ਛੱਤ ਤੋਂ ਏਸੀ ਦਾ ਕੰਪ੍ਰੈਸਰ ਚੋਰੀ, ਝਾੜੀਆਂ ਵਿੱਚ ਤੋੜ ਕੇ ਕੱਢਿਆ ਸਮਾਨ
ਹੁਸ਼ਿਆਰਪੁਰ, 20 ਅਗਸਤ ( ਤਰਸੇਮ ਦੀਵਾਨਾ )

ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਤਾਜ਼ਾ ਮਾਮਲੇ ਵਿੱਚ ਬੱਸ ਸਟੈਂਡ ਰੋਡ ਸਥਿਤ ਮਿਊਂਸਿਪਲ ਕਾਰਪੋਰੇਸ਼ਨ ਦੀ ਦੁਕਾਨ ਨੰਬਰ 21 ਦੀ ਛੱਤ ਉੱਤੇ ਲੱਗਾ ਏਅਰ ਕੰਡੀਸ਼ਨਰ ਦਾ ਕੰਪ੍ਰੈਸਰ ਚੋਰ ਚੋਰੀ ਕਰਕੇ ਲੈ ਗਏ। ਇਹ ਦੁਕਾਨ ਸਿਵਲ ਹਸਪਤਾਲ ਦੀ ਪਿਛਲੀ ਸਾਈਡ ਨਾਲ ਲੱਗਦੀ ਹੈ। ਘਟਨਾ ਕਾਰਨ ਇਲਾਕੇ ਦੇ ਦੁਕਾਨਦਾਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਦੁਕਾਨ ਮਾਲਕ ਵਿਕਰਮ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੀ ਛੱਤ ਉੱਤੇ ਲੱਗਾ ਏਸੀ ਦਾ ਕੰਪ੍ਰੈਸਰ ਅਣਪਛਾਤੇ ਚੋਰ ਰਾਤ ਸਮੇਂ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰ ਕੰਪ੍ਰੈਸਰ ਨੂੰ ਕੁਝ ਦੂਰੀ ਤੱਕ ਲੈ ਗਏ ਅਤੇ ਸਿਵਲ ਹਸਪਤਾਲ ਦੇ ਪਿੱਛੇ ਝਾੜੀਆਂ ਵਿੱਚ ਜਾ ਕੇ ਉਸ ਨੂੰ ਤੋੜ ਦਿੱਤਾ। ਉੱਥੋਂ ਉਨ੍ਹਾਂ ਨੇ ਕੰਪ੍ਰੈਸਰ ਅੰਦਰ ਮੌਜੂਦ ਕੀਮਤੀ ਧਾਤੂ ਅਤੇ ਹੋਰ ਸਮਾਨ ਕੱਢ ਲਿਆ ਅਤੇ ਬਾਕੀ ਹਿੱਸਾ ਉੱਥੇ ਹੀ ਸੁੱਟ ਦਿੱਤਾ।
ਵਿਕਰਮ ਸ਼ਰਮਾ ਨੇ ਦੱਸਿਆ ਕਿ ਦੁਕਾਨਾਂ ਦੀਆਂ ਛੱਤਾਂ ਉੱਤੇ ਜਾਣ ਵਾਲੀਆਂ ਸੀੜ੍ਹੀਆਂ ਦਾ ਰਸਤਾ ਰਾਤ ਸਮੇਂ ਬੰਦ ਕਰ ਦਿੱਤਾ ਜਾਂਦਾ ਹੈ। ਇਸ ਕਾਰਨ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਚੋਰ ਪਿਛਲੀ ਕੰਧ ਟੱਪ ਕੇ ਛੱਤ ਉੱਤੇ ਪਹੁੰਚੇ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਸਵੇਰੇ ਜਦੋਂ ਉਹ ਦੁਕਾਨ ਉੱਤੇ ਪਹੁੰਚੇ ਤਾਂ ਕੰਪ੍ਰੈਸਰ ਗਾਇਬ ਸੀ। ਆਸ-ਪਾਸ ਭਾਲ ਕਰਨ ਦੌਰਾਨ ਸਿਵਲ ਹਸਪਤਾਲ ਦੇ ਪਿੱਛੇ ਝਾੜੀਆਂ ਵਿੱਚ ਉਸ ਦੇ ਟੁੱਟੇ ਹੋਏ ਹਿੱਸੇ ਮਿਲੇ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ। ਵਿਕਰਮ ਸ਼ਰਮਾ ਨੇ ਕਿਹਾ ਕਿ ਸ਼ਹਿਰ ਵਿੱਚ ਲਗਾਤਾਰ ਹੋ ਰਹੀਆਂ ਅਜਿਹੀਆਂ ਚੋਰੀਆਂ ਨੂੰ ਰੋਕਣ ਲਈ ਸਖ਼ਤ ਕਾਰਵਾਈ ਦੀ ਲੋੜ ਹੈ। ਉਨ੍ਹਾਂ ਸਵਾਲ ਉਠਾਇਆ ਕਿ ਚੋਰੀ ਕੀਤਾ ਸਮਾਨ ਆਖਿਰ ਕਿੱਥੇ ਵੇਚਿਆ ਜਾਂਦਾ ਹੈ ਅਤੇ ਇਸ ਨੂੰ ਖਰੀਦਣ ਵਾਲੇ ਕੌਣ ਹਨ। ਪੁਲਿਸ ਨੂੰ ਇਸ ਪੂਰੇ ਨੈੱਟਵਰਕ ਦੀ ਤਹਿ ਤੱਕ ਜਾ ਕੇ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ’ਤੇ ਰੋਕ ਲੱਗ ਸਕੇ।
ਦੁਕਾਨਦਾਰਾਂ ਨੇ ਵੀ ਪ੍ਰਸ਼ਾਸਨ ਤੋਂ ਇਲਾਕੇ ਵਿੱਚ ਰਾਤ ਸਮੇਂ ਗਸ਼ਤ ਵਧਾਉਣ ਅਤੇ ਨਿਗਰਾਨੀ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਚੋਰਾਂ ਦੇ ਹੌਸਲੇ ਹੋਰ ਵੱਧ ਸਕਦੇ ਹਨ।
ਇਸ ਮੌਕੇ ਵਿਕਰਮ ਸ਼ਰਮਾ, ਸਰਬਜੀਤ ਸਿੰਘ, ਜਗਤਾਰ ਸਿੰਘ, ਬਲਵਿੰਦਰ ਸਿੰਘ, ਕੁਲਵੰਤ, ਰਾਜਾ, ਸੰਦੀਪ ਕੁਮਾਰ, ਰਾਕੇਸ਼ ਕੁਮਾਰ ਅਤੇ ਵਰਿੰਦਰ ਸਿੰਘ ਬੇਦੀ ਹਾਜ਼ਰ ਸਨ।
Post Views: 2
