ ਉਹ ਉਖੜਣ ਲੱਗਦੀ ਹੈ। ਕੰਮ ਰੁਕ ਜਾਂਦਾ ਹੈ, ਮਸ਼ੀਨਰੀ ਬੇਕਾਰ ਖੜ੍ਹੀ ਰਹਿੰਦੀ ਹੈ ਅਤੇ ਪ੍ਰੋਜੈਕਟ ਦੀ ਲਾਗਤ ਅਸਮਾਨ ਨੂੰ ਛੂਹਣ ਲੱਗਦੀ ਹੈ। ਇਸ ਮਹੱਤਵਪੂਰਨ ਸੂਚਨਾ ਪਾੜੇ ਨੂੰ ਖਤਮ ਕਰਨ ਲਈ, ਨਾਗਪੁਰ ਸਥਿਤ ਆਈਸੀਏਆਰ- ਨੈਸ਼ਨਲ ਬਿਊਰੋ ਆਫ਼ ਸੌਇਲ ਸਰਵੇ ਐਂਡ ਲੈਂਡ ਯੂਜ਼ ਪਲਾਂਨਿੰਗ (NBSS&LUP) ਦੇ ਵਿਗਿਆਨੀਆਂ ਨੇ ਇੱਕ ਕ੍ਰਾਂਤੀਕਾਰੀ ਪਹੁੰਚ ਵਿਕਸਿਤ ਕੀਤੀ ਹੈ: ਮਿੱਟੀ ਦੀ ਜਾਣਕਾਰੀ ‘ਤੇ ਅਧਾਰਿਤ ਪੂਰਵ-ਅਨੁਮਾਨਿਤ ਇੰਜੀਨੀਅਰਿੰਗ (Soil Intelligence-based Predictive Engineering)। ਦਹਾਕਿਆਂ ਤੋਂ ਉਪਲਬਧ ਮਿੱਟੀ ਵਿਗਿਆਨ ਸਬੰਧੀ ਅੰਕੜਿਆਂ ਨੂੰ ਉੱਨਤ ‘ਮਸ਼ੀਨ ਲਰਨਿੰਗ’ ਨਾਲ ਜੋੜ ਕੇ, ICAR ਬੁਨਿਆਦੀ ਢਾਂਚੇ ਦੇ ਯੋਜਨਾਕਾਰਾਂ ਨੂੰ ਜ਼ਮੀਨ ਵਿੱਚ ਪਹਿਲਾ ਫਾਵੜਾ ਲੱਗਣ ਤੋਂ ਪਹਿਲਾਂ ਹੀ ਧਰਤੀ ਬਾਰੇ “ਐਕਸ-ਰੇਅ ਵਰਗੀ ਦ੍ਰਿਸ਼ਟੀ” ਪ੍ਰਦਾਨ ਕਰ ਰਿਹਾ ਹੈ -ਇਹ ਸਿੱਧ ਕਰਦੇ ਹੋਏ ਕਿ ਖੇਤੀਬਾੜੀ ਖੋਜ ਖੇਤਾਂ ਤੋਂ ਕਿਤੇ ਅੱਗੇ ਰਾਸ਼ਟਰੀ ਵਿਕਾਸ ਦਾ ਇੱਕ ਬੁਨਿਆਦੀ ਚਾਲਕ ਹੈ।

 

ਗਤੀ ਅਤੇ ਵਿਸਥਾਰ ਦੀਆਂ ਅਣਦੇਖੀ ਕੀਤੀਆਂ ਗਈਆਂ ਚੁਣੌਤੀਆਂ

ਭਾਰਤ ਵਿੱਚ ਮੌਜੂਦਾ ਬੁਨਿਆਦੀ ਢਾਂਚੇ ਦੇ ਵਿਸਥਾਰ ਦੀ ਬਹੁਤ ਤੇਜ਼ ਰਫ਼ਤਾਰ ਕਾਰਨ ਰਵਾਇਤੀ ਯੋਜਨਾਬੰਦੀ ਖੁਦ ਇੱਕ ਰੁਕਾਟਵ ਬਣ ਗਈ ਹੈ। ਉਪਲਬਧ ਅੰਕੜਿਆਂ ਦੇ ਅਨੁਸਾਰ, ਭਾਰਤ ਦਾ ਕੁੱਲ ਡਿਜੀਟਲ ਫੁੱਟਪ੍ਰਿੰਟ ਲਗਭਗ 19.35 ਲੱਖ ਰੂਟ ਕਿਲੋਮੀਟਰ ਤੋਂ ਵਧ ਕੇ 42.36 ਲੱਖ ਰੂਟ ਕਿਲੋਮੀਟਰ ਤੋਂ ਵੱਧ ਹੋ ਗਿਆ ਹੈ, ਜੋ ਕਈ ਵਰ੍ਹਿਆਂ ਵਿੱਚ ਹੋਏ ਵਿਆਪਕ ਵਿਸਥਾਰ ਨੂੰ ਦਰਸਾਉਂਦਾ ਹੈ। ਇਸੇ ਹਾਲੀਆ ਪੰਜ ਵਰ੍ਹਿਆਂ ਦੀ ਮਿਆਦ ਵਿੱਚ, ਦੇਸ਼ ਨੇ 57,125 ਕਿਲੋਮੀਟਰ ਰਾਸ਼ਟਰੀ ਰਾਜਮਾਰਗਾਂ ਦਾ ਨਿਰਮਾਣ ਕੀਤਾ ਹੈ। ਇਸੇ ਦੌਰਾਨ, ਭਾਰਤੀ ਰੇਲਵੇ ਨੇ 33,000 ਤੋਂ ਵੱਧ ਰੂਟ ਕਿਲੋਮੀਟਰ ਦਾ ਇਲੈਕਟ੍ਰੀਫਿਕੇਸ਼ਨ ਕੀਤਾ ਹੈ, ਜੌ ਔਸਤਨ ਲਗਭਗ ਹਰ ਸਾਲ 6,600 ਕਿਲੋਮੀਟਰ ਹੈ ਅਤੇ ਬ੍ਰੌਡ ਗੇਜ਼ ਨੈੱਟਵਰਕ ਦੇ ਇਲੈਕਟ੍ਰੀਫਿਕੇਸ਼ਨ ਨੂੰ ਲਗਭਗ 99.6% ਤੱਕ ਪਹੁੰਚਾਉਂਦਾ ਹੈ, ਜਿਸ ਦੀ ਦਰ ਰੋਜ਼ਾਨਾ 15 ਤੋਂ ਵੱਧ ਰੂਟ ਕਿਲੋਮੀਟਰ ਦੇ ਇਲੈਕਟ੍ਰੀਫਿਕੇਸ਼ਨ ਦੀ ਹੈ। ਸਵੱਛ ਊਰਜਾ ਦੇ ਖੇਤਰ ਵਿੱਚ, ਭਾਰਤ ਨੇ ਆਪਣੀ ਪ੍ਰਮੁੱਖ ਸੋਲਰ ਯੋਜਨਾ ਦੇ ਤਹਿਤ 54 ਤੋਂ 56 ਵੱਡੇ ਪੱਧਰ ਦੇ ਸੋਲਰ ਪਾਰਕਾਂ ਨੂੰ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਦੀ ਪ੍ਰਵਾਨਗੀ ਸਮਰੱਥਾ ਲਗਭਗ 39.5 ਗੀਗਾਵਾਟ ਹੈ, ਜਿਸ ਨਾਲ 100 ਤੋਂ ਵੱਧ ਜਨਤਕ ਅਤੇ ਨਿਜੀ ਪਾਰਕਾਂ ਵਿੱਚ ਕੁੱਲ ਗਰਾਉਂਡ-ਮਾਉਂਟਿਡ ਸੋਲਰ ਸਮਰੱਥਾ 122 ਗੀਗਾਵਾਟ ਤੋਂ ਵੱਧ ਹੋ ਗਈ ਹੈ।

 

ਇਨ੍ਹਾਂ ਵਿਸ਼ਾਲ ਕੰਮਾਂ ਵਿੱਚ ਸ਼ਾਮਲ ਕਈ ਸਰਕਾਰੀ ਅਤੇ ਨਿਜੀ ਏਜੰਸੀਆਂ –ਭਾਵੇਂ ਉਹ ਭੂਮੀਗਤ ਸੰਚਾਰ ਲਾਈਨਾਂ ਨੂੰ ਵਿਛਾਉਣ, ਬਿਜਲੀ ਸੰਚਾਰ ਟਾਵਰ ਖੜ੍ਹੇ ਕਰਨ ਜਾਂ ਵਿਸ਼ਾਲ ਅਤੇ ਢਾਂਚਿਆਂ ਨੂੰ ਅਧਾਰ ਪ੍ਰਦਾਨ ਕਰਨ ਦਾ ਕੰਮ ਕਰ ਰਹੀਆਂ ਹੋਣ-ਸਟੀਕ ਭੂਮੀਗਤ ਅੰਕੜਿਆਂ ‘ਤੇ ਵਧੇਰੇ ਨਿਰਭਰ ਰਹਿੰਦੀਆਂ ਹਨ। ਫਿਰ ਵੀ, ਰਵਾਇਤੀ ਸ਼ੁਰੂਆਤੀ ਭੂ-ਤਕਨੀਕੀ ਸਰਵੇਖਣ ਵਿੱਚ ਕਾਫੀ ਸਮਾਂ ਅਤੇ ਲਾਗਤ ਲਗਦੀ ਹੈ। ਕਿਉਂਕਿ ਪ੍ਰੋਜੈਕਟ ਇੰਨੀ ਤੇਜ਼ੀ ਨਾਲ ਅੱਗੇ ਵਧ ਰਹੇ ਹਨ, ਇਹ ਮਹੱਤਵਪੂਰਨ ਮਿੱਟੀ ਦੀ ਜਾਂਚ ਅਕਸਰ ਛੱਡ ਦਿੱਤੀ ਜਾਂਦੀ ਹੈ ਜਾਂ ਸੀਮਤ ਕਰ ਦਿੱਤੀ ਜਾਂਦੀ ਹੈ। ਇਸ ਦਾ ਨਤੀਜਾ? ਅਨਿਸ਼ਚਿਤ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ), ਗੁੰਮਰਾਹਕੁੰਨ ਲਾਗਤ ਅਨੁਮਾਨ ਅਤੇ ਬੋਲੀਕਾਰਾਂ ਲਈ ਗੰਭੀਰ ਵਿੱਤੀ ਜੋਖਮ।

 

ਖੇਤੀਬਾੜੀ-ਬੁਨਿਆਦੀ ਢਾਂਚਾ ਗਠਜੋੜ

ICAR-NBSS ਅਤੇ LUP ਨੇ ਇਸ ਸੂਚਨਾ-ਪਾੜੇ ਨੂੰ ਇੱਕ ਪ੍ਰਮਾਣਿਤ, ਸਮਾਂ-ਪਰਖਿਆ ਤਕਨਾਲੋਜੀ ਦੇ ਜ਼ਰੀਏ ਦੂਰ ਕੀਤਾ ਹੈ, ਜੋ ਪੂਰੇ ਭਾਰਤ ਅਤੇ ਕਈ ਹੋਰ ਦੇਸ਼ਾਂ ਵਿੱਚ ਕੰਮ ਕਰਦੀ ਹੈ। ਸੈਟੇਲਾਈਟ ਰਿਮੋਟ ਸੈਂਸਿੰਗ ਅਤੇ ਮਸ਼ੀਨ ਲਰਨਿੰਗ ਦੀ ਵਰਤੋਂ ਕਰਕੇ, ਆਈਸੀਏਆਰ ਸਾਈਟ-ਵਿਸ਼ੇਸ਼ ਭੂ-ਤਕਨੀਕੀ ਮਿੱਟੀ ਦੇ ਗੁਣਾਂ, ਜਿਵੇਂ ਕਿ ਮਿੱਟੀ ਦੀ ਡੂੰਘਾਈ, ਅਲਟੀਮੇਟ ਬੇਅਰਿੰਗ ਕੈਪੇਸਿਟੀ (ਸਿਵਿਲ ਇੰਜੀਨੀਅਰਿੰਗ ਢਾਂਚੇ ਨੂੰ ਸਮਰਥਨ ਦੇਣ ਵਿੱਚ ਫੈਸਲਾਕੁੰਨ ਕਾਰਕ), ਥੋਕ ਘਣਤਾ ਆਦਿ ਦਾ ਪਹਿਲਾਂ ਹੀ ਅਨੁਮਾਨ ਲਗਾਉਂਦਾ ਹੈ, ਜਿਸ ਲਈ ਜ਼ਮੀਨ ਦੀ ਹੌਲੀ, ਮਹਿੰਗੀ ਅਤੇ ਵਿਘਨਕਾਰੀ ਡ੍ਰਿਲਿੰਗ ਦੀ ਜ਼ਰੂਰਤ ਨਹੀਂ ਹੁੰਦੀ।

 

ਇਹ ਵਿਧੀ ਪੂਰੀ ਤਰ੍ਹਾਂ ਨਾਲ ਸਵੈ-ਚਾਲਿਤ ਪਾਈਪਲਾਈਨ ਦੇ ਤਹਿਤ ਬਹੁ-ਸਰੋਤ ਭੂ-ਸਥਾਨਕ ਇਨਪੁੱਟਸ ‘ਤੇ ਮਸ਼ੀਨ-ਲਰਨਿੰਗ ਰਿਗ੍ਰੇਸ਼ਨ ਮਾਡਲ ਦੀ ਵਰਤੋਂ ਕਰਦੀ ਹੈ। ਸੈਟੇਲਾਈਟ ਇਮੇਜਰੀ, ਡਿਜੀਟਲ ਐਲੀਵੇਸ਼ਨ ਮਾਡਲ, ਟੈਰੇਨ ਸਲੋਪ ਡੈਰੀਵੇਟਿਵਜ਼, ਲਿਥੋਲੌਜੀ, ਅਤੇ ਭੂਮੀਗਤ ਪਾਣੀ ਟੇਬਲਾਂ ਦੀ ਪ੍ਰਕਿਰਿਆ ਕਰਕੇ, ICAR ਦਾ ਮਿੱਟੀ ਵਰਗੀਕਰਣ ਇੰਜਣ ਸਟੀਕ, ਸਾਈਟ-ਵਿਸ਼ੇਸ਼ ਪੂਰਵ-ਅਨੁਮਾਨ ਤਿਆਰ ਕਰਦਾ ਹੈ। ਇਹ ਸਿਸਟਮ ਮਿੱਟੀ ਦੀ ਡੂੰਘਾਈ (ਨਰਮ, ਸਖ਼ਤ, ਜਾਂ ਮਿਸ਼ਰਿਤ ਪਰਤ ਦੀ ਡੂੰਘਾਈ) ਅਤੇ ਹੋਰ ਮਾਪਦੰਡਾਂ ਦੀ ਸਟੀਕ ਭਵਿੱਖਬਾਣੀ ਕਰਦੀ ਹੈ। ਇਨ੍ਹਾਂ ਮਾਪਦੰਡਾਂ ਦੀ ਵਰਤੋਂ ਇੰਜੀਨੀਅਰਿੰਗ ਏਜੰਸੀਆਂ ਦੁਆਰਾ ਸ਼ੁਰੂਆਤੀ ਭੂ-ਤਕਨੀਕੀ ਡਿਜ਼ਾਈਨ, ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (DPR) ਦੀ ਤਿਆਰੀ ਕਰਨ ਅਤੇ ਬੋਲੀ ਤੋਂ ਪਹਿਲਾਂ ਦੀ ਲਾਗਤ ਦੇ ਅਨੁਮਾਨ ਲਈ ਸਿੱਧੇ ਤੌਰ ‘ਤੇ ਕੀਤਾ ਜਾਂਦਾ ਹੈ।

ਰਵਾਇਤੀ ਖੇਤਰ ਸਰਵੇਖਣਾਂ ਦੇ ਮੁਕਾਬਲੇ, ਇਹ ਡਿਜੀਟਲ ਸਮਾਧਾਨ ਲਾਗਤ ਅਤੇ ਸਮਾਂ ਦੋਵਾਂ ਵਿੱਚ 75% ਦੀ ਕਮੀ ਕਰਦਾ ਹੈ। ਤਿੰਨ ਮੈਂਬਰਾਂ ਦੀ ਇੱਕ ਛੋਟੀ ਟੀਮ ਹਰ ਰੋਜ਼ ਲਗਭਗ 1,000 ਕਿਲੋਮੀਟਰ ਲੰਬੇ ਮਾਰਗ ਨੂੰ ਪਾਰ ਕਰ ਸਕਦੀ ਹੈ, ਜਿਸ ਨਾਲ ਇਸ ਨੂੰ ਵੱਡੇ ਪੱਧਰ ‘ਤੇ, ਸਮਾਂਬੱਧ ਰਾਸ਼ਟਰੀ ਯੋਜਨਾਬੰਦੀ ਦੇ ਲਈ ਵਿਸ਼ੇਸ਼ ਤੌਰ ‘ਤੇ ਢੁਕਵਾਂ ਬਣਾਇਆ ਜਾਂਦਾ ਹੈ। ਪੂਰੇ ਭਾਰਤ ਵਿੱਚ 50,000 ਕਿਲੋਮੀਟਰ ਤੋਂ ਵੱਧ ਖੇਤਰ ਵਿੱਚ ਇਸ ਪੂਰਵ-ਅਨੁਮਾਨ ਅਧਾਰਿਤ ਦ੍ਰਿਸ਼ਟੀਕੋਣ ਦੀ ਤਸਦੀਕ ਕਰਨ ਤੋਂ ਬਾਅਦ, ਖੇਤਰ ਵਿੱਚ ਤਸਦੀਕ ਕੀਤੇ ਅੰਕੜਿਆਂ ਦੇ ਮੁਕਾਬਲੇ ਲਗਭਗ 80% ਦੀ ਪੂਰਵ-ਅਨੁਮਾਨ ਸਟੀਕਤਾ (R² ਮੁੱਲ ਲਗਾਤਾਰ 0.78 ਤੋਂ ਵੱਧ ) ਪ੍ਰਾਪਤ ਹੋਇਆ ਹੈ, ਇੱਥੋਂ ਤੱਕ ਕਿ ਘੱਟ ਅੰਕੜਿਆਂ ਵਾਲੇ ਖੇਤਰਾਂ ਵਿੱਚ ਵੀ। ਹੁਣ ਇਨ੍ਹਾਂ ਐਲਗੋਰਿਦਮ ਨੂੰ ਮਿਆਰੀ ਬਣਾ ਦਿੱਤਾ ਗਿਆ ਹੈ।

 

ਆਲਮੀ ਮੌਜੂਦਗੀ ਅਤੇ ਵਣਜ –ਅਧਾਰਿਤ ਭਰੋਸੇਯੋਗਤਾ

ਇਸ ਸਿਸਟਮ ਦਾ ਭਾਰਤ ਦੇ ਬਹੁਤ ਹੀ ਵਿਭਿੰਨ ਭੂਗੌਲਿਕ ਖੇਤਰਾਂ ਵਿੱਚ ਸਖ਼ਤ ਖੇਤਰ-ਪ੍ਰੀਖਣ ਕੀਤਾ ਗਿਆ ਹੈ-ਉੱਤਰਾਖੰਡ ਅਤੇ ਅਸਾਮ ਦੇ ਹਿਮਾਲਿਆਈ ਪਰਬਤੀ ਖੇਤਰਾਂ ਤੋਂ ਲੈ ਕੇ ਰਾਜਸਥਾਨ ਦੇ ਥਾਰ ਮਾਰੂਥਲ ਅਤੇ ਦੱਕਨ ਦੇ ਪਠਾਰ ਅਤੇ ਸਿੰਧੂ-ਗੰਗਾ ਦੇ ਮੈਦਾਨਾਂ ਤੱਕ। ਖੇਤਰੀ ਅੰਕੜਿਆਂ ਦੇ ਅਧਾਰ ‘ਤੇ ਮਿਆਰੀ ਬਣਾਈ ਗਈ ਇਹ ਤਕਨਾਲੋਜੀ ਹੁਣ ਰਾਸ਼ਟਰੀ ਸਰਹੱਦਾਂ ਤੋਂ ਅੱਗੇ ਵਧ ਚੁੱਕੀ ਹੈ। ਮੁੱਖ ਜਨਤਕ ਅਤੇ ਨਿਜੀ ਬੁਨਿਆਦੀ ਢਾਂਚਾਗਤ ਕੰਪਨੀਆਂ ਭਾਰਤ ਅਤੇ ਅੰਤਰਰਾਸ਼ਟਰੀ ਖੇਤਰਾਂ ਵਿੱਚ 2,00,000 ਤੋਂ ਵੱਧ ਰੂਟ-ਕਿਲੋਮੀਟਰ ਦੀ ਮੈਪਿੰਗ ਕਰਨ ਲਈ ਇਸ ਸਿਸਟਮ ਨੂੰ ਅਪਣਾ ਚੁੱਕੀਆਂ ਹਨ, ਜਿਸ ਨਾਲ ਆਈਸੀਏਆਰ ਦੀ ਖੋਜ ਵਿਧੀ ਲਈ ਸੰਸਾਧਨ ਜੁਟਾਉਣ ਦੇ ਨਾਲ-ਨਾਲ ਵਡਮੁੱਲੀ ਵਿਦੇਸ਼ੀ ਮੁਦਰਾ ਦੀ ਬੱਚਤ ਵੀ ਹੋ ਰਹੀ ਹੈ ਅਤੇ ਭਾਰਤੀ ਕੰਪਨੀਆਂ ਨੂੰ ਅੱਗੇ ਵਧਣ ਅਤੇ ਗਲੋਬਲ ਕੰਪਨੀਆਂ ਦੇ ਨਾਲ ਮੁਕਾਬਲੇਬਾਜ਼ੀ ਕਰਨ ਵਿੱਚ ਸਮਰੱਥ ਬਣਾਇਆ ਜਾ ਰਿਹਾ ਹੈ।

 

ਅਡਾਨੀ ਟ੍ਰਾਂਸਮਿਸ਼ਨ ਲਿਮਿਟੇਡ, ਸਟਰਲਾਈਟ ਟੈਕਨੋਲੋਜਿਜ਼ ਲਿਮਿਟੇਡ, ਟਾਟਾ ਪ੍ਰੋਜੈਕਟਸ ਲਿਮਿਟੇਡ ਅਤੇ ਕੇਈਸੀ ਇੰਟਰਨੈਸ਼ਨਲ ਲਿਮਿਟੇਡ ਸਮੇਤ ਪ੍ਰਮੁੱਖ ਆਲਮੀ ਢਾਂਚਾਗਤ ਕੰਪਨੀਆਂ ਨੇ ਇਸ ਸਮਾਧਾਨ ਨੂੰ ਅਪਣਾਇਆ ਹੈ। ਕੇਈਸੀ ਇੰਟਰਨੈਸ਼ਨਲ ਜਿਹੀ ਅੰਤਰਰਾਸ਼ਟਰੀ ਕੰਪਨੀ, ਜੋ ਕਿ 100 ਤੋਂ ਵੱਧ ਦੇਸ਼ਾਂ ਵਿੱਚ ਟ੍ਰਾਂਸਮਿਸ਼ਨ ਲਾਈਨਾਂ ਨੂੰ ਡਿਜ਼ਾਈਨ ਅਤੇ ਇਨ੍ਹਾਂ ਦਾ ਨਿਰਮਾਣ ਕਰਦੀ ਹੈ, ਲਈ ਮਿੱਟੀ ਸਬੰਧੀ ਅੰਕੜੇ ਵਿੱਤੀ ਹੋਂਦ ਲਈ ਇੱਕ ਮਹੱਤਵਪੂਰਵਨ ਨਿਰਧਾਰਕ ਹਨ। ਨੀਂਹ ਸਬੰਧੀ ਗਤੀਵਿਧੀਆਂ ਅਤੇ ਪ੍ਰੋਜੈਕਟ ਜੋਖਮ ਪੂਰੀ ਤਰ੍ਹਾਂ ਨਾਲ ਮਿੱਟੀ ਦੀ ਕਿਸਮ ‘ਤੇ ਨਿਰਭਰ ਕਰਦੇ ਹਨ। ਅਜਿਹੇ ਉਦਯੋਗ ਵਿੱਚ ਜਿੱਥੇ 6,000 ਕਰੋੜ ਰੁਪਏ ਤੋਂ ਵੱਧ ਦੇ ਮਾਲੀਆ ਅਧਾਰ ‘ਤੇ ਮਾਰਜ਼ਿਨ ਵਿੱਚ ਮਾਮੂਲੀ 0.1% ਦੀ ਕਮੀ ਵੀ 6 ਕਰੋੜ ਰੁਪਏ ਦੇ ਸਲਾਨਾ ਨੁਕਸਾਨ ਵਿੱਚ ਬਦਲ ਜਾਂਦੀ ਹੈ, ਮਿੱਟੀ ਬਾਰੇ ਸਟੀਕ ਜਾਣਕਾਰੀ ਬਹੁਤ ਮਹੱਤਵਪੂਰਨ ਹੈ।

 

ਸੰਯੁਕਤ ਅਰਬ ਅਮੀਰਾਤ, ਸਾਊਦੀ ਅਰਬ, ਨਾਈਜ਼ਰ, ਰੂਸ, ਕੀਨੀਆ, ਮੋਰੱਕੋ, ਮੋਲਦੋਵਾ, ਮੈਕਸਿਕੋ, ਮਲੇਸ਼ੀਆ, ਆਬੂ ਧਾਬੀ, ਨੇਪਾਲ, ਬੰਗਲਾਦੇਸ਼ ਅਤੇ ਟਯੂਨੀਸ਼ੀਆ ਵਰਗੇ ਭੂਗੌਲਿਕ ਤੌਰ ‘ਤੇ ਜਟਿਲ (ਗੁੰਝਲਦਾਰ) ਦੇਸ਼ਾਂ ਵਿੱਚ ਟ੍ਰਾਂਸਮਿਸ਼ਨ ਲਾਈਨ ਪ੍ਰੋਜੈਕਟਾਂ ਲਈ ਬੋਲੀ ਲਗਾਉਣ ਸਮੇਂ, ਮਿੱਟੀ ਸਬੰਧੀ ਅੰਕੜਿਆਂ ਦੀ ਕਮੀ ਜਾਂ ਅਸਲ ਸਥਿਤੀ ਦੀ ਨਿਰਪੱਖ/ਸਹੀ ਪ੍ਰਤੀਨਿਧਤਾ ਨਾ ਕਰਨ ਵਾਲੇ ਅੰਕੜੇ ਮੁਨਾਫੇ ਨੂੰ ਪ੍ਰਭਾਵਿਤ ਕਰ ਸਕਦੇ ਹਨ। ਆਈਸੀਏਆਰ ਦੀ ਤਕਨਾਲੋਜੀ ਭਰੋਸੇਯੋਗਤਾ ਤੀਜੀ-ਧਿਰ ਤਸਦੀਕ ਪ੍ਰਦਾਨ ਕਰਦੀ ਹੈ, ਜੋ ਗਾਹਕਾਂ ਜਾਂ ਪ੍ਰੋਜੈਕਟ ਪ੍ਰਬੰਧਕਾਂ ਦੁਆਰਾ ਮਿੱਟੀ ਦੀ ਸਥਿਤੀ ਦੇ ਸਬੰਧ ਵਿੱਚ ਕੀਤੇ ਗਏ ਦਾਅਵਿਆਂ ਦੀ ਜਾਂਚ ਲਈ ਇੱਕ ਨਿਰਪੱਖ ਤਸਦੀਕਕਰਤਾ ਵਜੋਂ ਕੰਮ ਕਰਦੀ ਹੈ, ਜਿਸ ਨਾਲ ਬੋਲੀ ਲਗਾਉਣ ਵਿੱਚ ਭਰੋਸਾ ਵਧਦਾ ਹੈ। ਛੋਟੀ ਲਾਗਤ ਵਾਲੀਆਂ ਬੋਲੀਆਂ ਦੇ ਮਾਮਲੇ ਵਿੱਚ, ਜਿੱਥੇ ਸਮਾਂ ਜਾ ਵਿੱਤੀ ਸਰਹੱਦਾਂ ਦੇ ਕਾਰਨ ਭੌਤਿਕ ਸਰਵੇਖਣ ਸੰਭਵ ਨਹੀਂ ਹੁੰਦੇ, ਇਹ ਪੂਰਵ-ਅਨੁਮਾਨ ਅਧਾਰਿਤ ਡੇਟਾ ਇਸ ਕਮੀ ਨੂੰ ਪੂਰਾ ਕਰਦਾ ਹੈ।

ਰਾਸ਼ਟਰੀ ਤਰੱਕੀ ਦੀ ਪ੍ਰੇਰਕ

ਇਸ ਡੇਟਾ ਅਤੇ ਵਿਸ਼ਲੇਸ਼ਣ ਦੀ ਸਫਲਤਾ ਨੇ ਬੁਨਿਆਦੀ ਢਾਂਚਾਗਤ ਖੇਤਰ ਦੀਆਂ ਦਿੱਗਜ ਕੰਪਨੀਆਂ ਨੂੰ ਆਈਸੀਏਆਰ ਦੀ ਤਕਨਾਲੋਜੀ ਨੂੰ ਵੱਖ ਵੱਖ ਬਿਜ਼ਨਸ ਯੂਨਿਟਾਂ ਵਿੱਚ ਵਿਆਪਕ ਤੌਰ ‘ਤੇ ਲਾਗੂ ਕਰਨ ਲਈ ਪ੍ਰੇਰਿਤ ਕੀਤਾ ਹੈ, ਜਿਸ ਨਾਲ ਇਸ ਦੀ ਉਪਯੋਗਿਤਾ ਪਾਵਰ ਟ੍ਰਾਂਸਮਿਸ਼ਨ ਲਾਈਨਾਂ ਤੋਂ ਅੱਗੇ ਵਧ ਕੇ ਰੇਲਵੇ ਅਤੇ ਸੂਰਜੀ ਊਰਜਾ ਦੀਆਂ ਪ੍ਰਣਾਲੀਆਂ ਅਤੇ ਅੰਡਰਗਰਾਉਂਡ ਕੇਬਲਿੰਗ ਤੱਕ ਵਿਸਤ੍ਰਿਤ ਹੋ ਗਈ ਹੈ।

ਉੱਨਤ ਮਿਟੀ-ਵਿਗਿਆਨ ਦੀ ਵਰਤੋਂ ਕਰਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਨਿਰਮਾਣ ਕੌਰੀਡੋਰਾਂ ਦੇ ਜੋਖਮ ਨੂੰ ਘੱਟ ਕਰਦੇ ਹੋਏ, ਖੇਤੀਬਾੜੀ ਖੋਜ ਨੇ ਖੁਦ ਨੂੰ ਭਾਰਤ ਦੇ ਵਿਆਪਕ ਵਾਧੇ ਲਈ ਇੱਕ ਅਤਿ-ਜ਼ਰੂਰੀ ਚਾਲਕ ਵਜੋਂ ਸਿੱਧ ਕਰ ਦਿੱਤਾ ਹੈ। ਇਹ ਤਕਨਾਲੋਜੀ ਦਰਸਾਉਂਦੀ ਹੈ ਮਿੱਟੀ ਵਿਗਿਆਨ ਵਿੱਚ ਨਿਵੇਸ਼ ਸਿਰਫ਼ ਦੇਸ਼ ਦਾ ਪੇਟ ਨਹੀਂ ਭਰਤਾ, ਸਗੋਂ ਉਸ ਦੇ ਆਲਮੀ ਭਵਿੱਖ ਦੀ ਨੀਂਹ ਵੀ ਤਿਆਰ ਕਰਦਾ ਹੈ। ਇਸ ਸਫਲਤਾ ਦੇ ਅਧਾਰ ‘ਤੇ ਆਈਸੀਏਆਰ ਦੇ ਵਿਗਿਆਨਕ ਹੁਣ 90 ਮੀਟਰ ਰਿਜ਼ੌਲਿਊਸ਼ਨ ਵਾਲੀ ਮਿੱਟੀ ਦੀ ਡੂੰਘਾਈ ਦੀ ਮੈਪਿੰਗ ਅਤੇ ਹਾਲ ਹੀ ਵਿੱਚ ਇਸੇ ਰਿਜ਼ੌਲਿਊਸ਼ਨ ਵਾਲੀ ਮਿੱਟੀ ਦੀ ਬਨਾਵਟ ਦੀ ਮੈਪਿੰਗ ਵਰਗੇ ਪੂਰਵ-ਅਨੁਮਾਨ ਅਧਾਰਿਤ ਡਿਜੀਟਲ ਸੌਇਲ ਮੈਪਿੰਗ ਵੀ ਸਵੈ-ਭਰੋਸੇ ਨਾਲ ਤਿਆਰ ਕਰ ਰਹੇ ਹਨ। ਇਹ ਮੈਪਿੰਗ ਨੇੜਲੇ ਭਵਿੱਖ ਵਿੱਚ ਭਾਰਤ ਨੂੰ ਡਿਜੀਟਲ ਖੇਤੀਬਾੜੀ ਦੀ ਦਿਸ਼ਾ ਵਿੱਚ ਮਜ਼ਬੂਤੀ ਨਾਲ ਅੱਗੇ ਵਧਾਉਣਗੇ, ਵਿਸ਼ੇਸ਼ ਤੌਰ ‘ਤੇ ਭਾਰਤ ਦੇ ਕਿਸਾਨਾਂ ਨੂੰ ਭੂ-ਖੰਡ ਵਿਸ਼ੇਸ਼ ਸਮਾਧਾਨ ਉਪਲਬਧ ਕਰਵਾਉਣ ਵਿੱਚ।

(ਲੇਖਕ ਹਨ: ਐੱਮ.ਐੱਲ. ਜਾਟ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ, ਭਾਰਤ ਸਰਕਾਰ ਦੇ ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ (DARE) ਦੇ ਸਕੱਤਰ ਅਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ICAR) ਦੇ ਡਾਇਰੈਕਟਰ ਜਨਰਲ ਹਨ, ਐੱਨ.ਜੀ. ਪਾਟਿਲ, ICAR-ਨੈਸ਼ਨਲ ਬਿਊਰੋ ਆਫ਼ ਸੌਇਲ ਸਰਵੇ ਐਂਡ ਲੈਂਡ ਯੂਜ਼ ਪਲਾਂਨਿੰਗ (NBSS & LUP), ਨਾਗਪੁਰ ਦੇ ਡਾਇਰੈਕਟਰ ਹਨ)

 

 

 

 

Leave a Reply

Your email address will not be published. Required fields are marked *