ਭਾਜਪਾ ਦੇ ਕੌਮੀ ਮੀਤ ਪ੍ਰਧਾਨ ਲਾਲ ਸਿੰਘ ਆਰੀਆ ਵੱਲੋਂ 16 ਰੋਜ਼ਾ ‘ਸਮਰਸਤਾ ਸੰਕਲਪ ਯਾਤਰਾ’ ਦਾ ਵਿਸਥਾਰਤ ਰੋਜ਼ਾਨਾ ਪ੍ਰੋਗਰਾਮ ਜਾਰੀ*
*ਜਲੰਧਰ, 17 ਨਵੰਬਰ, 2026: ਸੁਨੀਲ ਕੁਮਾਰ
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਮੀਤ ਪ੍ਰਧਾਨ ਸ੍ਰੀ ਲਾਲ ਸਿੰਘ ਆਰੀਆ ਨੇ ਸੰਤ ਸ਼ਿਰੋਮਣੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੇਸ਼ ਪੱਧਰੀ ‘ਸਮਰਸਤਾ ਸੰਕਲਪ ਯਾਤਰਾ’ ਸਬੰਧੀ ਵਿਸਥਾਰਤ ਜਾਣਕਾਰੀ ਸਾਂਝੀ ਕੀਤੀ ਹੈ।
ਸ੍ਰੀ ਆਰੀਆ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਨਿਤਿਨ ਨਬੀਨ ਦੇ ਮਾਰਗਦਰਸ਼ਨ ਹੇਠ ਪਾਰਟੀ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ ਪੂਰੇ ਦੇਸ਼ ਵਿੱਚ ਸਾਲ ਭਰ ਵਿਆਪਕ ਪੱਧਰ ’ਤੇ ਮਨਾਇਆ ਜਾ ਰਿਹਾ ਹੈ।
ਉਨ੍ਹਾਂ ਕਾਂਗਰਸ ਅਤੇ ਉਸ ਦੀਆਂ ਸਹਿਯੋਗੀ ਸਰਕਾਰਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਪਿਛਲੇ 78 ਸਾਲਾਂ ਦੌਰਾਨ 600ਵੇਂ ਅਤੇ 625ਵੇਂ ਪ੍ਰਕਾਸ਼ ਪੁਰਬ ਮੌਕੇ ਸੰਤ ਗੁਰੂ ਰਵਿਦਾਸ ਜੀ ਨੂੰ ਬਣਦਾ ਸਨਮਾਨ ਦੇਣ ਵਿੱਚ ਇਹ ਸਰਕਾਰਾਂ ਅਸਫਲ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੀ ਸ਼ੁਰੂਆਤ 29 ਜੁਲਾਈ, 2026 ਨੂੰ ਗੁਰੂ ਪੂਰਨਿਮਾ ਵਾਲੇ ਦਿਨ ਕਾਸ਼ੀ ਤੋਂ ਕੀਤੀ ਗਈ ਸੀ। ਇਸ ਤਹਿਤ ਭਾਜਪਾ ਵੱਲੋਂ ਹੁਣ ਤੱਕ 29,000 ਥਾਵਾਂ ’ਤੇ ਕਲਸ਼ ਵੰਦਨਾ ਯਾਤਰਾਵਾਂ ਕੱਢੀਆਂ ਗਈਆਂ ਹਨ, 30,000 ਤੋਂ ਵੱਧ ਸੰਤਾਂ ਨਾਲ ਸੰਪਰਕ ਕੀਤਾ ਗਿਆ ਹੈ ਅਤੇ 51,000 ਥਾਵਾਂ ’ਤੇ ‘ਸਮਰਸ ਦੀਪ ਮਹੋਤਸਵ’ ਕਰਵਾਇਆ ਗਿਆ ਹੈ।
ਇਸ ਮੁਹਿੰਮ ਦੇ ਚੌਥੇ ਪੜਾਅ ਤਹਿਤ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਨਿਤਿਨ ਨਬੀਨ 18 ਨਵੰਬਰ ਨੂੰ ਜਲੰਧਰ ਤੋਂ 16 ਰੋਜ਼ਾ ਅਤੇ 2,402 ਕਿਲੋਮੀਟਰ ਲੰਬੀ ‘ਸਮਰਸਤਾ ਸੰਕਲਪ ਯਾਤਰਾ’ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਹ ਯਾਤਰਾ ਸੱਤ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਲੰਘੇਗੀ, ਜਿਨ੍ਹਾਂ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਚੰਡੀਗੜ੍ਹ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਸ਼ਾਮਲ ਹਨ। ਇਹ ਯਾਤਰਾ 3 ਦਸੰਬਰ ਨੂੰ ਕਾਸ਼ੀ ਵਿਖੇ ਸਮਾਪਤ ਹੋਵੇਗੀ।
ਯਾਤਰਾ ਦੇ ਰੋਜ਼ਾਨਾ ਦੇ ਜ਼ਮੀਨੀ ਪੱਧਰ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਆਰੀਆ ਨੇ ਦੱਸਿਆ ਕਿ ਯਾਤਰਾ ਦੇ ਰੂਟ ਦੌਰਾਨ ਹਰ ਰੋਜ਼ ਅੱਠ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਣਗੇ।
1. ਸਫ਼ਾਈ ਮੁਹਿੰਮ: ਯਾਤਰਾ ਦੌਰਾਨ ਸਵੱਛਤਾ ਅਭਿਆਨ ਚਲਾਇਆ ਜਾਵੇਗਾ।
2. ਮੰਦਰਾਂ ਵਿੱਚ ਨਤਮਸਤਕ ਹੋਣਾ: ਮੰਦਰਾਂ ਵਿੱਚ ਜਾ ਕੇ ਪੂਜਾ-ਅਰਚਨਾ ਕੀਤੀ ਜਾਵੇਗੀ ਅਤੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਤਸਵੀਰ ਸਥਾਪਤ ਕੀਤੀ ਜਾਵੇਗੀ।
3. ਸਮਰਸਤਾ ਸੰਵਾਦ: ਅਨੁਸੂਚਿਤ ਜਾਤੀ ਭਾਈਚਾਰੇ ਦੇ ਮੈਂਬਰਾਂ ਨਾਲ ਸਮਾਜਿਕ ਸਦਭਾਵਨਾ ਅਤੇ ਸਮਾਨਤਾ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
4. ਮਹਾਨ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ: ਕੌਮੀ ਨਾਇਕਾਂ ਅਤੇ ਮਹਾਨ ਸ਼ਖ਼ਸੀਅਤਾਂ ਦੇ ਬੁੱਤਾਂ ’ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਜਾਵੇਗੀ।
5. ਸਵਾਗਤੀ ਸਮਾਗਮ: ਯਾਤਰਾ ਦੇ ਰਸਤੇ ਵਿੱਚ ਵੱਖ-ਵੱਖ ਥਾਵਾਂ ’ਤੇ ਯਾਤਰਾ ਦਾ ਸਵਾਗਤ ਕੀਤਾ ਜਾਵੇਗਾ।
6. ਜ਼ਿਲ੍ਹਾ ਪੱਧਰੀ ਮੀਟਿੰਗ: ਦਿਨ ਸਮੇਂ ਆਡੀਟੋਰੀਅਮ ਵਿੱਚ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਜਾਵੇਗੀ।
7. ਵੱਡੀ ਜਨਤਕ ਰੈਲੀ: ਸ਼ਾਮ ਸਮੇਂ ਖੁੱਲ੍ਹੇ ਮੈਦਾਨ ਵਿੱਚ ਵਿਸ਼ਾਲ ਜਨਤਕ ਰੈਲੀ ਕੀਤੀ ਜਾਵੇਗੀ।
8. ਸਮਰਸਤਾ ਭੋਜ: ਸ਼ਾਮ ਦੀ ਰੈਲੀ ਤੋਂ ਬਾਅਦ ਸਮਾਜਿਕ ਸਦਭਾਵਨਾ ਅਤੇ ਭਾਈਚਾਰਕ ਏਕਤਾ ਦਾ ਸੰਦੇਸ਼ ਦੇਣ ਲਈ ਸਮਰਸਤਾ ਭੋਜ ਕਰਵਾਇਆ ਜਾਵੇਗਾ।
ਸ੍ਰੀ ਆਰੀਆ ਨੇ ਦੱਸਿਆ ਕਿ ਇਸ ਯਾਤਰਾ ਦੌਰਾਨ 100 ਤੋਂ ਵੱਧ ਛੋਟੇ ਇਕੱਠ ਅਤੇ 17 ਵੱਡੀਆਂ ਜਨਤਕ ਰੈਲੀਆਂ ਕੀਤੀਆਂ ਜਾਣਗੀਆਂ। ਇਨ੍ਹਾਂ ਰੈਲੀਆਂ ਨੂੰ ਕੇਂਦਰੀ ਮੰਤਰੀਆਂ ਅਤੇ ਭਾਜਪਾ ਦੇ ਕੌਮੀ ਅਹੁਦੇਦਾਰਾਂ ਵੱਲੋਂ ਸੰਬੋਧਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਮੁੱਖ ਉਦੇਸ਼ ਸੰਤ ਗੁਰੂ ਰਵਿਦਾਸ ਜੀ ਮਹਾਰਾਜ ਦੇ ਸਦੀਵੀ ਸੰਦੇਸ਼ ‘ਬੇਗਮਪੁਰਾ’ ਅਤੇ ਸਮਾਜਿਕ ਸਮਾਨਤਾ ਦੇ ਸਿਧਾਂਤਾਂ ਨੂੰ ਦੇਸ਼ ਦੇ ਹਰ ਘਰ ਤੱਕ ਪਹੁੰਚਾਉਣਾ ਹੈ।
