ਬਾਬਾ ਦੀਪ ਸਿੰਘ ਨਗਰ ਦੇ ਤਿੰਨ ਬੱਚੇ ਨਵੀਂ ਦਿੱਲੀ ਤੋਂ ਸੁਰੱਖਿਅਤ ਮਿਲੇ ਕੋਈ ਅਗਵਾ ਨਹੀਂ, ਬੱਚੇ ਆਪ ਹੀ ਘਰੋਂ ਚਲੇ ਗਏ ਸਨ

ਕਪੂਰਥਲਾ, 6 ਅਗਸਤ:/ ਰੋਜ਼ਾਨਾਂ ਰਿਪੋਰਟਰ
ਕਪੂਰਥਲਾ ਪੁਲਿਸ ਨੇ ਬਾਬਾ ਦੀਪ ਸਿੰਘ ਨਗਰ ਤੋਂ 2 ਅਗਸਤ ਨੂੰ ਲਾਪਤਾ ਹੋਏ ਤਿੰਨ ਬੱਚਿਆਂ ਨੂੰ ਸੁਰੱਖਿਅਤ ਲੱਭ ਲਿਆ ਹੈ। ਤੇਜ਼ੀ ਨਾਲ ਕੀਤੀ ਗਈ ਜਾਂਚ ਤੋਂ ਬਾਅਦ ਬੱਚੇ ਨਵੀਂ ਦਿੱਲੀ ਵਿੱਚ ਮਿਲੇ ਅਤੇ ਉਨ੍ਹਾਂ ਨੂੰ ਪਰਿਵਾਰਾਂ ਨਾਲ ਮਿਲਾ ਦਿੱਤਾ ਗਿਆ।
ਐਸ.ਐਸ.ਪੀ ਗੌਰਵ ਤੂਰਾ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੰਜੈ ਮਾਹਤੋ, ਜੋ ਕਿ ਮੂਲ ਰੂਪ ਵਿੱਚ ਵਾਰਡ ਨੰ. 6, ਨੀਲਕੰਠ, ਜ਼ਿਲ੍ਹਾ ਸੀਤਾਮੜ੍ਹੀ, ਬਿਹਾਰ ਦਾ ਰਹਿਣ ਵਾਲਾ ਹੈ ਅਤੇ ਹਾਲ ਹੀ ਵਿੱਚ ਗਲੀ ਨੰ. 2, ਬਾਬਾ ਦੀਪ ਸਿੰਘ ਨਗਰ ਵਿਖੇ ਰਹਿ ਰਿਹਾ ਹੈ, ਨੇ ਰਿਪੋਰਟ ਦਰਜ ਕਰਵਾਈ ਸੀ ਕਿ ਉਸ ਦਾ ਨੌਂ ਸਾਲਾ ਪੁੱਤਰ ਚੰਦਨ ਕੁਮਾਰ, ਗੁਆਂਢ ਦੇ ਦੋ ਹੋਰ ਬੱਚਿਆਂ ਨਾਲ ਬਾਹਰ ਖੇਡਦੇ ਸਮੇਂ ਲਾਪਤਾ ਹੋ ਗਿਆ ਸੀ। ਇਹ ਖ਼ਦਸ਼ਾ ਜਤਾਉਂਦਿਆਂ ਕਿ ਬੱਚਿਆਂ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਬੰਧਕ ਬਣਾ ਕੇ ਰੱਖਿਆ ਗਿਆ ਹੈ, ਸ਼ਿਕਾਇਤਕਰਤਾ ਨੇ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਥਾਣਾ ਸਿਟੀ ਕਪੂਰਥਲਾ ਵਿਖੇ ਭਾਰਤੀ ਨਿਆਇ ਸੰਹਿਤਾ ਦੀ ਧਾਰਾ 127(6) ਤਹਿਤ ਐਫ.ਆਈ.ਆਰ.ਦਰਜ ਕੀਤੀ ਗਈ ਸੀ।
ਐਸ.ਐਸ.ਪੀ. ਨੇ ਦੱਸਿਆ ਕਿ ਥਾਣਾ ਸਿਟੀ ਦੇ ਐਸ.ਐਚ.ਓ. ਸਬ-ਇੰਸਪੈਕਟਰ ਰਣਜੀਤ ਸਿੰਘ ਅਤੇ ਸਬ-ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬੱਚਿਆਂ ਨੂੰ ਨਾ ਤਾਂ ਅਗਵਾ ਕੀਤਾ ਗਿਆ ਸੀ ਅਤੇ ਨਾ ਹੀ ਗੈਰ-ਕਾਨੂੰਨੀ ਢੰਗ ਨਾਲ ਬੰਧਕ ਬਣਾਇਆ ਗਿਆ ਸੀ। ਸਗੋਂ ਉਹ ਆਪ ਹੀ ਘਰੋਂ ਚਲੇ ਗਏ ਸਨ ਅਤੇ ਰੇਲਗੱਡੀ ਰਾਹੀਂ ਨਵੀਂ ਦਿੱਲੀ ਪਹੁੰਚ ਗਏ ਸਨ।
ਜ਼ਿਲ੍ਹਾ ਪੁਲਿਸ ਵਲੋਂ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਸਬ-ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੂੰ ਨਵੀਂ ਦਿੱਲੀ ਭੇਜਿਆ ਗਿਆ। ਸਾਰੀਆਂ ਲੋੜੀਂਦੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ, ਟੀਮ ਬੱਚਿਆਂ ਨੂੰ ਸੁਰੱਖਿਅਤ ਵਾਪਸ ਲੈ ਆਈ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾ ਦਿੱਤਾ।
ਐਸ.ਐਸ.ਪੀ. ਗੌਰਵ ਤੂਰਾ ਨੇ ਥਾਣਾ ਸਿਟੀ ਦੀ ਟੀਮ ਦੀ ਤੁਰੰਤ ਕਾਰਵਾਈ, ਪੇਸ਼ੇਵਰ ਜਾਂਚ ਅਤੇ ਬੱਚਿਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ
