Business:ਹੁਨਰ ਤੋਂ ਕਾਰੋਬਾਰ ਤੱਕ: ਰੁਡਸੈਟ ਜਲੰਧਰ ਵਿੱਚ ਮੁਫ਼ਤ ਫਾਸਟ ਫੂਡ ਸਟਾਲ ਉਦਯਮੀ ਸਿਖਲਾਈ ਦੀ ਸ਼ੁਰੂਆਤ

ਹੁਨਰ ਤੋਂ ਕਾਰੋਬਾਰ ਤੱਕ: ਰੁਡਸੈਟ ਜਲੰਧਰ ਵਿੱਚ ਮੁਫ਼ਤ ਫਾਸਟ ਫੂਡ ਸਟਾਲ ਉਦਯਮੀ ਸਿਖਲਾਈ ਦੀ ਸ਼ੁਰੂਆਤ

ਨੌਜਵਾਨਾਂ ਨੂੰ ਸੁਆਦਲੇ ਵਿਅੰਜਨ ਬਣਾਉਣ ਤੋਂ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕਰਨ ਤੱਕ ਦੀ ਸਿਖਲਾਈ

ਮਾਡਲ ਹਾਊਸ, ਜਲੰਧਰ/Sunil Kumar

 

ਨੌਜਵਾਨਾਂ ਨੂੰ ਹੁਨਰਮੰਦ ਬਣਾਕੇ ਉਨ੍ਹਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕਰਨ ਦੇ ਉਦੇਸ਼ ਨਾਲ ਰੁਡਸੈਟ ਜਲੰਧਰ ਵੱਲੋਂ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਸੰਸਥਾ ਵਿਖੇ ਮੁਫ਼ਤ ਫਾਸਟ ਫੂਡ ਸਟਾਲ ਉਦਯਮੀ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਡਾ. ਸੁਰਜੀਤ ਲਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੋਤੀ ਪ੍ਰਜਵਲਿਤ ਕਰਕੇ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕੀਤਾ।

ਇਸ ਮੌਕੇ ਡਾ. ਸੁਰਜੀਤ ਲਾਲ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਲਈ ਸਿਰਫ਼ ਨੌਕਰੀ ਦੀ ਭਾਲ ਕਰਨ ਦੀ ਬਜਾਏ ਆਪਣਾ ਛੋਟਾ ਕਾਰੋਬਾਰ ਸ਼ੁਰੂ ਕਰਨਾ ਵੀ ਇੱਕ ਵਧੀਆ ਮੌਕਾ ਹੈ। ਉਨ੍ਹਾਂ ਨੇ ਰੁਡਸੈਟ ਜਲੰਧਰ ਵੱਲੋਂ ਨੌਜਵਾਨਾਂ ਨੂੰ ਵਿਹਾਰਕ ਅਤੇ ਰੋਜ਼ਗਾਰਮੁਖੀ ਸਿਖਲਾਈ ਦੇਣ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।

ਉਨ੍ਹਾਂ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫਾਸਟ ਫੂਡ ਦਾ ਕਾਰੋਬਾਰ ਘੱਟ ਪੂੰਜੀ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ ਅਤੇ ਇਸ ਰਾਹੀਂ ਖੁਦ ਰੋਜ਼ਗਾਰ ਦੇ ਨਾਲ-ਨਾਲ ਹੋਰਨਾਂ ਲਈ ਵੀ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਦੇ ਹਨ। ਉਨ੍ਹਾਂ ਨੇ ਸਾਰੇ ਸਿਖਿਆਰਥੀਆਂ ਨੂੰ ਸਿਖਲਾਈ ਦੇ ਹਰ ਪਹਿਲੂ ਨੂੰ ਮਿਹਨਤ ਅਤੇ ਲਗਨ ਨਾਲ ਸਿੱਖਣ ਅਤੇ ਇਸ ਹੁਨਰ ਨੂੰ ਭਵਿੱਖ ਵਿੱਚ ਇੱਕ ਸਫਲ ਕਾਰੋਬਾਰ ਵਿੱਚ ਬਦਲਣ ਲਈ ਪ੍ਰੇਰਿਤ ਕੀਤਾ।

ਰੁਡਸੈਟ ਜਲੰਧਰ ਦੇ ਡਾਇਰੈਕਟਰ ਮੰਜੀਤ ਸਿੰਘ ਨੇ ਕਿਹਾ ਕਿ ਸੰਸਥਾ ਦਾ ਉਦੇਸ਼ ਸਿਰਫ਼ ਸਿਖਲਾਈ ਪ੍ਰਦਾਨ ਕਰਨਾ ਹੀ ਨਹੀਂ, ਸਗੋਂ ਨੌਜਵਾਨਾਂ ਨੂੰ ਸਿਖਲਾਈ ਪੂਰੀ ਕਰਨ ਤੋਂ ਬਾਅਦ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਯੋਗ ਬਣਾਉਣਾ ਵੀ ਹੈ। ਉਨ੍ਹਾਂ ਦੱਸਿਆ ਕਿ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਫਾਸਟ ਫੂਡ ਤਿਆਰ ਕਰਨ, ਸਫ਼ਾਈ, ਕੱਚੇ ਮਾਲ ਦੇ ਪ੍ਰਬੰਧਨ, ਲਾਗਤ ਨਿਰਧਾਰਨ, ਕੀਮਤ ਤੈਅ ਕਰਨ, ਗਾਹਕ ਸੇਵਾ ਅਤੇ ਕਾਰੋਬਾਰ ਚਲਾਉਣ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਜਾਂਦੀ ਹੈ।

ਰੁਡਸੈਟ ਜਲੰਧਰ ਦੇ ਸੀਨੀਅਰ ਫੈਕਲਟੀ ਪ੍ਰਗਟ ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ ਸਮੇਂ-ਸਮੇਂ ‘ਤੇ ਵੱਖ-ਵੱਖ ਸਵੈ-ਰੋਜ਼ਗਾਰ ਆਧਾਰਿਤ ਸਿਖਲਾਈ ਪ੍ਰੋਗਰਾਮ ਕਰਵਾਏ ਜਾਂਦੇ ਹਨ। ਯੋਗ ਸਿਖਿਆਰਥੀਆਂ ਲਈ ਸੰਸਥਾ ਵਿਖੇ ਮੁਫ਼ਤ ਹੋਸਟਲ ਅਤੇ ਭੋਜਨ ਦੀ ਸਹੂਲਤ ਵੀ ਉਪਲਬਧ ਕਰਵਾਈ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਮੋਬਾਈਲ ਰਿਪੇਅਰਿੰਗ, ਫਰਿੱਜ ਅਤੇ ਏਅਰ ਕੰਡੀਸ਼ਨਰ ਰਿਪੇਅਰਿੰਗ, ਮੈਨਜ਼ ਪਾਰਲਰ ਸਮੇਤ ਹੋਰ ਰੋਜ਼ਗਾਰਮੁਖੀ ਸਿਖਲਾਈ ਪ੍ਰੋਗਰਾਮ ਵੀ ਕਰਵਾਏ ਜਾਣਗੇ।

 

ਹੁਨਰ ਸਿੱਖੋ, ਆਪਣਾ ਕਾਰੋਬਾਰ ਸ਼ੁਰੂ ਕਰੋ”

 

ਰੁਡਸੈਟ ਜਲੰਧਰ ਵੱਲੋਂ ਇੱਛੁਕ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਨ੍ਹਾਂ ਮੁਫ਼ਤ ਸਿਖਲਾਈ ਪ੍ਰੋਗਰਾਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਪਣੇ ਹੁਨਰ ਨੂੰ ਸਵੈ-ਰੋਜ਼ਗਾਰ ਅਤੇ ਸਫਲ ਉਦਯਮਿਤਾ ਵਿੱਚ ਬਦਲਣ ਵੱਲ ਕਦਮ ਵਧਾਉਣ।

ਇਸ ਮੌਕੇ ਮੈਡਮ ਮੀਨਲ, ਮੈਡਮ ਦੀਪਿਕਾ, ਮੈਡਮ ਦਵਿੰਦਰ ਕੌਰ, ਮੈਡਮ ਪੂਜਾ ਸ਼ਾਰਦਾ,ਪੰਕਜ ਦਾਸ, ਵਿਸ਼ਾਲ ਸਮੇਤ ਸੰਸਥਾ ਦੇ ਸਟਾਫ਼ ਮੈਂਬਰ ਅਤੇ ਸਿਖਿਆਰਥੀ ਹਾਜ਼ਰ ਸਨ।

 

Leave a Reply

Your email address will not be published. Required fields are marked *