13 ਦਿਨ ਹੋ ਗਏ ਕਿਉਂ ਨਹੀਂ ਹੁਣ ਤੱਕ ਐਫ ਆਈ ਆਰ ਈੇ ਡੀ ਦੇ ਰੈਫਰੈਂਸ ਨੂੰ ਕੀਤਾ ਜਾ ਰਿਹਾ ਹੈ ਅਣਗੌਲਿਆ
ਪੰਜਾਬ ਪੁਲਿਸ ਦੇ ਕੰਮ ਤੇ ਸਾਂਪਲਾ ਨੇ ਚੁੱਕੇ ਸਵਾਲ ਕੀਤੀ ਸੀ ਬੀ ਆਈ ਜਾਂਚ ਦੀ ਮੰਗ

ਹੁਸ਼ਿਆਰਪੁਰ, 20 ਅਗਸਤ ( ਤਰਸੇਮ ਦੀਵਾਨਾ ) –
“ਈੇ ਡੀ ਨੇ ਪੰਜਾਬ ਦੇ ਡੀ ਜੀ ਪੀ ਨੂੰ ਕੋਈ ਸਿਆਸੀ ਪੱਤਰ ਨਹੀਂ ਭੇਜਿਆ ਸਗੋਂ ਪੀ ਐਮ ਅਲ ਐ ਦੀ ਧਾਰਾ 66(2) ਤਹਿਤ ਜਾਂਚ ਦੌਰਾਨ ਪ੍ਰਾਪਤ ਕੀਤੀ ਸਮੱਗਰੀ ਭੇਜੀ ਹੈ ਅਤੇ ਸਪਸ਼ਟ ਤੌਰ ’ਤੇ ਕਿਹਾ ਹੈ ਕਿ ਇਸ ਸਮੱਗਰੀ ਤੋਂ ਸੰਗੀਨ ਅਪਰਾਧ ਕੀਤੇ ਜਾਣ ਦੇ ਸੰਕੇਤ ਮਿਲਦੇ ਹਨ। ਸੁਪਰੀਮ ਕੋਰਟ ਨੇ ਵਾਰ-ਵਾਰ ਕਿਹਾ ਹੈ ਕਿ ਜਦੋਂ ਕਿਸੇ ਸੂਚਨਾ ਤੋਂ ਸੰਗੀਨ ਅਪਰਾਧ ਦਾ ਖੁਲਾਸਾ ਹੁੰਦਾ ਹੈ ਤਾਂ ਅਦਾਲਤ ਵੱਲੋਂ ਨਿਰਧਾਰਤ ਸਿਧਾਂਤਾਂ ਦੇ ਅਧੀਨ ਐਫ ਆਈ ਆਰ ਦਰਜ ਕਰਨਾ ਕਾਨੂੰਨੀ ਤੌਰ ’ਤੇ ਲਾਜ਼ਮੀ ਹੈ। ਪੰਜਾਬ ਪੁਲਿਸ ਵੱਲੋਂ ਪਿਛਲੇ 13 ਦਿਨਾਂ ਤੋਂ ਈੇ ਡੀ ਦੇ ਰੈਫਰੈਂਸ ਨੂੰ ਲੰਬਿਤ ਰੱਖਣਾ ਉਸ ਦੀ ਕਾਰਵਾਈ ਕਰਨ ਦੀ ਇੱਛਾ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਇਸ ਲਈ ਅਸੀਂ ਪੂਰੇ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਕਰਦੇ ਹਾਂ ਇਹ ਗੱਲ ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਹੀ।
ਸਾਂਪਲਾ ਨੇ ਕਿਹਾ ਕਿ ਈੇ ਡੀ ਦਾ ਇਹ ਰੈਫਰੈਂਸ ਇੱਕ ਮਾਮਲੇ ਦੀ ਜਾਂਚ ਦੌਰਾਨ ਇਕੱਠੀ ਕੀਤੀ ਗਈ ਸਮੱਗਰੀ ’ਤੇ ਆਧਾਰਿਤ ਹੈ, ਜਿਸ ਵਿੱਚ ਅਪਰਾਧਿਕ ਸਾਜ਼ਿਸ਼, ਭ੍ਰਿਸ਼ਟਾਚਾਰ, ਗੁਪਤ ਸਰਕਾਰੀ ਜਾਣਕਾਰੀ ਦੇ ਬਿਨਾਂ ਅਧਿਕਾਰ ਲੀਕ ਹੋਣ, ਤਬਾਦਲਿਆਂ ਅਤੇ ਨਿਯੁਕਤੀਆਂ ਵਿੱਚ ਦਖ਼ਲਅੰਦਾਜ਼ੀ, ਸਰਕਾਰੀ ਨੀਤੀਆਂ ਅਤੇ ਟੈਂਡਰਾਂ ਵਿੱਚ ਹੇਰਾਫੇਰੀ, ਗੈਰ-ਕਾਨੂੰਨੀ ਵਿੱਤੀ ਲਾਭ ਅਤੇ ਹੋਰ ਸੰਗੀਨ ਅਪਰਾਧਾਂ ਨਾਲ ਸਬੰਧਤ ਗੰਭੀਰ ਦੋਸ਼ਾਂ ਦਾ ਜ਼ਿਕਰ ਹੈ।
ਉਨ੍ਹਾਂ ਕਿਹਾ ਇਹ ਮਾਮਲਾ ਇਸ ਲਈ ਹੋਰ ਵੀ ਗੰਭੀਰ ਹੋ ਜਾਂਦਾ ਹੈ ਕਿਉਂਕਿ ਈੇ ਡੀ ਦੀ ਜਾਂਚ ਸਮੱਗਰੀ ਵਿੱਚ ਮੁੱਖ ਮੰਤਰੀ ਦਫ਼ਤਰ ਨਾਲ ਓ ਐਸ ਡੀ ਵਜੋਂ ਜੁੜੇ ਰਾਜਬੀਰ ਘੁੰਮਣ ਦਾ ਜ਼ਿਕਰ ਹੈ ਅਤੇ ਸਰਕਾਰੀ ਕੰਮਕਾਜ ਨਾਲ ਸਬੰਧਤ ਮਾਮਲਿਆਂ ਵਿੱਚ ਨਿਤਿਨ ਗੋਹਿਲ ਨਾਲ ਉਨ੍ਹਾਂ ਦੇ ਕਥਿਤ ਤਾਲਮੇਲ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਸਮੱਗਰੀ ਵਿੱਚ ਤਬਾਦਲਿਆਂ ਅਤੇ ਨਿਯੁਕਤੀਆਂ ਤੋਂ ਲੈ ਕੇ ਸਰਕਾਰੀ ਨੀਤੀਆਂ ਟੈਂਡਰਾਂ ਗੁਪਤ ਜਾਣਕਾਰੀ ਜ਼ਮੀਨ ਨਾਲ ਸਬੰਧਤ ਮਾਮਲਿਆਂ, ਲਾਇਸੈਂਸਾਂ ਅਤੇ ਕਥਿਤ ਵਿੱਤੀ ਲਾਭਾਂ ਤੱਕ ਕਈ ਤਰ੍ਹਾਂ ਦੇ ਮੁੱਦਿਆਂ ਦਾ ਜ਼ਿਕਰ ਹੈ। ਇਸ ਨਾਲ ਇੱਕ ਬੁਨਿਆਦੀ ਸਵਾਲ ਖੜ੍ਹਾ ਹੁੰਦਾ ਹੈ ਕਿ ਮੁੱਖ ਮੰਤਰੀ ਦਫ਼ਤਰ ਨਾਲ ਜੁੜੇ ਵਿਅਕਤੀ ਦੇ ਆਲੇ-ਦੁਆਲੇ ਕਥਿਤ ਤੌਰ ’ਤੇ ਇੰਨਾ ਵਿਆਪਕ ਨੈੱਟਵਰਕ ਕਿਵੇਂ ਕੰਮ ਕਰਦਾ ਰਿਹਾ ਅਤੇ ਮੁੱਖ ਮੰਤਰੀ ਨੂੰ ਇਸ ਦੀ ਜਾਣਕਾਰੀ ਤੱਕ ਨਹੀਂ ਹੋਈ? ਉਨ੍ਹਾਂ ਕਿਹਾ ਕਿ ਹੁਣ ਮੁੱਖ ਮੰਤਰੀ ਨੂੰ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਜੇ ਭਗਵੰਤ ਮਾਨ ਨੂੰ ਅਸਲ ਵਿੱਚ ਇਨ੍ਹਾਂ ਕਥਿਤ ਗਤੀਵਿਧੀਆਂ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਉਨ੍ਹਾਂ ਕੋਲ ਲੁਕਾਉਣ ਲਈ ਕੁਝ ਨਹੀਂ ਹੈ ਤਾਂ ਉਨ੍ਹਾਂ ਨੂੰ ਖੁਦ ਸੀ ਬੀ ਆਈ ਜਾਂਚ ਦੀ ਮੰਗ ਕਰਨੀ ਚਾਹੀਦੀ ਹੈ। ਉਹ ਰਾਜ ਦੇ ਗ੍ਰਹਿ ਮੰਤਰੀ ਵੀ ਹਨ ਅਤੇ ਪੰਜਾਬ ਪੁਲਿਸ ਸੂਬਾ ਸਰਕਾਰ ਦੇ ਅਧੀਨ ਕੰਮ ਕਰਦੀ ਹੈ। ਅਜਿਹੀਆਂ ਸਥਿਤੀਆਂ ਵਿੱਚ ਲੋਕਾਂ ਦਾ ਭਰੋਸਾ ਕਾਇਮ ਰੱਖਣ ਅਤੇ ਸੱਚਾਈ ਸਾਹਮਣੇ ਲਿਆਉਣ ਲਈ ਸੁਤੰਤਰ ਕੇਂਦਰੀ ਜਾਂਚ ਜ਼ਰੂਰੀ ਹੈ।
ਸਾਂਪਲਾ ਨੇ ਈੇ.ਡੀ. ਵੱਲੋਂ ਮੰਗੀ ਗਈ ਐਫ.ਆਈ.ਆਰ. ਤੁਰੰਤ ਦਰਜ ਕਰਨ ਸਾਰੇ ਡਿਜ਼ੀਟਲ ਦਸਤਾਵੇਜ਼ੀ ਅਤੇ ਵਿੱਤੀ ਸਬੂਤਾਂ ਨੂੰ ਸੁਰੱਖਿਅਤ ਰੱਖਣ ਅਤੇ ਪੂਰੇ ਮਾਮਲੇ ਦੀ ਸਮੇਂ ਬੱਧ ਸੀ ਬੀ ਆਈ ਜਾਂਚ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਾਂਚ ਵਿੱਚ ਨਿਤਿਨ ਗੋਹਿਲ, ਰਾਜਬੀਰ ਘੁੰਮਣ ਅਤੇ ਈੇ ਡੀ ਦੀ ਸਮੱਗਰੀ ਵਿੱਚ ਨਾਮਜ਼ਦ ਹੋਰ ਸਾਰੇ ਵਿਅਕਤੀਆਂ ਦੀਆਂ ਭੂਮਿਕਾਵਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਭਗਵੰਤ ਮਾਨ ਵਾਰ-ਵਾਰ ਦਾਅਵਾ ਕਰਦੇ ਰਹੇ ਹਨ ਕਿ ਉਨ੍ਹਾਂ ਦੀ ਸਰਕਾਰ ਇਮਾਨਦਾਰੀ ਅਤੇ ਪਾਰਦਰਸ਼ਤਾ ਲਈ ਵਚਨਬੱਧ ਹੈ। ਹੁਣ ਇਸ ਨੂੰ ਸਾਬਤ ਕਰਨ ਦਾ ਸਮਾਂ ਹੈ। ਪੰਜਾਬ ਨੂੰ ਨਿਰਪੱਖ ਜਾਂਚ ਚਾਹੀਦੀ ਹੈ, ਸਪਸ਼ਟੀਕਰਨ ਨਹੀਂ ਐਫ ਆਈ ਆਰ ਚਾਹੀਦੀ ਹੈ ਸਿਆਸੀ ਬਹਾਨੇ ਨਹੀਂ ਅਤੇ ਸੱਚਾਈ ਚਾਹੀਦੀ ਹੈ ਚਾਹੇ ਉਹ ਸੱਚਾਈ ਕੁਝ ਵੀ ਹੋਵੇ ।
